ਫਰਨੀਚਰ ਤੇ ਹੋਰ ਸਮਾਨ ਰਾਹੀਂ ਪੰਜਾਬ ਪਹੁੰਚ ਰਿਹੈ ਨਜਾਇਜ਼ ਅਸਲਾ
Saturday, Jul 25, 2020 - 07:07 PM (IST)
ਲੁਧਿਆਣਾ- ਨਜਾਇਜ਼ ਅਸਲੇ ਦੇ ਇਸਤੇਮਾਲ ਦੇ ਗੜ੍ਹ ਮੰਨੇ ਜਾਣ ਵਾਲੇ ਰਾਜਸਥਾਨ, ਯੂ. ਪੀ. ਅਤੇ ਬਿਹਾਰ ਤੋਂ ਬਾਅਦ ਹੁਣ ਪੰਜਾਬ ਵੀ ਅਜਿਹੀ ਕੈਟਾਗਰੀ 'ਚ ਸ਼ਾਮਲ ਹੋਣ ਦੀ ਕਗਾਰ 'ਤੇ ਹੈ, ਕਿਉਂਕਿ ਇਥੇ ਹੋਣ ਵਾਲੇ 80 ਫੀਸਦੀ ਯੋਜਨਾਬੱਧ ਕ੍ਰਾਈਮ 'ਚ ਨਜਾਇਜ਼ ਅਸਲਿਆਂ ਦਾ ਇਸਤੇਮਾਲ ਹੋਇਆ ਹੈ। ਇਹ ਅਸਲਾ ਫਰਨੀਚਰ ਅਤੇ ਹੋਰ ਸਮਾਨ ਦੀ ਡਿਲੀਵਰੀ ਦੀ ਆੜ 'ਚ ਭੇਜਿਆ ਜਾ ਰਿਹਾ ਹੈ। ਉਥੇ ਹੀ ਇਨ੍ਹਾਂ ਹਥਿਆਰਾਂ ਦਾ ਇਸਤੇਮਾਲ ਕਤਲ, ਕਤਲ ਦੀ ਕੋਸ਼ਿਸ਼, ਡਕੈਤੀ ਅਤੇ ਲੁੱਟ ਜਿਹੀਆਂ ਵਾਰਦਾਤਾਂ 'ਚ ਕੀਤਾ ਗਿਆ ਹੈ।ਨਜਾਇਜ਼ ਅਸਲੇ ਨੂੰ ਪੰਜਾਬ 'ਚ ਲਿਆਉਣ ਦਾ ਜ਼ਰੀਆ ਜੇਲਾਂ 'ਚ ਬੰਦ ਅਪਰਾਧੀ ਹਨ। ਵੈਸੇ ਆਨ ਰਿਕਾਰਡ ਗੱਲ ਕਰੀਏ ਤਾਂ ਲੁਧਿਆਣਾ 'ਚ 16 ਹਜ਼ਾਰ ਦੇ ਕਰੀਬ ਅਸਲਾ ਲਾਈਸੈਂਸ ਧਾਰਕਾਂ ਕੋਲ 18 ਹਜ਼ਾਰ 500 ਅਸਲੇ ਹਨ।
3 ਸਾਲ 'ਚ 1350 ਨਜਾਇਜ਼ ਹਥਿਆਰ ਫੜੇ ਜਾ ਚੁਕੇ ਹਨ
ਸੂਤਰਾਂ ਮੁਤਾਬਕ ਤਾਂ ਪੰਜਾਬ 'ਚ 6 ਮਹੀਨਿਆਂ 'ਚ 86 ਨਜਾਇਜ਼ ਹਥਿਆਰ ਬਰਾਮਦ ਹੋਏ। ਇਨ੍ਹਾਂ 'ਚੋਂ 24 ਹਥਿਆਰ ਲੁਧਿਆਣਾ ਪੁਲਸ ਨੇ ਸਿਰਫ 4 ਮਹੀਨਿਆਂ 'ਚ ਬਰਾਮਦ ਕੀਤੇ। ਜਿਸ 'ਚ 19 ਪਿਸਤੌਲ ਅਤੇ 5 ਦੇਸੀ ਕੱਟੇ ਸ਼ਾਮਲ ਹਨ। ਇਸ ਤੋਂ ਪਿੱਛੇ ਚਲੇ ਜਾਈਏ ਤਾਂ ਪਿਛਲੇ 3 ਸਾਲਾਂ 'ਚ ਪੰਜਾਬ 'ਚ 1350 ਦੇ ਕਰੀਬ ਨਜਾਇਜ਼ ਹਥਿਆਰ ਮਿਲ ਚੁਕੇ ਹਨ। ਜਿਸ ਬਾਰੇ ਖੁਦ ਡੀ. ਜੀ. ਪੀ. ਨੇ ਪ੍ਰੈਸ ਕਾਨਫਰੰਸ 'ਚ ਦੱਸਿਆ ਸੀ। ਇਨ੍ਹਾਂ ਸਭ ਦਾ ਸਰੋਤ ਕਿਤੇ ਨਾ ਕਿਤੇ ਜੇਲਾਂ ਨਾਲ ਜੁੜਿਆ ਹੈ। ਨਤੀਜੇ ਵਜੋਂ 4 ਮਹੀਨਿਆਂ 'ਚ ਗੋਲੀਬਾਰੀ ਦੇ 17 ਕੇਸ ਹੋਏ, ਇਸ 'ਚ 90 ਫੀਸਦੀ 'ਚ 32 ਬੋਰ ਦਾ ਇਸਤੇਮਾਲ ਹੋਇਆ। ਇਨ੍ਹਾਂ ਗੈਂਗਸਟਰਾਂ ਨੂੰ ਸਪਲਾਈ ਦਿਲਵਾਉਣ 'ਚ ਵੀ ਕਮਿਸ਼ਨ ਮਿਲਦੀ ਹੈ, ਜੋ ਕਿ ਇਨ੍ਹਾਂ ਦੇ ਪਰਿਵਾਰਾਂ ਤਕ ਪਹੁੰਚ ਜਾਂਦੀ ਹੈ।
ਰੂਟ ਤੇ ਰੇਟ ਆਪਣਾ-ਆਪਣਾ
ਤਾਲਾਬੰਦੀ 'ਚ ਲੁਧਿਆਣਾ 'ਚ ਕੋਈ ਅਸਲਾ ਨਹੀਂ ਆਇਆ ਪਰ ਜੋ ਪੁਲਸ ਨੇ ਬਰਾਮਦ ਕੀਤੇ ਉਹ ਪਹਿਲਾਂ ਹੀ ਮੰਗਵਾਏ ਗਏ ਸਨ। ਸਭ ਤੋਂ ਜ਼ਿਆਦਾ ਨਜਾਇਜ਼ ਅਸਲਾ ਯੂ. ਪੀ. ਅਤੇ ਬਿਹਾਰ ਤੋਂ ਦਿੱਲੀ ਦੇ ਰਸਤੇ ਬੱਸ ਅਤੇ ਟਰੇਨਾਂ 'ਚ ਪੰਜਾਬ ਆਉਂਦਾ ਹੈ। ਘੱਟ ਹੀ ਮਾਮਲਿਆਂ 'ਚ ਦੋਸ਼ੀ ਨਿਜੀ ਵਾਹਨ ਇਸਤੇਮਾਲ ਕਰਦੇ ਹਨ। ਇਸ ਨੂੰ ਕਿਸੇ ਬੈਗ ਜਾਂ ਜੇਬਾਂ 'ਚ ਲੁਕੋ ਕੇ ਨਹੀਂ ਬਲਕਿ ਫਰਨੀਚਰ ਅਤੇ ਪ੍ਰੋਡਕਟ ਡਿਲੀਵਰੀ ਬਾਕਸ 'ਚ ਲਿਆਇਆ ਜਾ ਰਿਹਾ ਹੈ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ। ਪਿਛਲੇ ਦਿਨੀਂ ਜਵਾਹਰ ਨਗਰ ਕੈਂਪ ਤੋਂ 6 ਅਸਲਿਆਂ ਸਮੇਤ ਫੜੇ 3 ਦੋਸ਼ੀਆਂ ਨੇ ਕਬੂਲ ਕੀਤਾ ਸੀ ਕਿ ਅਸਲੇ ਸੋਫੇ 'ਚ ਪਾ ਕੇ ਭੇਜੇ ਗਏ ਸਨ। ਰਾਜਸਥਾਨ ਦੇ ਜ਼ਰੀਏ ਵੀ ਕੁੱਝ ਅਸਲੇ ਪੰਜਾਬ 'ਚ ਆਉਂਦੇ ਹਨ ਪਰ ਇਹ ਅਸਲੇ ਉਹ ਹਨ, ਜੋ ਕਿ ਸਰਹੱਦ ਪਾਰ ਤੋਂ ਭੇਜੇ ਜਾਂਦੇ ਹਨ। 32 ਬੋਰ ਦੇ ਇਨ੍ਹਾਂ ਅਸਲਿਆਂ ਦੀ ਰੇਂਜ ਯੂ. ਪੀ. 'ਚ 35 ਹਜ਼ਾਰ ਤੋਂ ਸ਼ੁਰੂ ਹੁੰਦੀ ਹੈ ਅਤੇ ਬਿਹਾਰ 'ਚ 50 ਤੋਂ 55 ਹਜ਼ਾਰ 'ਚ ਉਹ ਅਸਾਨੀ ਨਾਲ ਮਿਲ ਜਾਂਦੇ ਹਨ।
ਹਰ ਅਸਲੇ ਦੇ ਵੱਖਰੇ-ਵੱਖਰੇ ਡੀਲਰ
ਪੁਲਸ ਮੁਤਾਬਕ ਹੁਣ ਤਕ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਅਸਲਿਆਂ ਦੇ ਡੀਲਰ ਇਕ ਨਹੀਂ। ਇਨ੍ਹਾਂ 'ਚ ਕੋਈ ਲਖਨਊਂ ਤੋਂ ਲਿਆਇਆ ਤਾਂ ਕੋਈ ਬਿਹਾਰ ਤੋਂ। ਲੁਧਿਆਣਾ ਦੇ ਪੁਲਸ ਕਮਿਸ਼ਨ ਰਾਕੇਸ਼ ਅਗਰਵਾਲ ਨੇ ਕਿਹਾ ਕਿ ਡੀ. ਸੀ. ਪੀ. ਡਿਟੈਕਟਿਵ ਦੀ ਅਗਵਾਈ 'ਚ ਟੀਮ ਬਣਾਈ ਗਈ ਹੈ ਅਤੇ ਇਸ ਸਪਲਾਈ ਚੇਨ ਨੂੰ ਕੰਟਰੋਲ ਕੀਤਾ ਗਿਆ ਹੈ।