ਪੰਜਾਬ/ਹਿਮਾਚਲ ''ਚ ਆਮ ਵਾਂਗ ਹੋਇਆ ਬੱਸਾਂ ਦਾ ਸੰਚਾਲਨ, ਦਿੱਲੀ ਰੂਟ ''ਤੇ ਅੱਜ ਹੋਵੇਗਾ ਟਰਾਇਲ

11/28/2020 1:49:14 AM

ਜਲੰਧਰ,(ਪੁਨੀਤ)- ਬੀਤੇ ਦਿਨ ਕਿਸਾਨਾਂ ਦੇ ਰੋਸ ਪ੍ਰਦਰਸ਼ਨ ਅਤੇ ਰੋਡਵੇਜ਼ ਕਰਮਚਾਰੀਆਂ ਦੀ ਹੜਤਾਲ ਕਾਰਣ ਠੱਪ ਰਿਹਾ ਸਰਕਾਰੀ ਬੱਸਾਂ ਦਾ ਸੰਚਾਲਨ ਅੱਜ ਤੋਂ ਸ਼ੁਰੂ ਹੋ ਗਿਆ। ਇਸ ਕ੍ਰਮ 'ਚ ਵਿਭਾਗ ਨੇ ਪੰਜਾਬ ਦੇ ਸਾਰੇ ਰੂਟ ਚਾਲੂ ਕਰ ਦਿੱਤੇ, ਜਿਸ 'ਚ ਹਰਿਆਣਾ ਦੇ ਰਸਤੇ 'ਚ ਆਉਂਦਾ ਰਾਜਪੁਰਾ, ਜੰਮੂ ਨਾਲ ਲੱਗਦਾ ਪਠਾਨਕੋਟ ਅਤੇ ਹਿਮਾਚਲ ਨਾਲ ਲੱਗਦਾ ਹੁਸ਼ਿਆਰਪੁਰ, ਨੰਗਲ, ਰੋਪੜ ਅਤੇ ਚੰਡੀਗੜ੍ਹ ਸ਼ਾਮਲ ਹੈ। ਉਥੇ ਹੀ ਹਿਮਾਚਲ ਲਈ ਚੱਲੇ ਰੂਟਾਂ 'ਚ ਮੁੱਖ ਤੌਰ 'ਤੇ ਸ਼ਿਮਲਾ, ਧਰਮਸ਼ਾਲਾ ਆਦਿ ਸ਼ਾਮਲ ਰਹੇ। ਪੰਜਾਬ/ਹਿਮਾਚਲ 'ਚ ਸੰਚਾਲਨ ਦੇ ਆਮ ਵਾਂਗ ਹੋਣ ਅਤੇ ਚੰਡੀਗੜ੍ਹ ਦੀਆਂ ਬੱਸਾਂ ਰੂਟੀਨ ਮੁਤਾਬਕ ਪੰਜਾਬ ਆਉਣ ਨਾਲ ਯਾਤਰੀਆਂ ਨੂੰ ਵੱਡੀ ਰਾਹਤ ਮਿਲੀ। ਸਵੇਰੇ 6 ਵਜੇ ਸ਼ੁਰੂ ਹੋਇਆ ਸੰਚਾਲਨ ਸ਼ਾਮ ਤੱਕ ਵੱਡੀ ਗਿਣਤੀ 'ਚ ਜਾਰੀ ਰਿਹਾ, ਜਦੋਂ ਕਿ ਸ਼ਾਮ ਵੇਲੇ ਬੱਸਾਂ ਦੀ ਆਵਾਜਾਈ ਘੱਟ ਹੋਈ। ਵਿਭਾਗ ਨੇ ਹਰਿਆਣਾ 'ਚ ਚੱਲ ਰਹੇ ਅੰਦੋਲਨ ਨੂੰ ਵੇਖਦਿਆਂ ਬੱਸਾਂ ਨੂੰ ਪੰਜਾਬ ਤੋਂ ਅੱਗੇ ਨਹੀਂ ਭੇਜਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਤ 8 ਵਜੇ ਤੱਕ ਦੀ ਸੂਚਨਾ ਮੁਤਾਬਕ ਰਸਤੇ ਖੁੱਲ੍ਹਣ ਦੇ ਆਸਾਰ ਹਨ, ਜਿਸ ਕਾਰਣ ਸ਼ਨੀਵਾਰ ਨੂੰ ਸਵੇਰੇ ਟਰਾਇਲ ਲਈ ਦਿੱਲੀ ਰੂਟ 'ਤੇ ਅੰਬਾਲਾ ਲਈ ਬੱਸ ਰਵਾਨਾ ਕੀਤੀ ਜਾਵੇਗੀ। ਇਸ ਕ੍ਰਮ 'ਚ ਮਾਹੌਲ ਸਹੀ ਰਿਹਾ ਤਾਂ ਕੱਲ ਪੂਰਾ ਦਿਨ ਹਰਿਆਣਾ ਲਈ ਸੰਚਾਲਨ ਆਮ ਵਾਂਗ ਚਲਾਇਆ ਜਾਵੇਗਾ। ਦਿੱਲੀ ਰੂਟ ਬਾਰੇ ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਸੰਘਰਸ਼ ਅਜੇ ਜਾਰੀ ਹੈ ਜਿਸ ਕਾਰਣ ਵਿਭਾਗ ਕਿਸੇ ਵੀ ਤਰ੍ਹਾਂ ਦਾ ਕੋਈ ਰਿਸਕ ਨਹੀਂ ਲੈਣਾ ਚਾਹੁੰਦਾ। ਇਸ ਕਾਰਣ ਟਰਾਇਲ ਸਹੀ ਰਹਿਣ 'ਤੇ ਇਸ ਰੂਟ ਦਾ ਫੈਸਲਾ ਲਿਆ ਜਾਵੇਗਾ।

ਇਹ ਵੀ ਪੜ੍ਹੋ : ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਦਾ ਐਲਾਨ, ਪੰਜਾਬ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ  


ਰੋਜ਼ਾਨਾ ਮੁਸਾਫਿਰਾਂ ਨੂੰ ਵੀ ਹੋਈ ਪ੍ਰੇਸ਼ਾਨੀ

ਹੜਤਾਲ ਖੁੱਲ੍ਹਣ ਕਾਰਣ ਬੱਸਾਂ ਚੱਲਣ ਦੇ ਬਾਵਜੂਦ ਰੋਜ਼ਾਨਾ ਮੁਸਾਫਿਰਾਂ ਨੂੰ ਮੁਸ਼ਕਿਲ ਪੇਸ਼ ਆਈ। ਇਸ ਕ੍ਰਮ 'ਚ ਅੰਮ੍ਰਿਤਸਰ, ਲੁਧਿਆਣਾ ਦੇ ਯਾਤਰੀਆਂ ਨੂੰ ਬੱਸਾਂ ਲਈ ਇੰਤਜਾਰ ਕਰਣਾ ਪਿਆ। ਅੰਮ੍ਰਿਤਸਰ ਤੋਂ ਜਲੰਧਰ ਆਉਣ ਵਾਲੇ ਯਾਤਰੀਆਂ ਦਾ ਕਹਿਣਾ ਹੈ ਕਿ ਸ਼ਾਮ ਨੂੰ 6-7 ਵਜੇ ਤੋਂ ਬਾਅਦ ਬਸਾਂ ਬੇਹੱਦ ਮੁਸ਼ਕਲ ਨਾਲ ਮਿਲਦੀਆਂ ਹਨ। ਜੋ ਬਸਾਂ ਆਉਂਦੀਆਂ ਹਨ, ਉਨ੍ਹਾਂ 'ਚ ਵੀ ਸੀਟਾਂ ਭਰੀਆਂ ਹੁੰਦੀਆਂ ਹਨ ਜੋਕਿ ਪ੍ਰੇਸ਼ਾਨੀ ਦਾ ਸਬੱਬ ਬਣਦਾ ਹੈ। ਯਾਤਰੀਆਂ ਨੇ ਕਿਹਾ ਕਿ ਪੰਜਾਬ ਰੋਡਵੇਜ ਨੂੰ ਚਾਹੀਦਾ ਹੈ ਕਿ ਉਹ ਯਾਤਰੀਆਂ ਦੀ ਸਹੂਲਤ ਲਈ ਅੰਮ੍ਰਿਤਸਰ ਅਤੇ ਲੁਧਿਆਣਾ ਰੂਟ 'ਤੇ ਸ਼ਾਮ ਦੇ ਸਮੇਂ ਬੱਸਾਂ ਦਾ ਸੰਚਾਲਨ ਵਧਾਏ। ਉਥੇ ਹੀ, ਸ਼ਨੀਵਾਰ ਤੋਂ ਸ਼ੁਰੂ ਹੋ ਰਹੀਆਂ ਤਿੰਨ ਸਰਕਾਰੀ ਛੁੱਟੀਆਂ ਕਾਰਣ ਡੇਲੀ ਪੈਸੰਜਰਾਂ ਦੀ ਗਿਣਤੀ 'ਚ ਗਿਰਾਵਟ ਦਰਜ ਹੋਵੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਲੋਕਾਂ ਨੇ ਸਫਰ ਕਰਨਾ ਘੱਟ ਕਰ ਦਿੱਤਾ ਹੈ ਜਿਸ ਕਾਰਣ ਬੱਸਾਂ 'ਚ ਯਾਤਰੀ ਘੱਟ ਹੋਏ ਹਨ। ਮੰਗਲਾਵਰ ਤੋਂ ਡੇਲੀ ਪੈਸੰਜਰਾਂ ਦਾ ਰਸ਼ ਵਧੇਗਾ।

ਇਹ ਵੀ ਪੜ੍ਹੋ : ਜਾਣੋ 5 ਮਿੰਟਾਂ 'ਚ ਪੰਜਾਬ ਦੇ ਤਾਜ਼ਾ ਹਾਲਾਤ

ਹਿਮਾਚਲ ਲਈ ਚੱਲੀਆਂ ਬੱਸਾਂ 'ਚ ਦਿਸਿਆ ਕੋਰੋਨਾ ਦਾ ਖੌਫ
ਹਿਮਾਚਲ 'ਚ ਵੱਧ ਰਹੇ ਕੋਰੋਨਾ ਦੇ ਕੇਸਾਂ ਅਤੇ ਸਰਕਾਰ ਵਲੋਂ ਕੀਤੀ ਗਈ ਸਖਤੀ ਕਾਰਣ ਹਿਮਾਚਲ ਜਾਣ ਵਾਲੇ ਯਾਤਰੀਆਂ ਦੀ ਗਿਣਤੀ 'ਚ ਬੇਹੱਦ ਗਿਰਾਵਟ ਦਰਜ ਹੋਈ ਹੈ। ਇਸ ਕ੍ਰਮ 'ਚ ਅੱਜ ਰਵਾਨਾ ਹੋਈਆਂ ਬੱਸਾਂ 'ਚ ਜਿਆਦਾਤਰ ਸੀਟਾਂ ਖਾਲੀ ਰਹੀਆਂ ਜੋਕਿ ਕੋਰੋਨਾ ਦਾ ਖੌਫ ਦੱਸਿਆ ਜਾ ਰਿਹਾ ਹੈ। ਉਥੇ ਹੀ, ਹਿਮਾਚਲ ਤੋਂ ਆਉਣ ਵਾਲੀਆਂ ਬੱਸਾਂ ਨੂੰ ਵੀ ਯਾਤਰੀਆਂ ਲਈ ਇੰਤਜਾਰ ਕਰਨਾ ਪਿਆ। ਬੀਤੇ ਦਿਨੀਂ ਸ਼ਿਮਲਾ ਲਈ ਯਾਤਰੀਆਂ ਦੀ ਗਿਣਤੀ 'ਚ ਇਕਦਮ ਉਛਾਲ ਆਇਆ ਸੀ ਪਰ ਹਿਮਾਚਲ ਸਰਕਾਰ ਵਲੋਂ ਰਾਤ ਦਾ ਕਰਫਿਊ ਲਗਾਉਣ ਤੋਂ ਬਾਅਦ ਲੋਕ ਹੁਣ ਹਿਮਾਚਲ ਜਾਣ ਤੋਂ ਗੁਰੇਜ ਕਰਨ ਲੱਗੇ ਹਨ। ਹੁਣ ਸਿਰਫ ਉਹੀ ਯਾਤਰੀ ਦੇਖਣ ਨੂੰ ਮਿਲ ਰਹੇ ਹਨ ਜਿਨ੍ਹਾਂ ਨੂੰ ਜਰੂਰੀ ਕੰਮ ਲਈ ਜਾਣਾ ਹੋਵੇ। ਬੱਸਾਂ 'ਚ ਬੈਠਣ ਵਾਲੇ ਯਾਤਰੀਆਂ ਨੂੰ ਮਾਸਕ ਪਹਿਨਣ ਦੀਆਂ ਹਿਦਾਇਤਾਂ ਦਿੱਤੀਆਂ ਜਾ ਰਹੀਆਂ ਹਨ। ਉਥੇ ਹੀ ਅੱਜ ਯਾਤਰੀ ਘੱਟ ਹੋਣ ਕਾਰਣ ਬਸਾਂ ਦੇ ਚਾਲਕ ਦਲਾਂ ਵਲੋਂ ਯਾਤਰੀਆਂ ਨੂੰ ਇਕ ਸੀਟ ਛੱਡ ਕੇ ਬੈਠਣ ਲਈ ਕਿਹਾ ਗਿਆ।


Deepak Kumar

Content Editor Deepak Kumar