ਪੰਜਾਬ ''ਚ 21 ਸਤੰਬਰ ਤੋਂ ਖੁੱਲਣਗੀਆਂ ਪੀ.ਐਚ.ਡੀ. ਸਕਾਲਰਜ਼ ਲਈ ਉੱਚ ਵਿਦਿਅਕ ਸੰਸਥਾਵਾਂ

Saturday, Sep 19, 2020 - 10:57 PM (IST)

ਪੰਜਾਬ ''ਚ 21 ਸਤੰਬਰ ਤੋਂ ਖੁੱਲਣਗੀਆਂ ਪੀ.ਐਚ.ਡੀ. ਸਕਾਲਰਜ਼ ਲਈ ਉੱਚ ਵਿਦਿਅਕ ਸੰਸਥਾਵਾਂ

ਚੰਡੀਗੜ੍ਹ : ਕੇਂਦਰੀ ਗ੍ਰਹਿ ਮੰਤਰਾਲੇ (ਐਮ. ਐਚ. ਏ.) ਦੁਆਰਾ ਜਾਰੀ ਅਨਲਾਕ 4.0 ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਪੰਜਾਬ ਸਰਕਾਰ ਨੇ ਸ਼ਨੀਵਾਰ ਨੂੰ ਪੀ. ਐਚ. ਡੀ. ਸਕਾਲਰਜ਼ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ 21 ਸਤੰਬਰ ਤੋਂ ਲੈਬਾਰਟਰੀਆਂ ਅਤੇ ਪ੍ਰਯੋਗਾਤਮਕ ਕਾਰਜਾਂ ਦੀ ਲੋੜ ਵਾਲੇ ਤਕਨੀਕੀ ਅਤੇ ਪੇਸ਼ੇਵਰ ਪ੍ਰੋਗਰਾਮਾਂ ਲਈ ਉੱਚ ਸਿੱਖਿਆ ਸੰਸਥਾਵਾਂ ਖੋਲਣ ਦੀ ਆਗਿਆ ਦਿੱਤੀ ਹੈ। ਹਾਲਾਂਕਿ ਸਕੂਲ, ਕਾਲਜ ਅਤੇ ਕੋਚਿੰਗ ਸੈਂਟਰ ਬੰਦ ਰਹਿਣਗੇ। ਵਿਸ਼ੇਸ਼ ਮੁੱਖ ਸਕੱਤਰ (ਗ੍ਰਹਿ), ਸਤੀਸ਼ ਚੰਦਰਾ ਦੁਆਰਾ ਜਾਰੀ ਵਿਸਥਾਰਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਓਪਨ ਏਅਰ ਥੀਏਟਰਾਂ ਨੂੰ ਸਮਾਜਿਕ ਦੂਰੀ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਕਾਰਜ ਕਰਨ ਦੀ ਆਗਿਆ ਦਿੱਤੀ ਜਾਵੇਗੀ। ਹਾਲਾਂਕਿ ਸਿਨੇਮਾ ਹਾਲ, ਸਵੀਮਿੰਗ ਪੂਲ, ਐਂਟਰਟੇਨਮੈਂਟ ਪਾਰਕ, ਥੀਏਟਰ ਅਤੇ ਇਸ ਤਰ੍ਹਾਂ ਦੀਆਂ ਹੋਰ ਥਾਵਾਂ ਬੰਦ ਰਹਿਣਗੀਆਂ।

ਆਦੇਸ਼ਾਂ ਮੁਤਾਬਕ ਆਨਲਾਈਨ ਡਿਸਟੈਂਸ ਲਰਨਿੰਗ ਪ੍ਰਦਾਨ ਕਰਨ ਸਬੰਧੀ ਮਨਜ਼ੂਰੀ ਜਾਰੀ ਰਹੇਗੀ ਪਰ ਸਕੂਲ, ਕਾਲਜ, ਵਿਦਿਅਕ ਅਤੇ ਕੋਚਿੰਗ ਸੰਸਥਾਵਾਂ ਵਿਦਿਆਰਥੀਆਂ ਅਤੇ ਨਿਯਮਤ ਕਲਾਸਾਂ ਲਈ ਬੰਦ ਰਹਿਣਗੀਆਂ। ਚੰਦਰਾ ਨੇ ਕਿਹਾ ਕਿ 8 ਸਤੰਬਰ, 2020 ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਲੋਂ ਜਾਰੀ ਕੀਤੇ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ (ਐਸ. ਓ. ਪੀਜ਼) ਅਨੁਸਾਰ ਕੰਟੇਨਟਮੈਂਟ ਜ਼ੋਨ ਤੋ ਬਾਹਰਲੇ ਖੇਤਰਾਂ 'ਚ ਆਨਲਾਈਨ ਟੀਚਿੰਗ / ਟੈਲੀ ਕਾਉਂਸਲਿੰਗ ਅਤੇ ਸਬੰਧਤ ਕੰਮਾਂ ਲਈ ਸਕੂਲਾਂ 'ਚ ਸਿਰਫ 50 ਪ੍ਰਤੀਸ਼ਤ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਨੂੰ ਜਾਣ ਦੀ ਆਗਿਆ ਦਿੱਤੀ ਜਾਵੇਗੀ। ਚੰਦਰਾ ਨੇ ਕਿਹਾ ਕਿ 29 ਅਗਸਤ, 2020 ਨੂੰ ਗ੍ਰਹਿ ਮੰਤਰਾਲੇ  ਵਲੋਂ ਹੁਕਮ ਜਾਰੀ ਕੀਤੇ ਗਏ ਸਨ ਅਤੇ ਇਸ ਤੋਂ ਬਾਅਦ ਰਾਜ ਸਰਕਾਰ ਵਲੋਂ 9 ਸਤੰਬਰ, 2020 ਨੂੰ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਸ਼ਹਿਰੀ ਖੇਤਰਾਂ ਵਿੱਚ ਵਾਧੂ ਪਾਬੰਦੀਆਂ ਲਾਗੂ ਰਹਿਣਗੀਆਂ।
 


author

Deepak Kumar

Content Editor

Related News