ਪੰਜਾਬ : ਹੈਂਡਬਾਲ ਖਿਡਾਰਣ ਨੂੰ ਇੱਟਾਂ ਨਾਲ ਭਰੀ ਟਰਾਲੀ ਨੇ ਦਰੜਿਆ, ਅੱਜ ਖੇਡਣਾ ਸੀ ਮੈਚ, CCTV ''ਚ ਕੈਦ ਮੰਜ਼ਰ

Tuesday, Oct 06, 2026 - 10:02 AM (IST)

ਪੰਜਾਬ : ਹੈਂਡਬਾਲ ਖਿਡਾਰਣ ਨੂੰ ਇੱਟਾਂ ਨਾਲ ਭਰੀ ਟਰਾਲੀ ਨੇ ਦਰੜਿਆ, ਅੱਜ ਖੇਡਣਾ ਸੀ ਮੈਚ, CCTV ''ਚ ਕੈਦ ਮੰਜ਼ਰ

ਲੁਧਿਆਣਾ (ਵੈੱਬ ਡੈਸਕ, ਰਾਜ) : ਇੱਥੇ ਇਕ ਨਿੱਜੀ ਸਕੂਲ ਦੀ 9ਵੀਂ ਜਮਾਤ 'ਚ ਪੜ੍ਹਦੀ 14 ਸਾਲਾ ਉੱਭਰਦੀ ਹੋਈ ਹੈਂਡਬਾਲ ਖਿਡਾਰਣ ਅੰਸ਼ਿਕਾ ਦੀ ਦਰਦਨਾਕ ਹਾਦਸੇ ਦੌਰਾਨ ਮੌਤ ਹੋ ਗਈ। ਇਕ ਓਵਰਲੋਡ ਟਰੈਕਟਰ-ਟਰਾਲੀ ਦੇ ਟਾਇਰਾਂ ਹੇਠ ਉਸ ਦਾ ਸਿਰ ਕੁਚਲਿਆ ਗਿਆ। ਇਸ ਦਿਲ ਦਹਿਲਾ ਦੇਣ ਵਾਲੇ ਹਾਦਸੇ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਸੋਮਵਾਰ ਸ਼ਾਮ ਨੂੰ ਵਾਪਰਿਆ। ਸ਼ਾਮ ਕਰੀਬ 4 ਵਜੇ ਅੰਸ਼ਿਕਾ ਮੰਦਿਰ ਦੇ ਪੁਜਾਰੀ ਨਾਲ ਸਕੂਲ 'ਚ ਮੈਚ ਦੀ ਫਾਈਨਲ ਪ੍ਰੈਕਟਿਸ ਕਰਨ ਲਈ ਜਾ ਰਹੀ ਸੀ। ਫੁਟੇਜ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਐਕਟਿਵਾ 'ਤੇ ਕੁੱਲ 3 ਲੋਕ ਸਵਾਰ ਸਨ ਅਤੇ ਅੰਸ਼ਿਕਾ ਸਭ ਤੋਂ ਪਿੱਛੇ ਬੈਠੀ ਹੋਈ ਸੀ। ਜਦੋਂ ਉਹ ਸੜਕ ਤੋਂ ਲੰਘ ਰਹੇ ਸਨ ਤਾਂ ਉਨ੍ਹਾਂ ਦੀ ਇਕ ਸਾਈਡ ਤੋਂ ਇੱਟਾਂ ਨਾਲ ਭਰੀ ਟਰੈਕਟਰ-ਟਰਾਲੀ ਲੰਘ ਰਹੀ ਸੀ। ਇਸ ਦੌਰਾਨ ਠੀਕ ਸਾਹਮਣੇ ਤੋਂ ਇਕ ਹੋਰ ਐਕਟਿਵਾ ਆ ਗਈ।

ਇਹ ਵੀ ਪੜ੍ਹੋ : ਪੰਜਾਬ ਦੇ ਮੁਲਾਜ਼ਮਾਂ ਦੇ DA ਮਾਮਲੇ ਨੂੰ ਲੈ ਕੇ ਨਵੀਂ ਅਪਡੇਟ, ਪੜ੍ਹੋ ਹਾਈਕੋਰਟ 'ਚ ਕੀ ਹੋਇਆ

ਟੱਕਰ ਤੋਂ ਬਚਣ ਲਈ ਪਹਿਲੇ ਐਕਟਿਵਾ ਸਵਾਰ ਨੇ ਅਚਾਨਕ ਜ਼ੋਰ ਨਾਲ ਬ੍ਰੇਕ ਮਾਰ ਦਿੱਤੀ। ਅਚਾਨਕ ਬ੍ਰੇਕ ਲੱਗਦੇ ਹੀ ਐਕਟਿਵਾ ਬੇਕਾਬੂ ਹੋ ਕੇ ਸੜਕ 'ਤੇ ਬੁਰੀ ਤਰ੍ਹਾਂ ਸਲਿੱਪ ਕਰ ਗਈ ਅਤੇ ਉਸ 'ਤੇ ਸਵਾਰ ਤਿੰਨੇ ਲੋਕ ਵੀ ਡਿੱਗ ਗਏ। ਸੜਕ 'ਤੇ ਡਿੱਗਦੇ ਸਾਰ ਹੀ ਅੰਸ਼ਿਕਾ ਸਿੱਧਾ ਨੇੜਿਓਂ ਲੰਘ ਰਹੀ ਇੱਟਾਂ ਨਾਲ ਭਰੀ ਟਰੈਕਟਰ-ਟਰਾਲੀ ਦੇ ਪਿਛਲੇ ਹਿੱਸੇ ਵੱਲ ਡਿੱਗੀ। ਇਸ ਤੋਂ ਬਾਅਦ ਕਰੀਬ 20 ਟਨ ਭਾਰ ਨਾਲ ਲੱਦੀ ਇੱਟਾਂ ਵਾਲੀ ਟਰਾਲੀ ਦਾ ਪਿਛਲਾ ਟਾਇਰ ਸਿੱਧਾ ਅੰਸ਼ਿਕਾ ਦੇ ਸਿਰ ਉੱਪਰ ਚੜ੍ਹ ਗਿਆ ਅਤੇ ਉਸ ਨੂੰ ਦਰੜਦਾ ਹੋਇਆ ਅੱਗੇ ਨਿਕਲ ਗਿਆ। ਹਾਦਸੇ ਤੋਂ ਬਾਅਦ ਤੁਰੰਤ ਸਥਾਨਕ ਲੋਕਾਂ ਨੇ ਅੰਸ਼ਿਕਾ ਨੂੰ ਗੰਭੀਰ ਹਾਲਤ 'ਚ ਡੀ. ਐੱਮ. ਸੀ. ਪਹੁੰਚਾਇਆ ਪਰ ਜ਼ਿਆਦਾ ਖ਼ੂਨ ਵਗਣ ਅਤੇ ਸਿਰ ਦੀਆਂ ਹੱਡੀਆਂ ਚਕਨਾਚੂਰ ਹੋਣ ਕਾਰਨ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।

ਅੱਜ ਬਠਿੰਡਾ 'ਚ ਸਟੇਟ ਲੈਵਲ ਮੈਚ, ਘਰ 'ਚ ਛਾਇਆ ਮਾਤਮ

ਅੰਸ਼ਿਕਾ ਇਕ ਬੇਹੱਦ ਪ੍ਰਤਿਭਾਸ਼ਾਲੀ ਹੈਂਡਬਾਲ ਖਿਡਾਰਣ ਸੀ। ਅੱਜ ਹੀ ਉਸ ਨੇ ਪੰਜਾਬ ਸਟੇਟ ਲੈਵਲ ਹੈਂਡਬਾਲ ਟੂਰਨਾਮੈਂਟ 'ਚ ਹਿੱਸਾ ਲੈਣ ਲਈ ਘਰੋਂ ਬਠਿੰਡਾ ਲਈ ਰਵਾਨਾ ਹੋਣਾ ਸੀ। ਪ੍ਰਿੰਟਿੰਗ ਪ੍ਰੈੱਸ 'ਚ ਕੰਮ ਕਰਨ ਵਾਲੇ ਉਸ ਦੇ ਪਿਤਾ ਅਮਿਤ ਰਾਏ ਅਤੇ ਪਰਿਵਾਰ ਦੇ ਲੋਕ ਕੱਲ ਤੱਕ ਆਪਣੀ ਧੀ ਨੂੰ ਖੇਡ ਮੈਦਾਨ 'ਚ ਲੁਧਿਆਣਾ ਦਾ ਨਾਂ ਰੌਸ਼ਨ ਕਰਨ ਲਈ ਭੇਜਣ ਦੀਆਂ ਤਿਆਰੀਆਂ 'ਚ ਜੁੱਟੇ ਸਨ ਪਰ ਅੱਜ ਉਸੇ ਧੀ ਦੇ ਚਲੇ ਜਾਣ ਕਾਰਨ ਘਰ 'ਚ ਹਾਹਾਕਾਰ ਮਚੀ ਹੋਈ ਹੈ।

ਇਹ ਵੀ ਪੜ੍ਹੋ : ਗੈਂਗਸਟਰ ਜੱਗੂ ਭਗਵਾਨਪੁਰੀਆ ਤੇ ਭੂਪੀ ਰਾਣਾ ਅਦਾਲਤ 'ਚੋਂ ਬਰੀ! ਪੜ੍ਹੋ ਕੀ ਹੈ ਪੂਰਾ ਮਾਮਲਾ

CCTV ਫੁਟੇਜ ਬਣਿਆ ਕੇਸ ਪ੍ਰਾਪਰਟੀ

ਹਾਦਸੇ ਤੋਂ ਬਾਅਦ ਪੁਲਸ ਨੇ ਘਟਨਾ ਵਾਲੀ ਥਾਂ ਦੇ ਆਸ-ਪਾਸ ਲੱਗੇ ਸਾਰੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਰਿਕਾਰਡਿੰਗ ਨੂੰ ਆਧਿਕਾਰਤ ਤੌਰ 'ਤੇ ਕੇਸ ਪ੍ਰਾਪਰਟੀ ਬਣਾ ਲਿਆ ਹੈ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਫੁਟੇਜ ਦੇ ਆਧਾਰ 'ਤੇ ਪੀੜਤ ਪਰਿਵਾਰ ਅਤੇ ਸਬੰਧਿਤ ਧਿਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
 


author

Babita

Content Editor

Related News