ਪੰਜਾਬ ''ਚ ਵਿੱਤੀ ਸੰਕਟ ਦੇ ਹਾਲਾਤ, ਖਜ਼ਾਨੇ ''ਚ ਅਟਕੇ 5 ਹਜ਼ਾਰ ਕਰੋੜ ਦੇ ਬਿੱਲ
Saturday, Nov 23, 2019 - 12:01 PM (IST)
ਚੰਡੀਗੜ੍ਹ : ਪੰਜਾਬ ਸਰਕਾਰ ਦਾ ਖਜ਼ਾਨਾ ਖਾਲ੍ਹੀ ਹੋਣ ਨਾਲ ਸੂਬੇ ਵਿਚ ਵਿੱਤੀ ਐਮਰਜੈਂਸੀ ਦੇ ਹਾਲਾਤ ਬਣ ਗਏ ਹਨ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ 2 ਦਿਨ ਪਹਿਲਾਂ ਹੀ ਨਵੀਂ ਦਿੱਲੀ ਵਿਚ ਕੇਂਦਰ ਸਰਕਾਰ ਨਾਲ ਜੀ.ਐਸ.ਟੀ. ਦੇ ਬਕਾਇਆ ਮੁਆਵਜ਼ੇ ਸਬੰਧੀ ਗੱਲਬਾਤ ਕਰਕੇ ਪਰਤੇ ਹਨ। ਹੁਣ ਉਨ੍ਹਾਂ ਨੇ ਵਿਦੇਸ਼ ਦੌਰੇ 'ਤੇ ਗਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੂਚਨਾ ਦਿੱਤੀ ਹੈ ਕਿ ਦੇਸ਼ ਪਰਤਦੇ ਹੀ ਉਹ ਸੂਬੇ ਦੇ ਵਿੱਤੀ ਹਾਲਾਤ ਦਾ ਉਪਾਅ ਕਰਨ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸਰਕਾਰੀ ਖਜ਼ਾਨੇ ਵਿਚ 5000 ਕਰੋੜ ਰੁਪਏ ਦੇ ਬਿੱਲ ਪੈਂਡਿੰਗ ਹੋ ਗਏ ਹਨ, ਜਿਨ੍ਹਾਂ ਨੂੰ ਕਲੀਅਰ ਕਰਨ ਲਈ ਪੈਸਾ ਨਹੀਂ ਹੈ।
ਸੂਤਰਾਂ ਮੁਤਾਬਕ ਵਿੱਤ ਮੰਤਰੀ ਨੇ ਮੁੱਖ ਮੰਤਰੀ ਨੂੰ ਜੋ ਸੂਚਨਾ ਭੇਜੀ ਹੈ, ਉਸ ਦੇ ਸਬੰਧ ਵਿਚ ਇਕ ਪੱਤਰ ਵੀ ਮੁੱਖ ਮੰਤਰੀ ਦਫਤਰ ਨੂੰ ਦਿੱਤਾ ਹੈ। ਇਸ ਵਿਚ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਕਿਹਾ ਹੈ ਕਿ ਵਿਦੇਸ਼ ਤੋਂ ਪਰਤਦੇ ਹੀ ਐਮਰਜੈਂਸੀ ਬੈਠਕ ਸੱਦੀ ਜਾਵੇ ਅਤੇ ਉਸ ਵਿਚ ਸੂਬੇ ਨੂੰ ਵਿੱਤੀ ਸੰਕਟ ਵਿਚੋਂ ਕੱਢਣ ਦਾ ਉਪਾਅ ਲੱਭਿਆ ਜਾਵੇ।
ਇਸ ਦੌਰਾਨ ਵਿੱਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਅਨਿਰੁਧ ਤਿਵਾੜੀ ਨੇ ਸਾਰੇ ਵਿਭਾਗਾਂ ਦੇ ਮੁੱਖੀਆਂ ਨੂੰ ਕਿਹਾ ਹੈ ਕਿ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਟੈਕਸ ਸਮੇਤ ਸਾਰੇ ਤਰ੍ਹਾਂ ਦੇ ਬਕਾਇਆ ਦੀ ਵਸੂਲੀ ਲਈ ਤੁਰੰਤ ਕਾਰਵਾਈ ਸ਼ੁਰੂ ਕੀਤੀ ਜਾਏ। ਇਸ ਦੇ ਨਾਲ ਹੀ ਵਿਭਾਗਾਂ ਤੋਂ ਆਪਣੀ ਆਮਦਨੀ ਵਧਾਉਣ ਦੇ ਉਪਾਅ 'ਤੇ ਵਿਚਾਰ ਕਰਨ ਨੂੰ ਵੀ ਕਿਹਾ ਗਿਆ ਹੈ।