ਪੰਜਾਬ ''ਚ ਫਿਰ ਕੋਰੋਨਾ ਦੇ ਮਾਮਲਿਆਂ ਦਾ ਸੈਂਕੜਾ, 1880 ਤਕ ਪਹੁੰਚੀ ਮਰੀਜ਼ਾਂ ਦੀ ਗਿਣਤੀ
Sunday, May 10, 2020 - 11:23 PM (IST)
ਚੰਡੀਗੜ੍ਹ,(ਬਿਊਰੋ) : ਪੰਜਾਬ 'ਚ ਕੋਰੋਨਾ ਦੇ ਮਾਮਲਿਆਂ 'ਚ 2 ਦਿਨ ਤਕ ਰਾਹਤ ਮਿਲਣ ਤੋਂ ਬਾਅਦ ਐਤਵਾਰ ਨੂੰ ਇਕ ਵਾਰ ਫਿਰ ਉਛਾਲ ਦੇਖਣ ਨੂੰ ਮਿਲਿਆ ਹੈ। ਐਤਵਾਰ ਨੂੰ ਪੰਜਾਬ 'ਚ ਕੋਰੋਨਾ ਦੇ 108 ਨਵੇਂ ਮਾਮਲੇ ਰਿਪੋਰਟ ਕੀਤੇ ਗਏ ਹਨ। ਨਵੇਂ ਮਾਮਲਿਆਂ ਨੂੰ ਮਿਲਾ ਕੇ ਪੰਜਾਬ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1880 ਹੋ ਗਈ ਹੈ। ਸ਼ਨੀਵਾਰ ਸ਼ਾਮ ਤਕ ਪੰਜਾਬ 'ਚ ਕੋਰੋਨਾ ਦੇ 1792 ਮਾਮਲੇ ਸਨ ਪਰ ਐਤਵਾਰ ਨੂੰ ਵਿਭਾਗ ਨੇ ਆਪਣੇ ਆਂਕੜੇ ਦੁਰੁਸਤ ਕਰਦੇ ਹੋਏ ਕੁੱਝ ਜ਼ਿਲ੍ਹਿਆਂ ਦੇ 20 ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਇਸ ਆਂਕੜੇ 'ਚੋਂ ਘੱਟ ਕਰ ਦਿੱਤੀ, ਲਿਹਾਜਾ ਇਹ ਗਿਣਤੀ 1772 ਰਹਿ ਗਈ ਸੀ। ਐਤਵਾਰ ਨੂੰ ਰੋਪੜ 'ਚ ਸਭ ਤੋਂ ਜ਼ਿਆਦਾ 46, ਫਤਿਹਗੜ੍ਹ ਸਾਹਿਬ 'ਚ 20, ਮਾਨਸਾ ਅਤੇ ਗੁਰਦਾਸਪੁਰ 'ਚ 12-12, ਅੰਮ੍ਰਿਤਸਰ 'ਚ 8, ਜਲੰਧਰ 'ਚ 6 ਅਤੇ ਕਪੂਰਥਲਾ 'ਚ 3 ਅਤੇ ਲੁਧਿਆਣਾ 'ਚ 1 ਮਰੀਜ਼ ਪਾਜ਼ੇਟਿਵ ਪਾਇਆ ਗਿਆ।
ਹਾਲਾਂਕਿ ਅੰਮ੍ਰਿਤਸਰ 'ਚ ਪਾਏ ਗਏ 8 ਪਾਜ਼ੇਟਿਵ ਮਰੀਜ਼ਾਂ ਨੂੰ ਲੈ ਕੇ ਦੇਰ ਰਾਤ ਤਕ ਦੁਵਿਧਾ ਬਣੀ ਰਹੀ ਕਿਉਂਕਿ ਜ਼ਿਲਾ ਸਿਹਤ ਅਫਸਰ ਵਲੋਂ ਜਾਰੀ ਕੋਰੋਨਾ ਬੁਲੇਟਿਨ 'ਚ ਅੰਮ੍ਰਿਤਸਰ 'ਚ ਕੋਈ ਮਰੀਜ਼ ਪਾਜ਼ੇਟਿਵ ਨਹੀਂ ਸੀ, ਜਦਕਿ ਪੰਜਾਬ ਦੇ ਹੈਲਥ ਡਿਪਾਰਟਮੈਂਟ ਵਲੋਂ ਜਾਰੀ ਬੁਲੇਟਿਨ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 8 ਦੱਸੀ ਗਈ। ਪੰਜਾਬ 'ਚ ਐਤਵਾਰ ਤਕ 40962 ਮਰੀਜ਼ਾਂ ਦੇ ਟੈਸਟ ਕੀਤੇ ਗਏ, ਜਿਨ੍ਹਾਂ 'ਚੋਂ 3845 ਟੈਸਟਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।