''ਕੋਰੋਨਾ ਵਾਇਰਸ'' : ਪੰਜਾਬ ਤੇ ਹਰਿਆਣਾ ਹਾਈਕੋਰਟ 31 ਮਾਰਚ ਤੱਕ ਬੰਦ
Monday, Mar 16, 2020 - 04:15 PM (IST)
ਚੰਡੀਗੜ੍ਹ : 'ਕੋਰੋਨਾ ਵਾਇਰਸ' ਕਾਰਨ ਪੂਰੀ ਦੁਨੀਆ 'ਚ ਤਹਿਲਕਾ ਮਚਿਆ ਹੋਇਆ ਹੈ। ਇਸ ਵਾਇਰਸ ਨੂੰ ਫੈਲਣ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਜਿੱਥੇ ਕਈ ਤਰ੍ਹਾਂ ਦੇ ਪ੍ਰੋਗਰਾਮ ਰੱਦ ਕੀਤੇ ਜਾ ਚੁੱਕੇ ਹਨ, ਉੱਥੇ ਹੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਇਹਤਿਆਤ ਵਜੋਂ 31 ਮਾਰਚ ਤੱਕ ਅਦਾਲਤ ਦੀ ਛੁੱਟੀ ਕਰ ਦਿੱਤੀ ਹੈ। ਹਾਈਕੋਰਟ ਦੇ ਹੁਕਮਾਂ ਮੁਤਾਬਕ 31 ਮਾਰਚ ਤੱਕ ਅਦਾਲਤ ਦੀ ਛੁੱਟੀ ਰਹੇਗੀ ਪਰ ਜ਼ਰੂਰੀ ਸੁਣਵਾਈ ਲਈ ਅਦਾਲਤ ਖੁੱਲ੍ਹੀ ਰਹੇਗੀ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਕਾਰਨ ਪੰਜਾਬ ਸਰਕਾਰ ਨੇ ਡਾਕਟਰਾਂ ਦੀ ਸੇਵਾਮੁਕਤੀ 'ਤੇ ਲਾਈ ਰੋਕ
ਸਰਕਾਰੀ ਤੇ ਪ੍ਰਾਈਵੇਟ ਤਕਨੀਕੀ ਸੰਸਥਾਵਾਂ 31 ਮਾਰਚ ਤੱਕ ਬੰਦ
ਪੰਜਾਬ ਸਰਕਾਰ ਵਲੋਂ ਆਈ. ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਜਲੰਧਰ, ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ ਬਠਿੰਡਾ, ਪੰਜਾਬ ਰਾਜ ਦੇ ਸਮੂਹ ਸਰਕਾਰੀ/ਗੈਰ ਸਰਕਾਰੀ ਇੰਜੀਨੀਅਰਿੰਗ ਕਾਲਜ, ਪੰਜਾਬ ਰਾਜ ਦੇ ਸਮੂਹ ਸਰਕਾਰੀ/ਗੈਰ ਸਰਕਾਰੀ ਬਹੁ-ਤਕਨੀਕੀ ਕਾਲਜ ਅਤੇ ਸਮੂਹ ਸਰਕਾਰੀ/ਗੈਰ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਨੂੰ 31 ਮਾਰਚ ਤੱਕ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ : ਸੈਂਟਰਲ ਜੇਲ 'ਚ ਬੰਦ ਕੈਦੀਆਂ ਦੀਆਂ ਮੁਲਾਕਾਤਾਂ 31 ਮਾਰਚ ਤੱਕ ਬੰਦ
ਇਸ ਸਬੰਧੀ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਇਹ ਫੈਸਲਾ ਕੋਰੋਨਾ ਵਾਇਰਸ (ਕੋਵਿਡ-19) ਦੇ ਖ਼ਤਰੇ ਦੇ ਮੱਦੇਨਜ਼ਰ ਮੁੱਖ ਮੰਤਰੀ ਵੱਲੋਂ ਜਾਰੀ ਨਿਰਦੇਸ਼ਾਂ ਤਹਿਤ ਲਿਆ ਗਿਆ ਹੈ।
ਸਿਨੇਮਾ ਹਾਲ, ਸ਼ੌਪਿੰਗ ਮਾਲ, ਰੈਸਟੋਰੈਂਟ ਤੇ ਜਿੰਮ ਬੰਦ
ਕੋਰੋਨਾ ਵਾਇਰਸ ਕਾਰਨ ਪੰਜਾਬ ਸਰਕਾਰ ਨੇ ਸੂਬੇ ਦੇ ਸਿਨੇਮਾ ਹਾਲ, ਸ਼ੌਪਿੰਗ ਮਾਲ, ਰੈਸਟੋਰੈਂਟ ਅਤੇ ਜਿੰਮ ਆਦਿ ਬੰਦ ਕਰਨ ਦੇ ਹੁਕਮ ਦਿੱਤੇ ਹਨ। ਇਸ ਦਾ ਐਲਾਨ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਕੀਤਾ ਗਿਆ ਹੈ। ਸਿਹਤ ਮੰਤਰੀ ਮੁਤਾਬਕ ਕੋਰੋਨਾ ਵਾਇਰਸ ਕਾਰਨ ਅਹਿਤਿਆਤ ਵਜੋਂ 31 ਮਾਰਚ ਤਕ ਜਨਤਕ ਥਾਵਾਂ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਕਾਰਨ ਸੂਬੇ ਦੇ ਸਾਰੇ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ 31 ਮਾਰਚ ਤਕ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਨੂੰ ਮਹਾਮਾਰੀ ਐਲਾਨਦੇ ਹੋਏ ਹੁਕਮ ਜਾਰੀ ਕਰਦਿਆਂ ਆਖਿਆ ਹੈ ਕਿ ਜਿਨ੍ਹਾਂ ਸਕੂਲਾਂ ਵਿਚ ਪ੍ਰੀਖਿਆਵਾਂ ਚੱਲ ਰਹੀਆਂ ਹਨ, ਸਿਰਫ ਉਹੀ ਸਕੂਲ ਖੁੱਲ੍ਹੇ ਰਹਿਣਗੇ ਜਦਕਿ ਬਾਕੀ ਸਾਰੇ ਸਕੂਲ 31 ਮਾਰਚ ਤਕ ਬੰਦ ਰਹਿਣਗੇ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਕਰਕੇ ਮੁਲਤਵੀ ਹੋਈ ਦੁਖ ਨਿਵਾਰਨ ਸਰੋਵਰ ਦੀ ਸੇਵਾ