ਹਰ ਦਸਤਾਵੇਜ਼ ''ਚ ਉਹ ਪਤੀ ਹੈ ਤਾਂ ਬਲਾਤਕਾਰ ਕਿਵੇਂ ਮੰਨਿਆ ਜਾਵੇ : ਹਾਈਕੋਰਟ

12/11/2019 10:44:43 AM

ਚੰਡੀਗੜ੍ਹ (ਹਾਂਡਾ) : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਬਲਾਤਕਾਰ ਦੇ ਦੋਸ਼ੀ ਵਿਅਕਤੀ ਨੂੰ ਇਹ ਕਹਿੰਦੇ ਹੋਏ ਜ਼ਮਾਨਤ ਦੇ ਦਿੱਤੀ ਕਿ ਸਰਕਾਰੀ ਦਸਤਾਵੇਜ਼ਾਂ ਅਤੇ ਬੈਂਕ ਖਾਤਿਆਂ 'ਚ ਔਰਤ ਨੇ ਪਤੀ ਲਿਖਵਾਇਆ ਹੈ ਤਾਂ ਯੌਨ ਸਬੰਧਾਂ ਨੂੰ ਬਲਾਤਕਾਰ ਕਿਵੇਂ ਮੰਨਿਆ ਜਾ ਸਕਦਾ ਹੈ। ਹਾਈਕੋਰਟ ਦਾ ਕਹਿਣਾ ਸੀ ਕਿ ਸ਼ਿਕਾਇਤ ਕਰਤਾ ਔਰਤ ਜੇਲ ਵਾਰਡਨ ਪੜ੍ਹੀ-ਲਿਖੀ ਹੈ ਅਤੇ ਕਈ ਤਸਵੀਰਾਂ 'ਚ ਨਾਲ ਵੀ ਹੈ। ਇਕ ਵਿਅਕਤੀ ਲਗਾਤਾਰ 7 ਸਾਲਾਂ ਤੱਕ ਬਲਾਤਕਾਰ ਕਿਵੇਂ ਕਰ ਸਕਦਾ ਹੈ। ਔਰਤ ਨੇ ਵਿਆਹ ਦਾ ਝਾਂਸਾ ਦੇ ਕੇ 7 ਸਾਲਾਂ ਤੱਕ ਬਲਾਤਕਾਰ ਕਰਨ ਦਾ ਦੋਸ਼ ਲਾਇਆ ਸੀ। ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ। ਹਾਈਕੋਰਟ ਨੇ ਕਿਹਾ ਕਿ ਦੋਸ਼ੀ ਲੰਬੇ ਸਮੇਂ ਤੋਂ ਜੇਲ 'ਚ ਹੈ ਅਤੇ ਟ੍ਰਾਇਲ ਲੰਬਾ ਚੱਲ ਸਕਦਾ ਹੈ। ਅਜਿਹੇ 'ਚ ਜੇਲ 'ਚ ਬੰਦ ਰੱਖਣ ਦਾ ਕੋਈ ਫਾਇਦਾ ਨਹੀਂ। ਅਦਾਲਤ ਨੇ ਕਿਹਾ ਕਿ ਔਰਤ ਦਾ ਆਧਾਰ ਕਾਰਡ, ਸਰਕਾਰੀ ਨੌਕਰੀ ਦਾ ਕਾਰਡ, ਬੈਂਕ ਅਤੇ ਹੋਰ ਦਸਤਾਵੇਜ਼ਾਂ ਅਤੇ ਕਈ ਤਸਵੀਰਾਂ 'ਚ ਦੋਵੇਂ ਪਤੀ-ਪਤਨੀ ਇਕੱਠੇ ਬੈਠੇ ਹਨ। ਇਸ ਤੋਂ ਸਾਫ ਹੈ ਕਿ ਦੋਵੇਂ ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿੰਦੇ ਸਨ।
ਪਿਛਲੀ ਸੁਣਵਾਈ 'ਤੇ ਅਦਾਲਤ ਨੇ ਪੁੱਛਿਆ ਸੀ ਕਿ ਕੀ ਇਹ ਸਭ ਫਰਜ਼ੀ ਹੈ। ਇਸ 'ਤੇ ਐੱਸ. ਪੀ. ਨੇ ਕਿਹਾ ਕਿ ਨਹੀਂ ਸਭ ਅਸਲੀ ਹੈ। ਅਦਾਲਤ ਨੇ ਕਿਹਾ ਕਿ ਪਟੀਸ਼ਨ ਕਰਤਾ ਦੀ ਪਤਨੀ ਕੋਈ ਬੱਚੀ ਨਹੀਂ ਹੈ, ਉਹ ਸਰਕਾਰੀ ਨੌਕਰੀ ਕਰ ਰਹੀ ਹੈ ਅਤੇ ਸਾਰੇ ਦਸਤਾਵੇਜ਼ਾਂ 'ਚ ਪਟੀਸ਼ਨ ਕਰਤਾ ਨੂੰ ਪਤੀ ਮੰਨ ਰਹੀ ਹੈ। ਅਜਿਹੇ 'ਚ ਬਲਾਤਕਾਰ ਦਾ ਮਾਮਲਾ ਕਿਵੇਂ ਦਰਜ ਕੀਤਾ ਗਿਆ। ਪਤਨੀ ਨੇ ਅਦਾਲਤ ਨੂੰ ਦੱਸਿਆ ਕਿ ਪਟੀਸ਼ਨ ਕਰਤਾ ਵਿਆਹ ਕਰਨ ਦਾ ਲਾਲਚ ਦੇ ਕੇ ਸਰੀਰਕ ਸ਼ੋਸ਼ਣ ਕਰ ਰਿਹਾ ਸੀ। ਵਕੀਲ ਨੇ ਬੈਂਚ ਨੂੰ ਦੱਸਿਆ ਕਿ ਪਟੀਸ਼ਨਕਰਤਾ ਅਤੇ ਉਸ ਦੀ ਪਤਨੀ 7 ਸਾਲਾਂ ਤੋਂ ਜ਼ਿਆਦਾ ਸਮਾਂ ਇਕੱਠੇ ਰਹੇ ਸਨ ਪਰ ਇਕ ਦਿਨ ਪਤਨੀ ਘਰੋਂ ਕੀਮਤੀ ਸਮਾਨ ਲੈ ਕੇ ਚਲੀ ਗਈ। ਇਸ ਕਾਰਨ ਪਟੀਸ਼ਨਕਰਤਾ ਨੇ ਪੁਲਸ 'ਚ ਸ਼ਿਕਾਇਤ ਦਰਜ ਕਰਵਾ ਦਿੱਤੀ। ਇਸ ਦੇ ਬਦਲੇ 'ਚ ਪਤਨੀ ਜੋ ਜੇਲ ਵਾਰਡਨ ਹੈ, ਨੇ ਪਤੀ ਖਿਲਾਫ ਪੁਲਸ ਥਾਣਾ ਗੋਹਾਣਾ 'ਚ 7 ਸਤੰਬਰ ਨੂੰ ਬਲਾਤਕਾਰ ਦਾ ਮਾਮਲਾ ਦਰਜ ਕਰਵਾ ਦਿੱਤਾ ਸੀ।
 


Babita

Content Editor

Related News