ਪਨਬੱਸ ਦੇ ਡਰਾਈਵਰ-ਕੰਡਕਟਰਾਂ ਦੀ ਆਊਟਸੋਰਸਿੰਗ ਭਰਤੀ ਪ੍ਰਕਿਰਿਆ ਮੁਲਤਵੀ

07/10/2019 3:24:46 PM

ਚੰਡੀਗੜ੍ਹ (ਭੁੱਲਰ) : ਕੈਪਟਨ ਸਰਕਾਰ ਨੇ ਪਨਬੱਸ ਦੇ ਡਰਾਈਵਰ ਤੇ ਕੰਡਕਟਰਾਂ ਦੀ ਆਊਟਸੋਰਸਿੰਗ ਰਾਹੀਂ ਭਰਤੀ ਦੇ ਫੈਸਲੇ ਸਬੰਧੀ ਪਨਬੱਸ ਕਾਮਿਆਂ ਦੀ ਯੂਨੀਅਨ ਅੱਗੇ ਝੁਕਦਿਆਂ ਸ਼ੁਰੂ ਹੋਈ ਭਰਤੀ ਦੀ ਪ੍ਰਕਿਰਿਆ ਮੁਲਤਵੀ ਕਰ ਦਿੱਤੀ ਹੈ। ਇਹ ਫੈਸਲਾ ਪਨਬੱਸ ਕੰਟਰੈਕਟ ਵਰਕਰ ਯੂਨੀਅਨ ਦੇ ਆਗੂਆਂ ਦੀ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨਾਲ ਹੋਈ ਬੈਠਕ 'ਚ ਲਿਆ ਗਿਆ। ਜ਼ਿਕਰਯੋਗ ਹੈ ਕਿ ਇਸ ਫੈਸਲੇ ਬਾਰੇ ਤੁਰੰਤ ਹੀ ਸਰਕਾਰ ਦੀਆਂ ਹਦਾਇਤਾਂ ਤੋਂ ਬਾਅਦ ਪਨਬੱਸ ਦੇ ਐੱਮ. ਡੀ. ਵਲੋਂ ਲਿਖਤੀ ਪੱਤਰ ਵੀ ਜਾਰੀ ਕਰ ਦਿੱਤਾ ਗਿਆ।

ਇਹ ਵੀ ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਵਿਖੇ ਅੱਜ ਪਨਬੱਸ ਲਈ ਕਾਂਟ੍ਰੈਕਟ ਭਰਤੀ ਸ਼ੁਰੂ ਹੋਈ ਸੀ ਪਰ ਯੂਨੀਅਨ ਦੇ ਵਿਰੋਧ ਕਾਰਨ ਇਹ ਸ਼ੁਰੂ ਹੀ ਨਹੀਂ ਹੋ ਸਕੀ। ਕੁੱਝ ਕਾਮਿਆਂ ਨੇ ਤਾਂ ਇਹ ਭਰਤੀ ਹੋਣ 'ਤੇ ਖੁਦਕੁਸ਼ੀ ਤੱਕ ਦੀ ਧਮਕੀ ਦੇ ਦਿੱਤੀ ਸੀ। ਇਸ ਤੋਂ ਪਹਿਲਾਂ ਪਨਬੱਸ ਕਾਮੇ ਤਿੰਨ ਦਿਨ ਦੀ ਹੜਤਾਲ ਵੀ ਕਰ ਚੁੱਕੇ ਹਨ ਤੇ ਇਸ ਤੋਂ ਬਾਅਦ ਹੀ ਯੂਨੀਅਨ ਆਗੂਆਂ ਨੂੰ ਅੱਜ ਦੀ ਮੀਟਿੰਗ ਲਈ ਸੱਦਾ ਮਿਲਿਆ ਸੀ। ਪਨਬਸ ਕਾਮਿਆਂ ਦੇ ਰੋਸ ਨੂੰ ਦੇਖਦਿਆਂ ਟਰਾਂਸਪੋਰਟ ਮੰਤਰੀ ਨੂੰ ਆਊਟਸੋਰਸਿੰਗ ਭਰਤੀ ਪ੍ਰਕਿਰਿਆ ਰੋਕਣ ਦਾ ਫੈਸਲਾ ਲੈਣਾ ਪਿਆ। ਮੰਤਰੀ ਦੀ ਮੀਟਿੰਗ ਤੋਂ ਬਾਅਦ ਪਨਬੱਸ ਦੇ ਐੱਮ.ਡੀ. ਵਲੋਂ ਡਿਪੂ ਮੈਨੇਜਰਾਂ ਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਲਿਖਤੀ ਪੱਤਰ ਰਾਹੀਂ ਅਗਲੇ ਹੁਕਮਾਂ ਤੱਕ ਭਰਤੀ ਪ੍ਰਕਿਰਿਆ ਮੁਲਤਵੀ ਕਰਨ ਦੇ ਹੁਕਮ ਦਿੱਤੇ ਹਨ।
ਪਨਬੱਸ ਕਾਂਟ੍ਰੈਕਟ ਵਰਕਰ ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿਚ ਮੁੱਖ ਤੌਰ 'ਤੇ ਆਊਟਸੋਰਸਿੰਗ ਦਾ ਮੁੱਦਾ ਵਿਚਾਰਿਆ ਗਿਆ ਅਤੇ ਬਾਕੀ ਮਸਲਿਆਂ 'ਤੇ ਵਿਸਥਾਰ 'ਚ ਗੱਲਬਾਤ ਕਰਦਿਆਂ ਮੰਤਰੀ ਵਲੋਂ ਯੂਨੀਅਨ ਆਗੂਆਂ ਨੂੰ 10 ਜੁਲਾਈ ਨੂੰ ਮੁੜ ਬਾਅਦ ਦੁਪਹਿਰ ਮੀਟਿੰਗ ਲਈ ਸੱਦਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਤੋਂ ਬਾਅਦ ਮੰਤਰੀ ਵਲੋਂ ਮੁੱਖ ਮੰਤਰੀ ਨਾਲ ਟਰਾਂਸਪੋਰਟ ਦੇ ਮੁੱਦਿਆਂ 'ਤੇ ਮੀਟਿੰਗ ਕੀਤੀ ਜਾਣੀ ਹੈ, ਜਿਸ 'ਚ ਆਊਟਸੋਰਸਿੰਗ ਭਰਤੀ 'ਤੇ ਪੱਕੀ ਰੋਕ ਸਮੇਤ ਪਨਬੱਸ ਕਾਮਿਆਂ ਦੀਆਂ ਹੋਰ ਮੰਗਾਂ ਬਾਰੇ ਫੈਸਲੇ ਕੀਤੇ ਜਾਣਗੇ। ਯੂਨੀਅਨ ਆਗੂਆਂ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਉਹ ਕਿਸੇ ਵੀ ਹਾਲਤ ਵਿਚ ਆਊਟ ਸੋਰਸਿੰਗ ਭਰਤੀ ਨੂੰ ਪ੍ਰਵਾਨ ਨਹੀਂ ਕਰਨਗੇ।

ਉਨ੍ਹਾਂ ਉੁਮੀਦ ਜਤਾਈ ਕਿ ਟਰਾਂਸਪੋਰਟ ਮੰਤਰੀ ਦੀ ਮੁੱਖ ਮੰਤਰੀ ਨਾਲ ਹੋਣ ਵਾਲੀ ਮੀਟਿੰਗ ਵਿਚ ਪਨਬੱਸ ਵਰਕਰਾਂ ਦੀਆਂ ਮੰਗਾਂ ਬਾਰੇ ਸਹੀ ਫੈਸਲੇ ਕੀਤੇ ਜਾਣਗੇ। ਸੀਟੂ ਦੇ ਸੂਬਾ ਜਨਰਲ ਸਕੱਤਰ ਰਘੁਨਾਥ ਸਿੰਘ ਨੇ ਵੀ ਪਨਬੱਸ ਕਾਮਿਆਂ ਦਾ ਸਮਰਥਨ ਕਰਦਿਆਂ ਕਿਹਾ ਕਿ ਆਊਟਸੋਰਸਿੰਗ ਭਰਤੀ 'ਤੇ ਪੂਰੀ ਤਰ੍ਹਾਂ ਰੋਕ ਦੀ ਮੰਗ ਨੂੰ ਲੈ ਕੇ 25 ਤੋਂ 31 ਜੁਲਾਈ ਤੱਕ ਰਾਜ ਭਰ ਵਿਚ ਰੋਸ ਮੁਜ਼ਾਹਰੇ ਕੀਤੇ ਜਾਣਗੇ।


Babita

Content Editor

Related News