ਲੋਕ ਨਿਰਮਾਣ ਵਿਭਾਗ ਨੂੰ ਨਹੀਂ ''ਮਾਂ-ਬੋਲੀ'' ਦੀ ਪ੍ਰਵਾਹ

01/16/2018 11:20:10 AM

ਧਨੌਲਾ (ਰਵਿੰਦਰ)- ਸੜਕਾਂ 'ਤੇ ਲੱਗੇ ਪਿੰਡਾਂ ਤੇ ਸ਼ਹਿਰਾਂ ਦੇ ਨਾਂ ਦਰਸਾਉਂਦੇ ਬੋਰਡਾਂ 'ਤੇ ਪੰਜਾਬੀ ਨੂੰ ਤੀਜੇ ਸਥਾਨ 'ਤੇ ਲਿਖਣ ਦਾ ਪੂਰੇ ਪੰਜਾਬ 'ਚ ਚੱਲ ਰਿਹਾ ਵਿਵਾਦ ਭਾਵੇਂ ਸ਼ਾਂਤ ਹੋ ਗਿਆ ਹੈ ਪਰ ਜ਼ਿਆਦਾਤਰ ਬੋਰਡਾਂ 'ਤੇ ਲਿਖੇ ਪਿੰਡਾਂ ਦੇ ਨਾਵਾਂ ਦੇ ਸ਼ਬਦ-ਜੋੜ ਗਲਤ ਹੋਣ ਕਾਰਨ ਜਿਥੇ ਲੋਕ ਨਿਰਮਾਣ ਵਿਭਾਗ ਦੀ ਬੇਧਿਆਨੀ ਜ਼ਾਹਿਰ ਹੁੰਦੀ ਹੈ, ਉਥੇ ਹੀ ਸੜਕ ਦਾ ਨਿਰਮਾਣ ਕਰਨ ਵਾਲੀ ਕੰਪਨੀ ਦੀ ਅਣਗਹਿਲੀ ਪੰਜਾਬੀ ਮਾਂ-ਬੋਲੀ ਨਾਲ ਵਿਤਕਰਾ ਕਰਦੀ ਨਜ਼ਰ ਆ ਰਹੀ ਹੈ, ਜਿਸ ਦੀ ਮਿਸਾਲ ਭੀਖੀ-ਧਨੌਲਾ ਟੀ-ਪੁਆਇੰਟ 'ਤੇ ਲਿਖੇ ਬੋਰਡ ਤੋਂ ਮਿਲਦੀ ਹੈ, ਜਿਥੇ ਭੀਖੀ ਨੂੰ ਭਿੱਖੀ ਤੇ ਜਵੰਧਾ ਪਿੰਡੀ ਨੂੰ ਜਾਵੰਦਾ ਪਿੰਡੀ ਲਿਖਿਆ ਹੋਇਆ ਹੈ।
ਇਸ ਦੇ ਨਾਲ ਹੀ ਨੈਸ਼ਨਲ ਹਾਈਵੇ 'ਤੇ ਸ਼ਹਿਰਾ ਦੇ ਨਾਂ ਤੇ ਦੂਰੀ ਦਰਸਾਉਂਦੇ ਵੱਡੇ-ਵੱਡੇ ਬੋਰਡਾਂ ਨਾਲ ਲੱਗੇ ਸੁਰੱਖਿਆ ਨਿਯਮਾਂ ਦੀ ਚਿਤਾਵਨੀ ਦਿੰਦੇ ਬੋਰਡਾਂ 'ਤੇ ਸਿਰਫ ਹਿੰਦੀ ਤੇ ਅੰਗਰੇਜ਼ੀ ਹੀ ਲਿਖੀ ਹੋਈ ਹੈ। ਪੰਜਾਬੀ ਦਾ ਕੋਈ ਨਾਮੋ-ਨਿਸ਼ਾਨ ਹੀ ਨਹੀਂ ਹੈ, ਜਿਸ ਤੋਂ ਸੜਕ ਨਿਰਮਾਣ ਵਿਭਾਗ ਤੇ ਸੜਕ ਬਣਾਉਣ ਵਾਲੀ ਕੰਪਨੀ ਦੀ ਪੰਜਾਬੀ ਬੋਲੀ ਪ੍ਰਤੀ ਬੇਰੁਖ਼ੀ ਸਾਫ ਜ਼ਾਹਿਰ ਹੋ ਰਹੀ ਹੈ।
ਇਸ ਸੰਬੰਧੀ ਰੋਸ ਜ਼ਾਹਿਰ ਕਰਦਿਆਂ ਜਵੰਧਾ ਪਿੰਡੀ ਦੇ ਸਾਬਕਾ ਸਰਪੰਚ ਇੰਦਰਜੀਤ ਸਿੰਘ, ਕਿਸਾਨ ਆਗੂ ਪਿੰਦਰਜੀਤ ਸਿੰਘ, ਕੁਲਦੀਪ ਸ਼ਰਮਾ, ਮੱਖਣ ਸਿੰਘ ਧਨੌਲਾ, ਸੁਖਮਿੰਦਰ ਸਿੰਘ ਗਿੱਲ, ਸੁਖਚਰਨ ਸਿੰਘ ਜਵੰਧਾ ਪਿੰਡੀ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਇਸ ਅਣਗਹਿਲੀ ਵੱਲ ਧਿਆਨ ਦੇ ਕੇ ਵਿਭਾਗ ਤੇ ਕੰਪਨੀ ਨੂੰ ਪੰਜਾਬੀ ਮਾਂ-ਬੋਲੀ ਨਾਲ ਕੀਤੀ ਗਈ ਬੇਰੁਖ਼ੀ ਪ੍ਰਤੀ ਜਵਾਬਦੇਹ ਬਣਾਇਆ ਜਾਵੇ।


Related News