ਫਗਵਾੜਾ 'ਚ ਲੋਕਾਂ ਦੀ ਸੁਰੱਖਿਆ ਨੂੰ ਹਰ ਪੱਧਰ 'ਤੇ ਮਜ਼ਬੂਤ ਕੀਤਾ ਜਾਵੇਗਾ : SSP ਖੱਖ

Sunday, Jun 06, 2021 - 12:27 AM (IST)

ਫਗਵਾੜਾ 'ਚ ਲੋਕਾਂ ਦੀ ਸੁਰੱਖਿਆ ਨੂੰ ਹਰ ਪੱਧਰ 'ਤੇ ਮਜ਼ਬੂਤ ਕੀਤਾ ਜਾਵੇਗਾ : SSP ਖੱਖ

ਫਗਵਾੜਾ(ਜਲੋਟਾ)– ਜ਼ਿਲ੍ਹਾ ਕਪੂਰਥਲਾ ਦੇ ਐੱਸ. ਐੱਸ. ਪੀ. ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਹੈ ਕਿ ਜ਼ਿਲ੍ਹਾ ਕਪੂਰਥਲਾ ਸਣੇ ਫਗਵਾੜਾ 'ਚ ਲੋਕਾਂ ਦੀ ਸੁਰੱਖਿਆ ਨੂੰ ਹਰ ਪੱਧਰ 'ਤੇ ਮਜ਼ਬੂਤ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਸ ਨੂੰ ਹੋਰ ਚੌਕਸ ਕੀਤਾ ਜਾਵੇਗਾ ਅਤੇ ਆਮ ਜਨਤਾ ਨੂੰ ਪੇਸ਼ ਆਉਣ ਵਾਲੀ ਟ੍ਰੈਫਿਕ ਸਮੱਸਿਆ, ਬਾਜ਼ਾਰਾਂ ਦੇ ਵਿਚ ਨਾਜਾਇਜ਼ ਕਬਜ਼ੇ ਆਦਿ ਦੀ ਪ੍ਰੇਸ਼ਾਨੀ ਤੋਂ ਮੁਕਤ ਕੀਤਾ ਜਾਵੇਗਾ। ਐੱਸ.ਐੱਸ.ਪੀ. ਸ੍ਰੀ ਖੱਖ ਜੋ ਅੱਜ ਫਗਵਾੜਾ 'ਚ ਅਧਿਕਾਰਿਕ ਤੌਰ 'ਤੇ ਬਤੌਰ ਐੱਸ. ਐੱਸ. ਪੀ. ਕਪੂਰਥਲਾ ਪਹਿਲੀ ਵਾਰ ਆਏ ਉਨ੍ਹਾਂ ਨੇ ਪੱਤਰਕਾਰਾਂ ਨਾਲ ਬੈਠਕ ਕੀਤੀ ਅਤੇ ਉਨ੍ਹਾਂ ਤੋਂ ਸ਼ਹਿਰੀ ਅਤੇ ਪੇਂਡੂ ਇਲਾਕਿਆਂ 'ਚ ਲੋਕਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਬਾਰੇ ਜਾਣਕਾਰੀ ਹਾਸਿਲ ਕੀਤੀ।

ਇਸ ਮੌਕੇ 'ਤੇ ਪੱਤਰਕਾਰਾਂ ਨੇ ਐੱਸ. ਐੱਸ. ਪੀ. ਸ੍ਰੀ ਖੱਖ ਨੂੰ ਕਈ ਅਹਿਮ ਮੁੱਦਿਆਂ ਤੋਂ ਜਾਣੂ ਕਰਵਾਇਆ ਅਤੇ ਉਨ੍ਹਾਂ ਵੱਲੋਂ ਸ਼ਲਾਘਾਯੋਗ ਕਾਰਵਾਈ ਕਰਦੇ ਹੋਏ ਮੌਕੇ 'ਤੇ ਹੀ ਇਨ੍ਹਾਂ ਦਾ ਸਖ਼ਤ ਨੋਟਿਸ ਲਿਆ ਗਿਆ। ਉਨ੍ਹਾਂ ਕਿਹਾ ਕਿ ਜਿਹੜੀਆਂ ਪਰੇਸ਼ਾਨੀਆਂ ਅਤੇ ਔਕੜਾਂ ਆਮ ਜਨਤਾ ਨੂੰ ਪੁਲਸ ਮਹਿਕਮੇ ਸਬੰਧੀ ਆ ਰਹੀਆਂ ਹਨ ਉਨ੍ਹਾਂ ਦਾ ਤੁਰੰਤ ਨਿਪਟਾਰਾ ਹੋਵੇਗੇ। ਉਨ੍ਹਾਂ ਕਿਹਾ ਕਿ ਪੁਲਸ ਮਹਿਕਮਾ ਜ਼ਿਲ੍ਹਾ ਕਪੂਰਥਲਾ 'ਚ ਨਾਜਾਇਜ਼ ਨਸ਼ੇ, ਸ਼ਰਾਬ ਅਤੇ ਡਰੱਗਜ਼ ਦੇ ਕਾਲੇ ਕਾਰੋਬਾਰ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰੇਗੀ ਅਤੇ ਨਾ ਹੀ ਇਸ ਨੂੰ ਕਿਸੇ ਵੀ ਪੱਧਰ 'ਤੇ ਚੱਲਣ ਦਿੱਤਾ ਜਾਵੇਗਾ। ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜਿਹੜੇ ਲੋਕ ਇਨ੍ਹਾਂ ਗਲਤ ਕੰਮਾਂ ਵਿੱਚ ਸ਼ਾਮਲ ਹਨ ਯਾ ਤਾਂ ਉਹ ਖੁਦ ਸੁਧਰ ਜਾਣ ਨਹੀਂ ਤਾਂ ਸਖ਼ਤ ਪੁਲਸ ਕਾਰਵਾਈਆਂ ਨੂੰ ਝੱਲਣ ਲਈ ਤਿਆਰ ਰਹਿਣ। 

ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਇਲਾਕੇ 'ਚ ਹੋ ਰਹੀਆਂ ਚੋਰੀ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ 'ਤੇ ਕਰੜੀ ਠੱਲ੍ਹ ਪਾਈ ਜਾਵੇਗੀ ਅਤੇ ਜਿਹੜੇ ਅਸਮਾਜਿਕ ਅਨਸਰ ਇਨ੍ਹਾਂ 'ਚ ਸ਼ਾਮਲ ਪਾਏ ਜਾਂਦੇ ਹਨ ਉਨ੍ਹਾਂ ਦੀ ਪਛਾਣ ਕਰ ਉਨ੍ਹਾਂ ਦੀ ਜਲਦ ਤੋਂ ਜਲਦ ਪੁਲਸ ਗ੍ਰਿਫਤਾਰੀ ਹੋਵੇਗੀ। ਉਨ੍ਹਾਂ ਕਿਹਾ ਕਿ ਪੁਲਸ ਥਾਣੇ 'ਚ ਸ਼ਿਕਾਇਤ ਲੈ ਕੇ ਆਉਣ ਵਾਲੇ ਸਾਰੇ ਲੋਕਾਂ ਦੀ ਪਹਿਲ ਦੇ ਅਧਾਰ 'ਤੇ ਨਿਰਪੱਖ ਤਰੀਕੇ ਨਾਲ ਪੂਰੀ ਸੁਣਵਾਈ ਹੋਵੇਗੀ ਅਤੇ ਲੋਕਾਂ ਨੂੰ ਪੁਲਸ ਪਾਸੋਂ ਪੂਰਾ ਇਨਸਾਫ ਮਿਲੇਗਾ। ਇਕ ਸਵਾਲ ਦੇ ਜਵਾਬ 'ਚ ਖੱਖ ਨੇ ਆਖਿਆ ਕਿ ਫਗਵਾੜਾ 'ਚ ਹੋਏ ਅੰਨ੍ਹੇ ਕਤਲ ਕਾਂਡਾਂ ਦੇ ਸਾਰੇ ਮਾਮਲਿਆਂ ਨੂੰ ਸੁਲਝਾਉਣ ਲਈ ਪੁਲਸ ਦੀਆਂ ਐੱਸ. ਆਈ. ਟੀ. ਟੀਮਾਂ ਬਣਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੀ. ਸੀ. ਆਰ. ਵਿੰਗ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਅਤੇ ਜਿੱਥੇ ਕਿਤੇ ਵੀ ਵਾਰਦਾਤ ਦੀ ਸੂਚਨਾ ਮਿਲੇਗੀ ਪੁਲਸ ਟੀਮ ਤੁਰੰਤ ਮੌਕੇ 'ਤੇ ਪਹੁੰਚ ਕੇ ਕਾਰਵਾਈ ਨੂੰ ਪੂਰਾ ਕਰੇਗੀ। 

ਫਗਵਾੜਾ ਦੇ ਪੁਲਸ ਥਾਣਿਆਂ 'ਚ ਪੁਲਸ ਕਰਮਚਾਰੀਆਂ ਦੀ ਗਿਣਤੀ ਨੂੰ ਹੋਰ ਵਧਾਇਆ ਜਾਵੇਗਾ ਤਾਂ ਕਿ ਕਿਸੇ ਵੀ ਪੱਧਰ 'ਤੇ ਪੁਲਸ ਫੋਰਸ ਦੀ ਕਮੀ ਨਾ ਹੋਵੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਜ਼ਿਲ੍ਹਾ ਕਪੂਰਥਲਾ ਐੱਸ. ਐੱਸ. ਪੀ. ਦਫ਼ਤਰ ਸਣੇ ਸਾਰੀਆਂ ਸਬ ਡਿਵੀਜ਼ਨਾਂ ਦੇ ਪੁਲਸ ਥਾਣਿਆਂ 'ਚ ਪੈਂਡਿੰਗ ਚੱਲ ਰਹੀਆਂ ਸ਼ਿਕਾਇਤਾਂ ਨੂੰ ਪਹਿਲ ਦੇ ਆਧਾਰ 'ਤੇ ਪੁਲਸ ਕਾਰਵਾਈ ਕਰਦੇ ਹੋਏ ਪੂਰਾ ਕੀਤਾ ਜਾਵੇਗਾ। ਐੱਸ. ਐੱਸ. ਪੀ. ਸ੍ਰੀ ਖੱਖ ਨੇ ਕਿਹਾ ਕਿ ਫਗਵਾੜਾ ਦੇ ਨਾਲ ਉਨ੍ਹਾਂ ਦਾ ਖਾਸ ਪਿਆਰ ਅਤੇ ਨਾਤਾ ਰਿਹਾ ਹੈ ਕਿਉਂਕਿ ਉਹ ਇਸੇ ਸ਼ਹਿਰ 'ਚ ਪਹਿਲਾਂ ਡੀ. ਐੱਸ. ਪੀ. ਅਤੇ ਫੇਰ ਐੱਸ. ਪੀ. ਬਣ ਕੇ ਲੋਕਾਂ ਦੀ ਸੇਵਾ ਕਰਦੇ ਰਹੇ ਹਨ। ਉਨ੍ਹਾਂ ਨੂੰ ਫਗਵਾੜਾ ਦੀ ਲੋਕ ਸਮੱਸਿਆਵਾਂ ਬਾਰੇ ਪਤਾ ਹੈ ਅਤੇ ਉਹ ਦਿਲ ਤੋਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ ਜਿਨ੍ਹਾਂ ਉਨ੍ਹਾਂ ਨੂੰ ਜ਼ਿਲ੍ਹਾ ਕਪੂਰਥਲਾ ਪੁਲਸ ਮੁਖੀ ਬਣਾ ਕੇ ਬਤੌਰ ਐੱਸ. ਐੱਸ. ਪੀ. ਇਕ ਵਾਰੀ ਫੇਰ ਫਗਵਾੜੇ ਦੇ ਲੋਕਾਂ ਅਤੇ ਜ਼ਿਲ੍ਹਾ ਕਪੂਰਥਲਾ ਦੀ ਜਨਤਾ ਦੀ ਸੇਵਾ ਕਰਨ ਦੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਇਸ ਮੌਕੇ 'ਤੇ ਡੀ. ਐੱਸ. ਪੀ. ਫਗਵਾੜਾ ਪਰਮਜੀਤ ਸਿੰਘ ਸਣੇ ਕਈ ਸੀਨੀਅਰ ਪੁਲਸ ਅਧਿਕਾਰੀ ਮੌਜੂਦ ਸਨ।


author

Bharat Thapa

Content Editor

Related News