ਲੋਕ ਚੇਤਨਾ ਲਹਿਰ ਪੰਜਾਬ ਦੀ ਅਗਵਾਈ ਵਿਚ ਈਸਡ਼ੂ ਵਿਖੇ ਰੋਸ ਪ੍ਰਦਰਸ਼ਨ
Friday, Aug 17, 2018 - 04:19 AM (IST)
ਖੰਨਾ, (ਸੁਖਵਿੰਦਰ ਕੌਰ)- ਸ਼ਹੀਦ ਕਰਨੈਲ ਸਿੰਘ ਅਤੇ ਸ਼ਹੀਦ ਭੁਪਿੰਦਰ ਸਿੰਘ ਈਸਡ਼ੂ ਦੀ ਯਾਦ ਵਿੱਚ ਹਰ ਸਾਲ ਅਾਜ਼ਾਦੀ ਦਿਹਾਡ਼ੇ ਨੂੰ ਸਮਰਪਿਤ ਈਸਡ਼ੂ ਵਿਖੇ ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਸਿਆਸੀ ਜਲਸੇ ਕੀਤੇ ਜਾਂਦੇ ਹਨ, ਉਥੇ ਇਸ ਵਾਰ ਲੋਕ ਚੇਤਨਾ ਲਹਿਰ ਪੰਜਾਬ ਦੇ ਪ੍ਰਧਾਨ ਸੰਦੀਪ ਸਿੰਘ ਰੁਪਾਲੋਂ ਦੀ ਅਗਵਾਈ ਵਿੱਚ ਵੱਖ-ਵੱਖ ਜੱਥੇਬੰਦੀਆਂ ਵੱਲੋਂ ਜਿੱਥੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ, ਉਥੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਆਗੂਆਂ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ-ਪੱਤਰ ਅਤੇ ਕਾਂਗਰਸ ਪਾਰਟੀ ਦੇ 2017 ਵਾਲੇ ਚੋਣ ਮਨੋਰਥ ਪੱਤਰ ਭੇਟ ਕਰਨ ਦਾ ਪ੍ਰੋਗਰਾਮ ਸੀ ਪਰ ਮੁੱਖ ਮੰਤਰੀ ਦੇ ਨਾ ਪਹੁੰਚਣ ਕਰ ਕੇ ਸਫਲ ਨਹੀਂ ਹੋ ਸਕਿਆ।
ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਲੋਕ ਚੇਤਨਾ ਲਹਿਰ ਪੰਜਾਬ ਦੇ ਪ੍ਰਧਾਨ ਸੰਦੀਪ ਸਿੰਘ ਰੁਪਾਲੋਂ ਨੇ ਕਿਹਾ ਕਿ ਕੈਪਟਨ ਸਰਕਾਰ ਦਾ ਮੈਨੀਫੈਸਟੋ ਝੂਠ ਦਾ ਪੁਲੰਦਾ ਸਾਬਤ ਹੋਇਆ ਹੈ, ਕੈਪਟਨ ਸਾਹਿਬ ਨੇ ਪਵਿੱਤਰ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕਿਹਾ ਸੀ ਕਿ ਮੈਂ ਪੰਜਾਬ ਵਿੱਚੋਂ ਇੱਕ ਹਫ਼ਤੇ ਵਿੱਚ ਨਸ਼ਾ ਖਤਮ ਕਰ ਦਿਆਂਗਾ, ਪਰ ਨਸ਼ੇ ਨਾਲ ਹੁੰਦੀਆਂ ਹਰ ਰੋਜ਼ ਮੌਤਾਂ ਕੈਪਟਨ ਦੇ ਬੋਲੇ ਝੂਠ ਦੀ ਗਵਾਹੀ ਭਰਦੀਆਂ ਹਨ, ਘਰ-ਘਰ ਨੂੰ ਨੌਕਰੀ, ਕਿਸਾਨਾਂ ਅਤੇ ਮਜ਼ਦੂਰਾਂ ਦੇ ਕਰਜ਼ਿਆਂ ’ਤੇ ਸਾਫ ਲੀਕ ਮਾਰਨਾ, ਰੇਤੇ ਦੀ ਹੁੰਦੀ ਲੁੱਟ ਬੰਦ ਕਰਨਾ, ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਖਤਮ ਕਰਨਾ ਆਦਿ ਵਾਅਦੇ ਝੂਠੇ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਹਰ ਮੁਹਾਜ਼ ਉਤੇ ਬੁਰੀ ਤਰ੍ਹਾਂ ਫੇਲ ਹੋਈ ਹੈ।
ਲੋਕ ਚੇਤਨਾ ਲਹਿਰ ਦੇ ਸੂਬਾ ਪ੍ਰਧਾਨ ਸੰਦੀਪ ਸਿੰਘ ਰੁਪਾਲੋਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕਾਂਗਰਸੀ ਲੀਡਰ ਹਿੱਕ ਥਾਪਡ਼ ਕੇ ਕਹਿੰਦੇ ਸਨ ਕਿ ਅਕਾਲੀ ਲੀਡਰਾਂ ਦੀ ਸ਼ਹਿ ’ਤੇ ਨਸ਼ਾ ਵਿਕਦਾ ਪਰ ਸਰਕਾਰ ਇਕ ਵੀ ਅਕਾਲੀ ਲੀਡਰ ਦੇ ਖਿਲਾਫ਼ ਕਾਰਵਾਈ ਨਹੀਂ ਕਰ ਸਕੀ, ਅਸੀ ਅੱਜ ਕੈਪਟਨ ਅਮਰਿੰਦਰ ਸਿੰਘ ਨੂੰ ਗੁਰਬਾਣੀ ਦਾ ਗੁਟਕਾ ਸਾਹਿਬ ਅਤੇ ਉਹਨਾਂ ਦੀ ਪਾਰਟੀ ਦਾ ਮੈਨੀਫੈਸਟੋ ਦੇਣਾ ਚਹੁੰਦੇ ਸੀ, ਪਰ ਕੈਪਟਨ ਸਾਹਿਬ ਨਹੀਂ ਆਏ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਸਾਨੂੰ ਕੋਈ ਆਸ ਨਹੀਂ ਰੱਖਣੀ ਚਾਹੀਦੀ, ਬਲਕਿ ਰਲ ਕੇ ਸੰਘਰਸ਼ ਕਰਨਾ ਚਾਹੀਦਾ ਹੈ।
ਇਸ ਮੌਕੇ ਰਿਪਬਲਿੰਕਨ ਪਾਰਟੀ ਦੇ ਪੰਜਾਬ ਪ੍ਰਧਾਨ ਮੁਖਤਿਆਰ ਸਿੰਘ ਅਰਸ਼ੀ, ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਪ੍ਰਧਾਨ ਅਵਤਾਰ ਸਿੰਘ ਭੱਟੀ, ਲੋਕ ਚੇਤਨਾ ਲਹਿਰ ਦੇ ਆਗੂ ਹਰਨੇਕ ਸਿੰਘ ਖੰਨਾ, ਚੌਧਰੀ ਚਰਨ ਦਾਸ ਤਲਵੰਡੀ, ਅਮਰਜੀਤ ਸਿੰਘ ਬਾਲਿਉ, ਰਣਬੀਰ ਸਿੰਘ ਰਾਣਾ ਫਿਰੋਜ਼ਪੁਰ, ਗੁਰਸਾਹਿਬ ਸਿੰਘ, ਪਰਦੀਪ ਸਿੰਘ ਬਾਵਾ, ਹਰਭਜਨ ਸਿੰਘ ਦੁਲਮਾਂ ਆਦਿ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ਖਿਲਾਫ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਕਿਹਾ ਕਿ ਧਾਰਮਕ ਅਸਥਾਨਾਂ ਤੋਂ ਸਿਆਸੀ ਦੂਸ਼ਣਬਾਜ਼ੀ ਬੰਦ ਹੋਣੀ ਚਾਹੀਦੀ ਹੈ। ਇਸ ਮੌਕੇ ਰਾਮ ਸਿੰਘ ਜਰਗ, ਸੋਮਾ ਸਿੰਘ ਸੁੰਮਣ, ਅਸ਼ਦੀਪ ਸਿੰਘ ਧਾਲੀਵਾਲ, ਨਰਿੰਦਰ ਸਿੰਘ ਝੂਟੀ, ਲੰਕੇਸ਼ ਕੁਮਾਰ, ਸੁਖਦੇਵ ਸਿੰਘ, ਅਮਰਜੀਤ ਸਿੰਘ ਮਾਜਰਾ, ਸੰਦੀਪ ਸਿੰਘ ਲੁਧਿਆਣਾ, ਗੁਰਦਿਆਲ ਸਿੰਘ, ਬਲਦੇਵ ਸਿੰਘ ਆਦਿ ਸ਼ਾਮਲ ਸਨ।