PSTET ਪ੍ਰੀਖਿਆ ਪੁਖ਼ਤਾ ਪ੍ਰਬੰਧਾਂ ਹੇਠ ਚਾੜ੍ਹਿਆ ਨੇਪਰੇ : ਕ੍ਰਿਸ਼ਨ ਕੁਮਾਰ

01/19/2020 9:09:43 PM

ਜੈਤੋ (ਵੀਰਪਾਲ/ਗੁਰਮੀਤਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਲਈ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਨੂੰ ਅਮਨ-ਅਮਾਨ ਅਤੇ ਪੁਖ਼ਤਾ ਪ੍ਰਬੰਧਾਂ ਨਾਲ ਨੇਪਰੇ ਚਾੜ੍ਹਿਆ ਗਿਆ| ਜਿਨ੍ਹਾਂ ਨਕਲ ਅਤੇ ਇਮਪਰਸੋਨੇਸ਼ਨ ਦੇ ਖ਼ਦਸ਼ਿਆਂ ਕਾਰਨ PSTET ਪ੍ਰੀਖਿਆ ਨੂੰ ਕੁਝ ਦਿਨ ਟਾਲਣਾ ਪਿਆ ਸੀ। ਉਸ 'ਤੇ ਸਿੱਖਿਆ ਵਿਭਾਗ ਪੰਜਾਬ ਪੂਰੀ ਤਰ੍ਹਾਂ ਨਕੇਲ ਕੱਸਣ ਤੇ ਕਾਮਯਾਬ ਰਿਹਾ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਕੱਤਰ ਸਕੂਲ ਸਿੱਖਿਆ ਕਮ ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ ਕ੍ਰਿਸ਼ਨ ਕੁਮਾਰ, ਆਈ.ਏ.ਐੱਸ ਨੇ ਪੰਜਾਬ ਦੇ ਬਠਿੰਡਾ, ਬਰਨਾਲਾ, ਸੰਗਰੂਰ ਅਤੇ ਪਟਿਆਲਾ ਜ਼ਿਲ੍ਹਿਆਂ ਦੇ ਕਈ PSTET ਪ੍ਰੀਖਿਆ ਕੇਂਦਰਾਂ ਦਾ ਦੌਰਾ ਕਰਨ ਉਪਰੰਤ ਕੀਤਾ। ਉਨ੍ਹਾਂ ਕਿਹਾ ਕਿ ਸਮੂਹ PSTET ਪ੍ਰੀਖਿਆ ਕੇਂਦਰਾਂ 'ਚ ਉਮੀਦਵਾਰਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਸੀ। ਡਿਊਟੀ ਸਟਾਫ਼ ਨੇ ਬਹੁਤ ਹੀ ਮੁਸਤੈਦੀ ਅਤੇ ਸੁਹਿਰਦਤਾ ਨਾਲ ਆਪਣੀ ਡਿਊਟੀ ਨਿਭਾਈ| ਉਨ੍ਹਾਂ ਕਿਹਾ ਕਿ ਪ੍ਰੀਖਿਆ ਕੇਂਦਰਾਂ 'ਤੇ ਵਿਸ਼ੇਸ਼ ਤੌਰ 'ਤੇ ਵੀਡਿਓ ਰਿਕਾਰਡਿੰਗ ਕਰਵਾਈ ਗਈ ਅਤੇ ਸਿੱਖਿਆ ਅਧਿਕਾਰੀਆਂ ਅਤੇ ਸਿੱਖਿਆ ਬੋਰਡ ਦੇ ਅਧਿਕਾਰੀਆਂ ਨੇ ਆਪਣੀਆਂ ਡਿਊਟੀਆਂ ਨੂੰ ਬਾਖ਼ੂਬੀ ਨਿਭਾਇਆ।

ਸਿੱਖਿਆ ਬੋਰਡ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ PSTET ਪ੍ਰੀਖਿਆ ਡਿਊਟੀ ਸਟਾਫ਼ ਵੱਲੋਂ ਜਿਨ੍ਹਾਂ ਉਮੀਦਵਾਰਾਂ ਤੇ ਇਮਪਰਸੋਨੇਸ਼ਨ ਦਾ ਸ਼ੱਕ ਪਾਇਆ ਗਿਆ, ਉੱਥੇ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਗਈ। ਡਿਊਟੀ ਮੈਜਿਸਟ੍ਰੇਟ ਨੇ ਮੌਕੇ 'ਤੇ ਹੀ ਕਾਰਵਾਈ ਵੀ ਆਰੰਭ ਦਿੱਤੀ। ਉਨ੍ਹਾਂ ਕਿਹਾ ਕਿ ਅਧਿਆਪਕ ਯੋਗਤਾ ਟੈਸਟ ਵਿੱਚ ਨਕਲ ਅਤੇ ਇਮਪਰਸੋਨੇਸ਼ਨ ਵਰਗੀਆਂ ਗੈਰ-ਜ਼ਿੰਮੇਵਾਰਾਨਾ ਕਾਰਵਾਈਆਂ ਕਰਨ ਵਾਲੇ ਉਮੀਦਵਾਰਾਂ 'ਤੇ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਸਿੱਖਿਆ ਬੋਰਡ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਕਮ ਡੀ.ਜੀ.ਐੱਸ.ਈ. ਮੁਹੰਮਦ ਤਈਅਬ ਅਤੇ ਡੀ.ਪੀ.ਆਈ. (ਐਲੀਮੈਂਟਰੀ) ਇੰਦਰਜੀਤ ਸਿੰਘ ਨੇ ਵੀ ਪੰਜਾਬ 'ਚ ਬਣੇ ਵੱਖ-ਵੱਖ PSTET ਪ੍ਰੀਖਿਆ ਕੇਂਦਰਾਂ ਦਾ ਦੌਰਾ ਕੀਤਾ| ਕੰਟਰੋਲਰ ਪ੍ਰੀਖਿਆਵਾਂ ਜੇ.ਆਰ. ਮਹਿਰੋਕ ਨੇ ਜਾਣਕਾਰੀ ਦਿੱਤੀ ਕਿ PSTET-1 ਦੀ ਸਵੇਰ ਸਮੇਂ ਹੋਈ ਪ੍ਰੀਖਿਆ 'ਚ 63747 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ| ਇਸ 'ਚ ਨਕਲ ਦੇ ਦੋ ਕੇਸ ਬਣੇ, ਜਿਸ 'ਚ ਇੱਕ ਜ਼ਿਲ੍ਹਾ ਫ਼ਰੀਦਕੋਟ ਅਤੇ ਦੂਜਾ ਜ਼ਿਲ੍ਹਾ ਮੁਕਤਸਰ ਸਾਹਿਬ 'ਚ ਬਣਿਆ| PSTET-2 ਦੀ ਸ਼ਾਮ ਸਮੇਂ ਹੋਈ ਪ੍ਰੀਖਿਆ ਵਿੱਚ 83754 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ।

ਮਹਿਰੋਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਸਿੱਖਿਆ ਵਿਭਾਗ ਦੇ 66 ਅਧਿਕਾਰੀਆਂ ਤੋਂ ਇਲਾਵਾ ਫਲਾਇੰਗ ਸਕੁਆਇਡ ਟੀਮਾਂ ਵੀ ਕੇਂਦਰਾਂ ਦਾ ਅਚਨਚੇਤ ਨਿਰੀਖਣ ਕਰਨ ਲਈ ਮੁੱਖ ਦਫ਼ਤਰ ਵੱਲੋਂ ਭੇਜੀਆਂ ਗਈਆਂ ਸਨ। ਸਕੱਤਰ ਸਕੂਲ ਸਿੱਖਿਆ ਕਮ ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ ਕ੍ਰਿਸ਼ਨ ਕੁਮਾਰ, ਆਈ.ਏ.ਐੱਸ. ਅਤੇ ਡੀ.ਜੀ.ਐੱਸ.ਈ. ਕਮ ਸਕੱਤਰ, ਪੰਜਾਬ ਸਕੂਲ ਸਿੱਖਿਆ ਬੋਰਡ ਮੁਹੰਮਦ ਤਈਅਬ ਨੇ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਪ੍ਰਕਿਰਿਆ ਨੂੰ ਸਫ਼ਲਤਾ ਪੂਰਵਕ ਆਯੋਜਿਤ ਕਰਨ ਲਈ ਸਮੂਹ ਅਧਿਕਾਰੀਆਂ ਅਤੇ ਅਧਿਆਪਕਾਂ ਦੇ ਕੰਮ ਦੀ ਸਰਾਹਨਾ ਕੀਤੀ|


Sunny Mehra

Content Editor

Related News