PSPCL ਨੇ ਹੁਣ ਤੱਕ ਦੀ ਸਭ ਤੋਂ ਵੱਡੀ ਬਿਜਲੀ ਦੀ ਮੰਗ ਕੀਤੀ ਪੂਰੀ : ਹਰਭਜਨ ਸਿੰਘ

Tuesday, Aug 23, 2022 - 11:06 PM (IST)

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ੀ ਅਗਵਾਈ 'ਚ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਨੇ 22 ਅਗਸਤ 2022 ਨੂੰ ਆਪਣੀ ਹੁਣ ਤੱਕ ਦੀ ਸਭ ਤੋਂ ਵੱਧ 14,295 ਮੈਗਾਵਾਟ ਦੀ ਬਿਜਲੀ ਦੀ ਮੰਗ ਨੂੰ ਸਫਲਤਾਪੂਰਵਕ ਪੂਰਾ ਕਰ ਲਿਆ ਹੈ। ਇਸ ਤਰ੍ਹਾਂ ਪੀ.ਐੱਸ.ਪੀ.ਸੀ.ਐੱਲ. ਨੇ 29 ਜੂਨ 2022 ਨੂੰ ਦਰਜ ਕੀਤੀ ਗਈ 14,207 ਮੈਗਾਵਾਟ ਦੀ ਪਿਛਲੀ ਵਾਰ ਦੀ ਮੰਗ ਨੂੰ ਪਛਾੜ ਦਿੱਤਾ ਹੈ। ਅਪ੍ਰੈਲ ਤੋਂ ਹੁਣ ਤੱਕ ਸਪਲਾਈ ਕੀਤੀ ਬਿਜਲੀ ਵਿੱਚ ਕੁਲ 12.87 ਫ਼ੀਸਦੀ ਦਾ ਵਾਧਾ ਹੋਇਆ ਹੈ, ਜੋ ਕਿ ਸਾਲ 2021 'ਚ 29,452 ਐੱਮ.ਯੂ. ਦੇ ਮੁਕਾਬਲੇ 33,242 ਐੱਮ.ਯੂ. ਹੈ।

ਖ਼ਬਰ ਇਹ ਵੀ : ਫਿਰ ਲਿਖੇ ਗਏ ਖ਼ਾਲਿਸਤਾਨੀ ਨਾਅਰੇ, ਉਥੇ ਬੰਬੀਹਾ ਗਰੁੱਪ ਨੇ ਗਾਇਕ ਮਨਕੀਰਤ ਨੂੰ ਦਿੱਤੀ ਧਮਕੀ, ਪੜ੍ਹੋ TOP 10

ਇਹ ਜਾਣਕਾਰੀ ਦਿੰਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਵੱਧ ਤਾਪਮਾਨ ਅਤੇ ਝੋਨੇ ਦੀ ਬਿਜਾਈ ਦੇ ਸ਼ੁਰੂ ਵਿੱਚ ਸਿੰਚਾਈ ਦੀ ਵੱਧ ਮੰਗ ਕਾਰਨ ਜੂਨ ਮਹੀਨੇ ਦੇ ਅਖ਼ੀਰ ਜਾਂ ਜੁਲਾਈ ਦੀ ਸ਼ੁਰੂਆਤ ਦੌਰਾਨ ਬਿਜਲੀ ਦੀ ਮੰਗ ਜ਼ਿਆਦਾ ਹੁੰਦੀ ਹੈ ਪਰ ਇਸ ਸਾਲ ਪਹਿਲਾਂ ਦੇ ਮੁਕਾਬਲੇ ਖੁਸ਼ਕ ਮੌਸਮ ਹੋਣ ਕਾਰਨ ਸੂਬੇ ਵਿੱਚ ਬਿਜਲੀ ਦੀ ਸਿਖਰਲੀ ਮੰਗ ਅਗਸਤ ਦੇ ਅੰਤ ਤੱਕ ਬਰਕਰਾਰ ਹੈ। ਉਨ੍ਹਾਂ ਅੱਗੇ ਕਿਹਾ ਕਿ 22 ਅਗਸਤ ਤੱਕ ਪੀ.ਐੱਸ.ਪੀ.ਸੀ.ਐੱਲ. ਨੇ ਬਿਜਲੀ ਦੀ ਮੰਗ ਵਿੱਚ 6.57 ਫ਼ੀਸਦੀ ਦੇ ਵਾਧੇ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ, ਭਾਵ ਪਿਛਲੇ ਸਾਲ ਇਸ ਸਮੇਂ ਦੌਰਾਨ 5,927 ਐੱਮ.ਯੂ. ਦੇ ਮੁਕਾਬਲੇ 6,316 ਐੱਮ.ਯੂ. ਦੀ ਮੰਗ ਪੂਰੀ ਕੀਤੀ ਗਈ ਹੈ। ਪੀ.ਐੱਸ.ਪੀ.ਸੀ.ਐੱਲ. ਨੇ ਹੋਰਨਾਂ ਰਾਜਾਂ ਤੋਂ ਬਿਜਲੀ ਲੈ ਕੇ ਅਤੇ ਕੇਂਦਰੀ ਸੈਕਟਰ ਤੋਂ 1300 ਮੈਗਾਵਾਟ ਵਾਧੂ ਬਿਜਲੀ ਦੀ ਅਲਾਟਮੈਂਟ ਰਾਹੀਂ ਬਿਜਲੀ ਦੇ ਵਾਧੂ ਪ੍ਰਬੰਧ ਕੀਤੇ ਹਨ।

ਇਹ ਵੀ ਪੜ੍ਹੋ : ਜਲਿਆਂਵਾਲਾ ਬਾਗ 'ਚ ਆਜ਼ਾਦੀ ਘੁਲਾਟੀਆਂ ਦੇ ਸਾਰੇ ਹਵਾਲੇ ਪੰਜਾਬੀ ਵਿੱਚ ਹੋਣੇ ਚਾਹੀਦੇ ਹਨ : ਵਿਕਰਮਜੀਤ ਸਾਹਨੀ

ਜ਼ਿਕਰਯੋਗ ਹੈ ਕਿ ਰਣਜੀਤ ਸਾਗਰ ਹਾਈਡਰੋ ਪਾਵਰ ਪ੍ਰਾਜੈਕਟ ਨੇ 22 ਅਗਸਤ ਨੂੰ ਇਕ ਦਿਨ ਵਿੱਚ ਵੱਧ ਤੋਂ ਵੱਧ 149.55 ਐੱਲ.ਯੂ. ਬਿਜਲੀ ਪੈਦਾ ਕੀਤੀ ਹੈ, ਜੋ ਕਿ ਇਸ ਦੇ ਸ਼ੁਰੂ ਹੋਣ ਦੀ ਮਿਤੀ ਤੋਂ ਲੈ ਕੇ 28 ਅਗਸਤ 2019 ਨੂੰ ਇਸ ਦੇ ਪਿਛਲੇ 149.02 ਐੱਲ.ਯੂ. ਬਿਜਲੀ ਉਤਪਾਦਨ ਨੂੰ ਪਾਰ ਕਰ ਗਈ ਹੈ। ਉਨ੍ਹਾਂ ਕਿਹਾ ਕਿ ਪੀ.ਐੱਸ.ਪੀ.ਸੀ.ਐੱਲ. ਵੱਲੋਂ ਕਿਸੇ ਹੋਰ ਵਰਗ ਦੇ ਖਪਤਕਾਰਾਂ 'ਤੇ ਬਿਜਲੀ ਕੱਟ ਲਗਾਏ ਬਿਨਾਂ ਖੇਤੀ ਟਿਊਬਵੈੱਲਾਂ ਨੂੰ 8 ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News