PSPCL ਦਾ ਲਾਈਨਮੈਨ, ਪਤਨੀ ਤੇ ਭਰਜਾਈ ਨੂੰ ਕਰੋੜਾਂ ਰੁਪਏ ਦੀ ਹੈਰੋਇਨ ਸਣੇ ਕੀਤਾ ਗ੍ਰਿਫ਼ਤਾਰ

Monday, Jun 19, 2023 - 12:32 AM (IST)

PSPCL ਦਾ ਲਾਈਨਮੈਨ, ਪਤਨੀ ਤੇ ਭਰਜਾਈ ਨੂੰ ਕਰੋੜਾਂ ਰੁਪਏ ਦੀ ਹੈਰੋਇਨ ਸਣੇ ਕੀਤਾ ਗ੍ਰਿਫ਼ਤਾਰ

ਗੁਰਾਇਆ (ਮੁਨੀਸ਼)-ਪੀ. ਐੱਸ. ਪੀ. ਸੀ. ਐੱਲ. ’ਚ ਕੰਮ ਕਰਦੇ ਨਸ਼ਾ ਤਸਕਰ ਨੂੰ ਉਸ ਦੀ ਪਤਨੀ ਅਤੇ ਭਰਜਾਈ ਸਣੇ ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਨੂੰ ਗੁਰਾਇਆ ਪੁਲਸ ਨੇ ਅਦਾਲਤ ’ਚ ਪੇਸ਼ ਕਰਕੇ ਮਾਣਯੋਗ ਅਦਾਲਤ ਤੋਂ 4 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ, ਜਿਨ੍ਹਾਂ ਤੋਂ ਹੋਰ ਵੀ ਕਈ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਗੁਰਾਇਆ ਦੇ ਐੱਸ. ਐੱਚ. ਓ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਗੁਰਾਇਆ ਦੇ ਲੰਗੜੀਆ ਮੁਹੱਲੇ ’ਚ ਨਸ਼ਾ ਤਸਕਰ ਨਸ਼ਾ ਵੇਚ ਰਹੇ ਹਨ ਅਤੇ ਨੌਜਵਾਨ ਵੱਡੀ ਗਿਣਤੀ ’ਚ ਨਸ਼ਾ ਲੈਣ ਲਈ ਆਉਂਦੇ ਹਨ।

ਇਹ ਖ਼ਬਰ ਵੀ ਪੜ੍ਹੋ : ਪਟਿਆਲਾ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ, ਮਾਪਿਆਂ ਦੇ ਇਕਲੌਤੇ ਪੁੱਤ ਦੀ ਦਰਦਨਾਕ ਮੌਤ

ਪੁਲਸ ਨੇ ਕਾਰਵਾਈ ਕਰਦਿਆਂ ਸੁਖਵਿੰਦਰ ਕੁਮਾਰ ਉਰਫ ਸੁੱਖਾ ਬੈਂਸ ਪੁੱਤਰ ਨਿਰਮਲ ਕੁਮਾਰ ਵਾਸੀ ਲੰਗੜੀਆ ਮੁਹੱਲਾ ਗੁਰਾਇਆ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਕੋਲੋਂ 120 ਗ੍ਰਾਮ ਹੈਰੋਇਨ ਤੇ ਉਸ ਦੀ ਪਤਨੀ ਅੰਜਲੀ ਕੋਲੋਂ ਵੀ 120 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਅਤੇ ਉਸ ਦੀ ਭਰਜਾਈ ਮੀਨਾ ਰਾਣੀ ਪਤਨੀ ਅਮਨਦੀਪ ਕੁਮਾਰ ਉਰਫ਼ ਰਿੰਕੂ ਨੂੰ ਕਾਬੂ ਕੀਤਾ ਹੈ, ਜਿਸ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ, ਜਿਨ੍ਹਾਂ ਕੋਲੋਂ ਪੁਲਸ ਨੇ ਕੁਲ 260 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸੁਖਵਿੰਦਰ ਕੁਮਾਰ ਸੁੱਖਾ, ਜੋ ਪੰਜਾਬ ਰਾਜ ਬਿਜਲੀ ਬੋਰਡ ਫਿਲੌਰ ’ਚ ਤਿੰਨ ਸਾਲ ਤੋਂ ਬਤੌਰ ਲਾਈਨਮੈਨ ਕੰਮ ਕਰਦਾ ਹੈ, ਜੋ ਨੌਕਰੀ ਦੇ ਨਾਲ-ਨਾਲ ਨਸ਼ਾ ਵੇਚਣ ਦਾ ਧੰਦਾ ਵੀ ਕਰਦਾ ਆ ਰਿਹਾ ਹੈ। ਇਸ ਦਾ ਵਿਆਹ ਤਕਰੀਬਨ ਡੇਢ ਸਾਲ ਪਹਿਲਾਂ ਅੰਜਲੀ ਨਾਲ ਹੋਇਆ ਸੀ, ਜੋ ਨਸ਼ਾ ਵੇਚਣ ਦਾ ਧੰਦਾ ਕਰਦੀ ਹੈ। ਐੱਸ.ਐੱਚ.ਓ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਅੰਜਲੀ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਦਾ ਪੇਕਾ ਪਿੰਡ ਲਗਦੋਆ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਹੈ, ਉਸ ਦੀ 8 ਮਹੀਨਿਆਂ ਦੀ ਬੱਚੀ ਹੈ।

ਇਹ ਖ਼ਬਰ ਵੀ ਪੜ੍ਹੋ : ਹਰਸਿਮਰਤ ਬਾਦਲ ਨੇ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਲਿਖਿਆ ਪੱਤਰ, MSP ਦੀ ਗਾਰੰਟੀ ਸਣੇ ਚੁੱਕੇ ਕਈ ਮੁੱਦੇ

ਇਲਾਕੇ ਤੋਂ ਇਲਾਵਾ ਉਹ ਆਸ-ਪਾਸ ਦੇ ਇਲਾਕਿਆਂ ’ਚ ਵੀ ਨਸ਼ੇ ਦੀ ਸਪਲਾਈ ਕਰਦਾ ਸੀ। ਮੀਨਾ ਰਾਣੀ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਅੰਜਲੀ ਅਤੇ ਸੁਖਵਿੰਦਰ ਕੁਮਾਰ ਸੁੱਖਾ ਤੋਂ ਹੈਰੋਇਨ ਖਰੀਦ ਕੇ ਵੇਚਦੀ ਸੀ, ਜਿਸ ਦਾ ਘਰਵਾਲਾ ਅਮਨਦੀਪ ਕੁਮਾਰ ਉਰਫ਼ ਰਿੰਕੂ ਨਸ਼ਾ ਤਸਕਰ ਹੈ, ਜੋ ਪਹਿਲਾਂ ਹੀ ਕਪੂਰਥਲਾ ਜੇਲ੍ਹ ’ਚ ਬੰਦ ਹੈ। ਇਸ ਦਾ ਪੇਕਾ ਫਿਲੌਰ ਦਾ ਪਿੰਡ ਕਡਿਆਣਾ ਹੈ, ਜਿਥੋਂ ਪਹਿਲਾਂ ਉਹ ਨਸ਼ਾ ਲਿਆਉਂਦਾ ਸੀ ਤੇ ਵੇਚਣ ਦਾ ਧੰਦਾ ਕਰਦੀ ਸੀ ਪਰ ਅੱਜ ਤੱਕ ਉਹ ਪੁਲਸ ਦੇ ਹੱਥ ਨਹੀਂ ਲੱਗੇ ਸਨ। ਪੁਲਸ ਪੁੱਛਗਿੱਛ ਵਿਚ ਸਾਹਮਣੇ ਆਇਆ ਹੈ ਕਿ ਸੁਖਵਿੰਦਰ ਕੁਮਾਰ ਸੁੱਖਾ ਅਤੇ ਉਸ ਦੀ ਪਤਨੀ ਅੰਜਲੀ ਦੋਵੇਂ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਅੰਮ੍ਰਿਤਸਰ ਦੇ ਪਿੰਡ ਵਾਲੇ ਪਾਸਿਓਂ ਨਸ਼ੇ ਦੀ ਵੱਡੀ ਖੇਪ ਲੈ ਕੇ ਆਉਂਦੇ ਸਨ, ਜੋ ਪਿਛਲੇ ਕਾਫੀ ਸਮੇਂ ਤੋਂ ਇਹ ਸਾਰੇ ਨਸ਼ੇ ਵੇਚਣ ਦਾ ਧੰਦਾ ਕਰ ਰਹੇ ਸਨ।

ਜਿਨ੍ਹਾਂ ਨੂੰ ਅੱਜ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਅਤੇ ਜਿਨ੍ਹਾਂ ਖ਼ਿਲਾਫ਼ ਪੁਲਸ ਰਿਕਾਰਡ ’ਚ ਅੱਜ ਤੱਕ ਕੋਈ ਕੇਸ ਦਰਜ ਨਹੀਂ ਹੈ। ਐੱਸ. ਐੱਚ. ਓ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਅੱਜ ਇਨ੍ਹਾਂ ਤਿੰਨਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ, ਜਿਥੋਂ 4 ਦਿਨ ਦਾ ਪੁਲਸ ਰਿਮਾਂਡ ਹਾਸਿਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿਉਂਕਿ ਇਨ੍ਹਾਂ ਨੇ ਨਸ਼ਾ ਵੇਚ ਕੇ ਕਾਫੀ ਜਾਇਦਾਦ ਬਣਾਈ ਹੈ। ਅਜੇ ਵੀ ਕੁਝ ਨਸ਼ਾ ਤਸਕਰ ਪੁਲਸ ਦੀ ਗ੍ਰਿਫ਼ਤ ਤੋਂ ਦੂਰ : ਜਿਸ ਇਲਾਕੇ ’ਚ ਪੁਲਸ ਨੇ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ, ਉਥੇ ਅਜੇ ਵੀ ਕੁਝ ਹੋਰ ਨਸ਼ਾ ਤਸਕਰ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਜਿੱਥੇ ਇਲਾਕਾ ਨਿਵਾਸੀਆਂ ਨੇ ਪੁਲਸ ਦੀ ਇਸ ਕਾਰਵਾਈ ਦੀ ਸ਼ਲਾਘਾ ਕੀਤੀ ਹੈ, ਉੱਥੇ ਹੀ ਇਲਾਕੇ ’ਚ ਅਜੇ ਵੀ ਕੁਝ ਵੱਡੇ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੀ ਪੁਲਸ ਤੋਂ ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ।


author

Manoj

Content Editor

Related News