PSEB ਦਾ ਪ੍ਰੀਖਿਆ ਕੇਂਦਰ ਕੰਟ੍ਰੋਲਰਾਂ ਨੂੰ ਅਜੀਬੋ-ਗਰੀਬ ਫਰਮਾਨ! ਵਿਦਿਆਰਥੀਆਂ ਲਈ ਵੀ ਜਾਰੀ ਹੋਇਆ ਇਹ ਹੁਕਮ

Wednesday, Mar 01, 2023 - 11:03 PM (IST)

PSEB ਦਾ ਪ੍ਰੀਖਿਆ ਕੇਂਦਰ ਕੰਟ੍ਰੋਲਰਾਂ ਨੂੰ ਅਜੀਬੋ-ਗਰੀਬ ਫਰਮਾਨ! ਵਿਦਿਆਰਥੀਆਂ ਲਈ ਵੀ ਜਾਰੀ ਹੋਇਆ ਇਹ ਹੁਕਮ

ਲੁਧਿਆਣਾ (ਵਿੱਕੀ)- 12ਵੀਂ ਕਲਾਸ ਦਾ ਇੰਗਲਿਸ਼ ਦਾ ਪੇਪਰ ਲੀਕ ਹੋਣ ਦੀ ਘਟਨਾ ਤੋਂ ਬਾਅਦ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅਜਿਹੇ ਮਾਮਲਿਆਂ ’ਤੇ ਰੋਕ ਲਾਉਣ ਲਈ ਬੇਸ਼ੱਕ ਕਈ ਯਤਨ ਕੀਤੇ ਜਾ ਰਹੇ ਹਨ ਪਰ ਇਹ ਯਤਨ ਕਿਤੇ ਨਾ ਕਿਤੇ ਪ੍ਰੀਖਿਆ ਕੇਂਦਰ ਕੰਟ੍ਰੋਲਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਨ ਲੱਗੇ ਹਨ। ਹੁਣ ਬੋਰਡ ਵਲੋਂ ਜੋ ਤਾਜ਼ਾ ਫਰਮਾਨ ਭੇਜਿਆ ਗਿਆ ਹੈ, ਉਹ ਅਸਲ ਵਿਚ ਹੀ ਹੈਰਾਨ ਕਰਨ ਵਾਲੇ ਹਨ। ਹੁਕਮਾਂ ਮੁਤਾਬਕ ਹੁਣ ਕੇਂਦਰ ਕੰਟ੍ਰੋਲਰਾਂ ਨੂੰ ਬੈਂਕਾਂ ਤੋਂ ਪ੍ਰਸ਼ਨ-ਪੱਤਰ ਦੇ ਪੈਕੇਟ ਰਸੀਵ ਕਰਨ ਤੋਂ ਲੈ ਕੇ ਪ੍ਰੀਖਿਆ ਕੇਂਦਰ ’ਤੇ ਵਾਪਸ ਪੁੱਜਣ ਤੱਕ ਪ੍ਰਸ਼ਨ-ਪੱਤਰ ਹੱਥ ’ਚ ਲੈ ਕੇ ਆਪਣੀਆਂ ਤਿੰਨੋਂ ਲੋਕੇਸ਼ਨਾਂ ਦੀਆਂ 3 ਫੋਟੋਆਂ ਤਰੀਕ ਦੇ ਨਾਲ ਬੋਰਡ ਵਲੋਂ ਬਣਾਏ ਵ੍ਹਟਸਐਪ ਗਰੁੱਪ ’ਚ ਸ਼ੇਅਰ ਕਰਨੀਆਂ ਹੋਣਗੀਆਂ।

ਇਹ ਖ਼ਬਰ ਵੀ ਪੜ੍ਹੋ - ਨੌਜਵਾਨ ਨੂੰ ਹਿਰਾਸਤ 'ਚੋਂ ਛੱਡਣ ਲਈ ਢਾਈ ਲੱਖ ਦੀ ਰਿਸ਼ਵਤ ਮੰਗ ਰਿਹਾ ਸੀ SI, ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ

ਕੰਟ੍ਰੋਲਰਾਂ ਨੇ ਇਸ ਹੁਕਮ ਨੂੰ ਅਜੀਬ ਦੱਸਦੇ ਹੋਏ ਸੁਝਾਅ ਦਿੱਤਾ ਹੈ ਕਿ ਬੋਰਡ ਨੂੰ ਚਾਹੀਦਾ ਹੈ ਕਿ ਸੈਂਟਰ ਸੁਪਰਡੈਂਟ ਦੀ ਡਿਊਟੀ ਤੈਅ ਕੀਤੀ ਜਾਵੇ ਕਿ ਪ੍ਰੀਖਿਆ ਕੇਂਦਰ ’ਤੇ ਪ੍ਰਸ਼ਨ ਪੱਤਰ ਦੇ ਪੈਕੇਟ ਪੁੱਜਦੇ ਹੀ ਉਸ ਨੂੰ ਚੈੱਕ ਕਰਨ, ਜੇਕਰ ਕੋਈ ਸ਼ੱਕ ਲਗਦਾ ਹੈ ਤਾਂ ਉਸੇ ਸਮੇਂ ਬੋਰਡ ਨੂੰ ਰਿਪੋਰਟ ਕਰਨ। ਅਜਿਹੇ ਹੁਕਮਾਂ ਤੋਂ ਸਕੂਲਾਂ ਦੀ ਪ੍ਰੇਸ਼ਾਨੀ ਹੀ ਵਧਦੀ ਹੈ।

PunjabKesari

ਇਸ ਤੋਂ ਪਹਿਲਾਂ ਪੀ. ਐੱਸ. ਈ. ਬੀ. ਦੇ ਉਕਤ ਹੁਕਮ ਆਉਂਦੇ ਹੀ ਕੇਂਦਰ ਕੰਟ੍ਰੋਲਰਾਂ ਨੂੰ ਹੈਰਾਨੀ ਤਾਂ ਹੋਈ ਪਰ ਸਾਰਿਆਂ ਨੇ ਹੁਕਮਾਂ ਨੂੰ ਮੰਨਿਆ ਵੀ। ਜਾਣਕਾਰੀ ਮੁਤਾਬਕ ਅੱਜ 12ਵੀਂ ਗਣਿਤ ਵਿਸ਼ੇ ਦਾ ਪੇਪਰ ਸੀ। ਕੇਂਦਰ ਕੰਟ੍ਰੋਲਰਾਂ ਨੇ ਦੱਸਿਆ ਕਿ ਬੋਰਡ ਨੇ ਕਿਹਾ ਕਿ 12ਵੀਂ ਅਤੇ 10ਵੀਂ ਦੇ ਬੈਂਕ ’ਚੋਂ ਪ੍ਰਸ਼ਨ-ਪੱਤਰ ਰਸੀਵ ਕਰਨ ਤੋਂ ਪਹਿਲਾਂ ਐਂਟਰੀ ਦੀ ਫੋਟੋ, ਫਿਰ ਪ੍ਰਸ਼ਨ ਪੱਤਰ ਪ੍ਰਾਪਤ ਕਰ ਕੇ ਬੈਂਕ ਤੋਂ ਰਵਾਨਗੀ ਦੀ ਫੋਟੋ ਅਤੇ ਬਾਅਦ ’ਚ ਕੇਂਦਰ ’ਚ ਪੁੱਜਣ ਦੀ ਫੋਟੋ ਵ੍ਹਟਸਐਪ ਗਰੁੱਪ ’ਚ ਸ਼ੇਅਰ ਕਰਨੀ ਹੋਵੇਗੀ, ਜਦੋਂਕਿ 8ਵੀਂ ਕਲਾਸ ਦੇ ਕੰਟ੍ਰੋਲਰਾਂ ਨੂੰ 2 ਫੋਟੋਆਂ, ਜਿਸ ਵਿਚ ਪ੍ਰਸ਼ਨ-ਪੱਤਰ ਅਲਮਾਰੀ ’ਚੋਂ ਕੱਢਦੇ ਸਮੇਂ ਅਤੇ ਸੁਪਰਡੈਂਟ ਨੂੰ ਡਲਿਵਰ ਕਰਦੇ ਸਮੇਂ ਦੀ ਫੋਟੋ ਗਰੁੱਪ ’ਚ ਸ਼ੇਅਰ ਕਰਨੀ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ - SpiceJet ਫਲਾਈਟ ਦਾ ਇੰਜਣ ਬਲੇਡ ਟੁੱਟਿਆ, ਕਲਕੱਤਾ ਹਵਾਈ ਅੱਡੇ 'ਤੇ ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ

ਕੰਟ੍ਰੋਲਰਾਂ ਦਾ ਕਹਿਣਾ ਹੈ ਕਿ ਬੋਰਡ ਨੂੰ ਹਰ ਰੋਜ਼ ਸਿਸਟਮ ’ਚ ਬਦਲਾਅ ਕਰਨ ਦੀ ਬਜਾਏ ਸਥਾਈ ਤੌਰ ’ਤੇ ਅਜਿਹੀ ਪ੍ਰਕਿਰਿਆ ਲਾਗੂ ਕਰਨੀ ਚਾਹੀਦੀ ਹੈ, ਜਿਸ ਨਾਲ ਪੇਪਰ ਲੀਕੇਜ ਦੀਆਂ ਸੰਭਾਵਨਾਵਾਂ ਨਾ ਰਹਿਣ। ਹਰ ਰੋਜ਼ ਬਦਲਦੇ ਫਰਮਾਨਾਂ ਨਾਲ ਉਨ੍ਹਾਂ ਨੂੰ ਵੀ ਮੁਸ਼ਕਿਲ ਆਉਂਦੀ ਹੈ।

ਆਨਲਾਈਨ ਭੇਜੇ ਜਾ ਸਕਦੇ ਹਨ ਕਈ ਵਿਸ਼ਿਆਂ ਦੇ ਪ੍ਰਸ਼ਨ-ਪੱਤਰ, ਕੇਂਦਰਾਂ ਵਲੋਂ ਭਰੇ ਪ੍ਰੋਫਾਰਮੇ ਤੋਂ ਮਿਲੇ ਸੰਕੇਤ

ਆਗਾਮੀ ਦਿਨਾਂ ’ਚ ਹੋਣ ਵਾਲੀਆਂ ਵੱਖ-ਵੱਖ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਲਈ ਵੀ ਬੋਰਡ ਫਿਰ ਨਵੀਂ ਪ੍ਰਕਿਰਿਆ ਆਪਣਾਉਣ ਦੀ ਤਿਆਰੀ ਕਰ ਰਿਹਾ ਹੈ। ਬੋਰਡ ਵਲੋਂ ਇਸ ਸਬੰਧੀ ਕੋਈ ਨਿਰਦੇਸ਼ ਤਾਂ ਜਾਰੀ ਨਹੀਂ ਕੀਤੇ ਗਏ ਪਰ ਕੇਂਦਰ ਕੰਟ੍ਰੋਲਰਾਂ ਨੂੰ ਜੋ ਪ੍ਰੋਫਾਰਮਾ ਭੇਜਿਆ ਗਿਆ ਹੈ, ਉਸ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਈ ਅਜਿਹੇ ਵਿਸ਼ਿਆਂ ਦੇ ਪ੍ਰਸ਼ਨ-ਪੱਤਰ ਕੇਂਦਰਾਂ ’ਚ ਆਨਲਾਈਨ ਭੇਜੇ ਜਾਣ ਦੀ ਤਿਆਰੀ ਹੈ, ਜੋ ਹੁਣ ਤੱਕ ਬੋਰਡ ਵਲੋਂ ਬੈਂਕਾਂ ’ਚ ਨਹੀਂ ਭੇਜੇ ਗਏ। ਪ੍ਰੋਫਾਰਮੇ ਨੂੰ ਦੇਖ ਕੇ ਸਕੂਲ ਸੰਚਾਲਕ ਵੀ ਅੰਦਾਜਾ ਲਾ ਰਹੇ ਹਨ ਕਿ ਪਿਛਲੇ ਦਿਨੀਂ ਲੀਕ ਹੋਣ ਤੋਂ ਬਾਅਦ ਰੱਦ ਕੀਤਾ ਗਿਆ ਇੰਗਲਿਸ਼ ਦਾ ਪੇਪਰ ਹੁਣ ਕੇਂਦਰਾਂ ’ਚ ਆਨਲਾਈਨ ਭੇਜਿਆ ਜਾ ਸਕਦਾ ਹੈ, ਜਿਸ ਦੀਆਂ ਫੋਟੋ ਕਾਪੀਆਂ ਕਰਵਾ ਕੇ ਵਿਦਿਆਰਥੀਆਂ ਨੂੰ ਵੰਡਣੀਆਂ ਹੋਣਗੀਆਂ।

ਇਹ ਖ਼ਬਰ ਵੀ ਪੜ੍ਹੋ - ਸਿਸੋਦੀਆ ਤੇ ਜੈਨ ਦੇ ਅਸਤੀਫ਼ੇ ਮਗਰੋਂ ਬੋਲੇ ਕੇਜਰੀਵਾਲ, "ਜਦੋਂ ਅੱਤ ਹੋ ਜਾਂਦੀ ਹੈ ਤਾਂ ਉੱਪਰ ਵਾਲਾ ਝਾੜੂ ਚਲਾਉਂਦਾ ਹੈ"

ਇਸ ਸਬੰਧੀ ਭੇਜੇ ਗਏ ਪ੍ਰੋਫਾਰਮੇ ’ਚ ਕੇਂਦਰ ਕੰਟ੍ਰੋਲਰਾਂ ਤੋਂ ਪੁੱਛਿਆ ਗਿਆ ਕਿ ਕੀ ਸਕੂਲ ’ਚ ਇੰਟਰਨੈੱਟ ਸਹੂਲਤ ਅਤੇ ਪ੍ਰਿੰਟਰ ਚਾਲੂ ਹਾਲਤ ’ਚ ਹਨ। 1 ਮਿੰਟ ’ਚ ਕਿੰਨੇ ਪੇਜ ਫੋਟੋ ਕਾਪੀ ਜਾਂ ਪ੍ਰਿੰਟਰ ਜ਼ਰੀਏ ਨਿਕਲ ਸਕਦੇ ਹਨ। ਇਸੇ ਦੇ ਨਾਲ ਹੀ ਸਕੂਲ ’ਚ ਫੋਟੋ ਸਟੇਟ ਮਸ਼ੀਨ ਦੀ ਸਹੂਲਤ ਦੇ ਨਾਲ ਪਾਵਰ ਬੈਕਅਪ ਦੀ ਵਿਵਸਥਾ ਬਾਰੇ ਵੀ ਪ੍ਰੋਫਾਰਮੇ ’ਚ ਜਾਣਕਾਰੀ ਮੰਗੀ ਗਈ ਹੈ।

ਲਾਪਰਵਾਹੀ ਸਾਹਮਣੇ ਆਉਣ ’ਤੇ ਦਰਜ ਹੋ ਸਕਦੀ ਹੈ FIR

ਬੋਰਡ ਨੇ ਕਿਹਾ ਕਿ ਪ੍ਰਸ਼ਨ-ਪੱਤਰਾਂ ਦੀ ਸੁਰੱਖਿਆ ਨੂੰ ਲੈ ਕੇ ਜਾਰੀ ਹਦਾਇਤਾਂ ਬਾਰੇ ਪੁਲਸ ਮੁਖੀਆਂ, ਇੰਟੈਲੀਜੈਂਸ ਅਤੇ ਸੀ. ਆਈ. ਡੀ. ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ। ਬੋਰਡ ਨੇ ਚਿਤਾਵਨੀ ਦਿੱਤੀ ਹੈ ਕਿ ਪ੍ਰੀਖਿਆ ਦੌਰਾਨ ਕਿਸੇ ਵੀ ਕਿਸਮ ਦੀ ਲਾਪ੍ਰਵਾਹੀ ਸਾਹਮਣੇ ਆਉਣ ’ਤੇ ਐੱਫ. ਆਈ. ਆਰ. ਵੀ ਦਰਜ ਹੋ ਸਕਦੀ ਹੈ।

ਕਿਸੇ ਪ੍ਰੀਖਿਆ ਕੇਂਦਰ ਤੋਂ ਕੋਤਾਹੀ ਦਾ ਮਾਮਲਾ ਸਾਹਮਣੇ ਆਉਣ ’ਤੇ ਕੇਂਦਰ ਕੰਟ੍ਰੋਲਰ, ਸੁਪਰਡੈਂਟ ਅਤੇ ਡਿਪਟੀ ਸੁਪਰਡੈਂਟ ’ਤੇ ਵੀ ਕਾਨੂੰਨੀ ਕਾਰਵਾਈ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਇਸੇ ਦੇ ਨਾਲ ਹੀ ਬੋਰਡ ਨੇ ਪ੍ਰੀਖਿਆਵਾਂ ਲਈ ਬਣਾਈਆਂ ਫਲਾਇੰਗ ਟੀਮਾਂ ਨੂੰ ਪ੍ਰੀਖਿਆ ਕੇਂਦਰਾਂ ਦੀ ਬਾਰੀਕੀ ਨਾਲ ਜਾਂਚ ਕਰਨ ਅਤੇ ਰੋਜ਼ਾਨਾ ਰਿਪੋਰਟ ਦੇਣ ਦੇ ਹੁਕਮ ਵੀ ਦਿੱਤੇ ਗਏ ਹਨ।

ਪ੍ਰੀਖਿਆ ਦੇ ਅੱਧੇ ਸਮੇਂ ਤੋਂ ਪਹਿਲਾਂ ਕੇਂਦਰ ਤੋਂ ਬਾਹਰ ਨਹੀਂ ਜਾ ਸਕਣਗੇ ਪ੍ਰੀਖਿਆਰਥੀ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਕਲ ਰਹਿਤ ਪ੍ਰੀਖਿਆਵਾਂ ਕਰਵਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਹੀ ਯਤਨਾਂ ਤਹਿਤ ਹੁਣ ਪ੍ਰੀਖਿਆ ਦੇ ਅੱਧੇ ਸਮੇਂ ਤੋਂ ਪਹਿਲਾਂ ਕਿਸੇ ਵੀ ਵਿਦਿਆਰਥੀ ਨੂੰ ਪ੍ਰੀਖਿਆ ਕੇਂਦਰ ਛੱਡਣ ਦੀ ਆਗਿਆ ਨਹੀਂ ਹੋਵੇਗੀ। ਚਾਹੇ ਉਸ ਨੇ ਆਪਣਾ ਪੇਪਰ ਕਰ ਵੀ ਲਿਆ ਹੋਵੇ, ਫਿਰ ਵੀ ਉਹ ਪ੍ਰੀਖਿਆ ਕੇਂਦਰ ਤੋਂ ਬਾਹਰ ਨਹੀਂ ਜਾ ਸਕੇਗਾ। ਇਸ ਤੋਂ ਬਾਅਦ ਅੱਧੇ ਸਮੇਂ ਤੋਂ ਬਾਅਦ ਵੀ ਪੇਪਰ ਦੇ ਕੇ ਪ੍ਰੀਖਿਆ ਤੋਂ ਬਾਹਰ ਜਾਣ ਲਈ ਸਬੰਧਤ ਪ੍ਰੀਖਿਆਰਥੀ ਨੂੰ ਆਪਣਾ ਪ੍ਰਸ਼ਨ-ਪੱਤਰ, ਰੋਲ ਨੰਬਰ ਲਿਖ ਕੇ ਸੁਪਰਡੈਂਟ ਦੇ ਕੋਲ ਜਮ੍ਹਾ ਕਰਵਾਉਣਾ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ - ਦੇਰ ਰਾਤ ਅੱਤਵਾਦੀਆਂ ਤੇ ਪੁਲਸ ਵਿਚਾਲੇ ਹੋਇਆ ਮੁਕਾਬਲਾ, 1 ਅੱਤਵਾਦੀ ਢੇਰ

ਦੱਸ ਦੇਈਏ ਕਿ ਕਈ ਵਾਰ ਵਿਦਿਆਰਥੀ ਆਪਣਾ ਪੇਪਰ ਜਲਦੀ ਪੂਰਾ ਕਰਦੇ ਹੋਏ ਪ੍ਰੀਖਿਆ ਕੇਂਦਰ ਤੋਂ ਬਾਹਰ ਚਲੇ ਜਾਂਦੇ ਹਨ ਅਤੇ ਪ੍ਰੀਖਿਆ ਕੇਂਦਰ ਦੇ ਬਾਹਰ ਖੜ੍ਹੇ ਸ਼ਰਾਰਤੀ ਤੱਤ ਉਨ੍ਹਾਂ ਤੋਂ ਪ੍ਰਸ਼ਨ-ਪੱਤਰ ਲੈ ਲੈਂਦੇ ਹਨ, ਜਿਸ ਕਾਰਨ ਪ੍ਰੀਖਿਆ ਦੌਰਾਨ ਨਕਲ ਦੀਆਂ ਸੰਭਾਵਨਾਵਾਂ ਬਣ ਜਾਂਦੀਆਂ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News