12ਵੀਂ ਦੇ ਨਤੀਜਿਆਂ 'ਚ ਤਰਨਤਾਰਨ ਦਾ ਨਤੀਜਾ ਸਭ ਤੋਂ ਮਾੜਾ, 11 ਹਜ਼ਾਰ ਤੋਂ ਵੱਧ ਬੱਚੇ ਫੇਲ!

04/23/2018 6:48:47 PM

ਚੰਡੀਗੜ੍ਹ/ਤਰਨਤਾਰਨ— ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਗਈ 12ਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਅੱਜ ਕਰ ਦਿੱਤਾ ਗਿਆ। ਇਨ੍ਹਾਂ ਨਤੀਜਿਆਂ 'ਚ ਜਿੱਥੇ ਲੁਧਿਆਣਾ ਦੀਆਂ ਕੁੜੀਆਂ ਨੇ ਬਾਜ਼ੀ ਮਾਰੀ ਹੈ, ਉਥੇ ਹੀ ਦੂਜੇ ਪਾਸੇ ਤਰਨਤਾਰਨ ਦਾ ਨਤੀਜਾ ਸਭ ਤੋਂ ਮਾੜਾ ਰਿਹਾ। ਤਰਨਤਾਰਨ 'ਚ 12ਵੀਂ ਦੇ ਨਤੀਜਿਆਂ ਚੋਂ ਕੁੱਲ 11364 ਬੱਚੇ ਫੇਲ ਹੋਏ ਹਨ। ਇਨ੍ਹਾਂ 'ਚੋਂ ਕਈ ਬੱਚਿਆਂ ਦੀ ਕੰਪਾਰਟਮੈਂਟ ਵੀ ਆਈ ਹੋਵੇਗੀ। ਇਥੋਂ ਦਾ ਨਤੀਜਾ ਸਿਰਫ 31.60 ਫੀਸਦੀ ਰਿਹਾ। ਜ਼ਿਕਰਯੋਗ ਹੈ ਕਿ ਤਰਨਤਾਰਨ 'ਚ 12ਵੀਂ ਦੀ ਪ੍ਰੀਖਿਆ ਦੌਰਾਨ ਕੁੱਲ 16613 ਬੱਚੇ ਹਾਜ਼ਰ ਰਹੇ, ਜਿਨ੍ਹਾਂ 'ਚੋਂ ਸਿਰਫ 5249 ਬੱਚੇ ਹੀ ਪਾਸ ਹੋ ਸਕੇ ਅਤੇ 11364 ਬੱਚੇ ਫੇਲ ਰਹੇ। 

ਉਥੇ ਹੀ ਦੂਜੇ ਪਾਸੇ ਸ੍ਰੀ ਮੁਕਤਸਰ ਸਾਹਿਬ ਦਾ ਨਜੀਤਾ ਬਹੁਤ ਹੀ ਸ਼ਾਨਦਾਰ ਰਿਹਾ। ਇਥੋਂ ਦਾ ਨਤੀਜਾ ਕੁੱਲ 79.64 ਫੀਸਦੀ ਰਿਹਾ। ਸ੍ਰੀ ਮੁਕਤਸਰ ਸਾਹਿਬ 'ਚ 12ਵੀਂ ਦੀ ਪ੍ਰੀਖਿਆ ਦੌਰਾਨ ਕੁੱਲ 7705 ਬੱਚੇ ਹਾਜ਼ਰ ਹੋਏ ਸਨ ਅਤੇ 6136 ਬੱਚੇ ਪਾਸ ਹੋ ਸਕੇ। ਇਥੋਂ ਸਿਰਫ 1569 ਬੱਚੇ ਹੀ ਫੇਲ ਹੋਏ ਹਨ। ਇਸ ਦੇ ਨਾਲ ਹੀ ਲੁਧਿਆਣਾ 'ਚ ਵੀ 12ਵੀਂ ਨਤੀਜੇ ਬੇਹੱਦ ਸ਼ਾਨਦਾਰ ਰਹੇ। ਇਥੇ ਕੁੱਲ 78.56 ਫੀਸਦੀ 12ਵੀਂ ਦਾ ਨਤੀਜਾ ਰਿਹਾ। ਦੱਸਣਯੋਗ ਹੈ ਕਿ ਲੁਧਿਆਣਾ 'ਚੋਂ ਕੁੱਲ 33520 ਬੱਚਿਆਂ ਨੇ 12ਵੀਂ ਦੀ ਪ੍ਰੀਖਿਆ ਦਿੱਤੀ ਸੀ ਅਤੇ ਇਨ੍ਹਾਂ 'ਚੋਂ 26334 ਬੱਚੇ ਪਾਸ ਹੋਏ ਅਤੇ 7186 ਬੱਚੇ ਫੇਲ ਰਹੇ। ਜ਼ਿਕਰਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਗਈ 12ਵੀਂ ਦੀ ਪ੍ਰੀਖਿਆ ਦੌਰਾਨ ਕੁੱਲ 300417 ਬੱਚਿਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 198199 ਬੱਚੇ ਪਾਸ ਹੋਏ ਅਤੇ 102218 ਬੱਚੇ ਫੇਲ ਰਹੇ। ਕੁੱਲ ਫੇਲ ਹੋਏ ਬੱਚਿਆਂ 'ਚੋਂ ਕਈ ਬੱਚਿਆਂ ਦੀ ਕੰਪਾਰਟਮੈਂਟ ਵੀ ਆਈ ਹੋਵੇਗੀ। ਦੱਸਣਯੋਗ ਹੈ ਕਿ ਕੁੱਲ 300417 ਬੱਚਿਆਂ 'ਚ ਇਸ ਵਾਰ 131279 ਲੜਕੀਆਂ 'ਚੋਂ ਕੁੱਲ 100330 (76.43 ਫੀਸਦੀ) ਲੜਕੀਆਂ ਪਾਸ ਹੋਈਆਂ ਹਨ। ਇਸੇ ਤਰ੍ਹਾਂ 169138 ਲੜਕਿਆਂ 'ਚੋਂ 97869 (57.86 ਫੀਸਦੀ) ਲੜਕੇ ਪਾਸ ਹੋਏ ਹਨ। ਕੁੱਲ ਮਿਲਾ ਕੇ 12ਵੀਂ ਜਮਾਤ ਦਾ ਨਤੀਜਾ 65.97 ਫੀਸਦੀ ਰਿਹਾ।


Related News