PRTC ਮੁਲਾਜ਼ਮਾਂ ਦੀ ਪੰਜਾਬ ਸਰਕਾਰ ਨੂੰ ਚਿਤਾਵਨੀ, ਸਰਕਾਰੀ ਬੱਸਾਂ ਦਾ ਅੱਜ ਬਾਅਦ ਦੁਪਹਿਰ ਹੋ ਸਕਦੈ ਚੱਕਾ ਜਾਮ

Friday, Aug 26, 2022 - 11:54 AM (IST)

ਜਲੰਧਰ (ਪੁਨੀਤ)– ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਨਾਜਾਇਜ਼ ਪ੍ਰਾਈਵੇਟ ਬੱਸਾਂ ਦੀ ਨਕੇਲ ਕੱਸਣ ਅਤੇ ਮਹਿਕਮੇ ਦੀ ਆਮਦਨੀ ਵਿਚ ਵਾਧਾ ਹੋਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਸੱਚਾਈ ਇਹ ਹੈ ਕਿ ਫੰਡ ਦੀ ਘਾਟ ਕਾਰਨ ਮਹਿਕਮੇ ਵੱਲੋਂ ਸਮੇਂ ’ਤੇ ਤਨਖ਼ਾਹ ਜਾਰੀ ਨਹੀਂ ਕੀਤੀ ਜਾ ਰਹੀ, ਜਿਸ ਨਾਲ ਕਰਮਚਾਰੀਆਂ ਵਿਚ ਰੋਸ ਵਧਦਾ ਜਾ ਰਿਹਾ ਹੈ।

ਮਹੀਨਾ ਖ਼ਤਮ ਹੋਣ ਵਿਚ ਸਿਰਫ਼ 6 ਦਿਨ ਬਾਕੀ ਬਚੇ ਹਨ ਪਰ ਪੀ. ਆਰ. ਟੀ. ਸੀ. ਦੇ ਕਰਮਚਾਰੀਆਂ ਨੂੰ ਪੂਰੀ ਤਨਖ਼ਾਹ ਜਾਰੀ ਨਹੀਂ ਹੋ ਸਕੀ, ਜਿਸ ਤੋਂ ਸਰਕਾਰ ਦੀ ਪੋਲ ਖੁੱਲ੍ਹ ਰਹੀ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਪਨਬੱਸ-ਪੀ. ਆਰ. ਟੀ. ਸੀ. ਠੇਕਾ ਕਰਮਚਾਰੀ ਯੂਨੀਅਨ ਦੇ ਬੁਲਾਰਿਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਤਨਖ਼ਾਹ ਜਾਰੀ ਨਾ ਹੋਣ ਕਾਰਨ ਪੀ. ਆਰ. ਟੀ. ਸੀ. ਕਰਮਚਾਰੀਆਂ ਨੇ ਵੱਖ-ਵੱਖ ਡਿਪੂਆਂ ਵਿਚ ਸਰਕਾਰ ਵਿਰੋਧੀ ਰੋਸ ਪ੍ਰਦਰਸ਼ਨ ਕਰਦੇ ਹੋਏ ਆਪਣੀ ਭੜਾਸ ਕੱਢੀ।

ਇਹ ਵੀ ਪੜ੍ਹੋ:ਜਲੰਧਰ: ਸੋਸ਼ਲ ਮੀਡੀਆ ’ਤੇ ਕੀਤੀ ਦੋਸਤੀ ਦਾ ਭਿਆਨਕ ਅੰਜਾਮ, ਇਕਤਰਫ਼ਾ ਪਿਆਰ ਕਰਨ ਵਾਲੇ ਪ੍ਰੇਮੀ ਨੇ ਕੀਤਾ ਸੀ ਨਰਸ ਦਾ ਕਤਲ

ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਦਲਜੀਤ ਸਿੰਘ ਜੱਲੇਵਾਲ, ਡਿਪੂ-1 ਦੇ ਪ੍ਰਧਾਨ ਗੁਰਪ੍ਰੀਤ ਸਿੰਘ ਭੁੱਲਰ, ਡਿਪੂ-2 ਦੇ ਪ੍ਰਧਾਨ ਸਤਪਾਲ ਸਿੰਘ ਸੱਤਾ ਨੇ ਕਿਹਾ ਕਿ ਨਵੀਂ ਸਰਕਾਰ ਬਣਨ ਦੇ ਬਾਅਦ ਤੋਂ ਲੈ ਕੇ ਹੁਣ ਤੱਕ ਕਿਸੇ ਵੀ ਮਹੀਨੇ ਠੇਕਾ ਕਰਮਚਾਰੀਆਂ ਦੀ ਤਨਖਾਹ ਸਮੇਂ ’ਤੇ ਜਾਰੀ ਨਹੀਂ ਹੋ ਸਕੀ। ਹਰ ਵਾਰ ਸੰਘਰਸ਼ ਕਰਨ ਉਪਰੰਤ ਤਨਖਾਹ ਜਾਰੀ ਹੋ ਰਹੀ ਹੈ। ਇਸ ਵਾਰ ਵੀ ਯੂਨੀਅਨ ਨੇ ਸੰਘਰਸ਼ ਦੇ ਰਾਹ ’ਤੇ ਉਤਰਨਾ ਪੈ ਰਿਹਾ ਹੈ। ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਵਿਭਾਗ ਨੇ ਕਰਮਚਾਰੀਆਂ ਦੇ ਖਾਤੇ ਵਿਚ 5-5 ਹਜ਼ਾਰ ਰੁਪਏ ਪਾ ਦਿੱਤੇ ਸਨ ਪਰ ਬਕਾਇਆ ਜਾਰੀ ਨਹੀਂ ਕੀਤਾ ਗਿਆ। ਚਿਤਾਵਨੀ ਦਿੰਦਿਆਂ ਯੂਨੀਅਨ ਦੇ ਬੁਲਾਰਿਆਂ ਨੇ ਕਿਹਾ ਕਿ ਵਿਭਾਗ ਵੱਲੋਂ ਕਰਮਚਾਰੀਆਂ ਦੀ ਬਕਾਇਆ ਤਨਖ਼ਾਹ 26 ਅਗਸਤ ਦੁਪਹਿਰ 2 ਵਜੇ ਤੱਕ ਜਾਰੀ ਨਾ ਕੀਤੀ ਗਈ ਤਾਂ ਪਨਬੱਸ ਅਤੇ ਪੀ. ਆਰ. ਟੀ. ਸੀ. ਦੇ 6600 ਦੇ ਲਗਭਗ ਕਰਮਚਾਰੀ ਹੜਤਾਲ ’ਤੇ ਚਲੇ ਜਾਣਗੇ ਅਤੇ 3000 ਤੋਂ ਵੱਧ ਸਰਕਾਰੀ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਜਾਵੇਗਾ, ਜਿਸ ਦੇ ਲਈ ਸਰਕਾਰ ਦੀਆਂ ਕਰਮਚਾਰੀ ਵਿਰੋਧੀ ਨੀਤੀਆਂ ਜ਼ਿੰਮੇਵਾਰ ਹੋਣਗੀਆਂ।

ਇਹ ਵੀ ਪੜ੍ਹੋ: ਜਲੰਧਰ ਤੋਂ ਵੱਡੀ ਖ਼ਬਰ, ਨਿੱਜੀ ਹਸਪਤਾਲ ਦੇ ਹੋਸਟਲ ’ਚ ਨਰਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News