ਜੀਜੇ-ਸਾਲੇ ਦੀ ਜੋੜੀ ਨੇ PRTC ਤੇ ਸਰਕਾਰੀ ਬੱਸਾਂ ਦੀ ਡੋਬੀ ਬੇੜੀ : ਰਾਜਾ ਵੜਿੰਗ

Monday, Oct 25, 2021 - 10:51 PM (IST)

ਮਾਨਸਾ(ਸੰਦੀਪ ਮਿੱਤਲ)- ਪੰਜਾਬ ’ਚ ਪੀ. ਆਰ. ਟੀ. ਸੀ. ਤੇ ਸਰਕਾਰੀ ਬੱਸਾਂ ਦੀ ਜੀਜੇ-ਸਾਲੇ (ਸੁਖਬੀਰ-ਮਜੀਠੀਆ) ਨੇ ਬੇੜੀ ਡੋਬੀ ਹੈ। ਇਸ ਜੋੜੀ ਨੇ ਟਰਾਂਸਪੋਰਟ ਮਾਫੀਆਂ, ਕੇਬਲ ਮਾਫੀਆ, ਰੇਤ ਮਾਫੀਆ ਤੇ ਨਸ਼ਾ ਮਾਫੀਆ ਨੂੰ ਪ੍ਰਫੁੱਲਿਤ ਕੀਤਾ, ਜੇਕਰ ਅਜਿਹਾ ਨਾ ਕੀਤਾ ਹੁੰਦਾ ਤਾਂ ਅੱਜ ਸੂਬੇ ਅੰਦਰ ਸਰਕਾਰੀ ਬੱਸਾਂ ਦੀ ਸਥਿਤੀ ਹੋਰ ਵੀ ਮਜ਼ਬੂਤ ਹੁੰਦੀ ਹੈ। ਇਹ ਸ਼ਬਦ ਟਰਾਂਸਪੋਰਟ ਮੰਤਰੀ ਪੰਜਾਬ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਮਾਨਸਾ ਵਿਖੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੇ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਥੋੜ੍ਹੇ ਦਿਨਾਂ ਦੀ ਕਾਰਗੁਜ਼ਾਰੀ ਕਰ ਕੇ ਪੀ. ਆਰ. ਟੀ. ਸੀ. ਨੂੰ ਰੋਜ਼ਾਨਾ 53 ਲੱਖ ਰੁਪਏ ਦਾ ਮੁਨਾਫਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ’ਚ ਕਾਂਗਰਸ ਸਰਕਾਰ ਦਾ ਹਰ ਮੰਤਰੀ ਲੋਕਾਂ ਲਈ ਕੰਮ ਕਰਨ ਵਾਸਤੇ ਰੁੱਝ ਗਿਆ ਹੈ ਤੇ ਆਉਂਦੇ ਦਿਨਾਂ ’ਚ ਸੂਬੇ ਦੀ ਸਥਿਤੀ ਹੋਰ ਹੋਵੇਗੀ। ਵੜਿੰਗ ਨੇ ਕਿਹਾ ਕਿ ਸੂਬੇ ’ਚੋਂ ਹਰ ਤਰ੍ਹਾਂ ਦੇ ਮਾਫੀਆ ਨੂੰ ਖਤਮ ਕਰਨਾ ਉਨ੍ਹਾਂ ਦੀ ਟੀਚਾ ਹੈ। ਉਨ੍ਹਾਂ ਕਿਹਾ ਕਿ 842 ਦੇ ਕਰੀਬ ਪੀ. ਆਰ. ਟੀ. ਸੀ. ਦੀਆਂ ਨਵੀਆਂ ਬੱਸਾਂ ਦੇ ਆਰਡਰ ਭੇਜੇ ਹਨ, ਜੋ ਜਲਦੀ ਹੀ ਪੰਜਾਬ ਦੀਆਂ ਸੜਕਾਂ ’ਤੇ ਦੌੜਨਗੀਆਂ। ਵਿਦਿਆਰਥੀਆਂ ਲਈ ਉਨ੍ਹਾਂ ਨੇ ਸਰਕਾਰ ਕਾਲਜ ਅੱਗੇ ਬੱਸਾਂ ਰੁਕਣੀਆਂ ਯਕੀਨੀ ਬਣਾਉਣਾ ਤੇ ਪਿੰਡਾਂ ’ਚ ਪੀ. ਆਰ. ਟੀ. ਸੀ. ਦੀ ਸਰਵਿਸ ਅੱਜ-ਭਲਕੇ ਲਾਗੂ ਕਰਵਾਉਣ ਦਾ ਭਰੋਸਾ ਦਿਵਾਇਆ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਭਰ ’ਚ ਪੀ.ਆਰ.ਟੀ.ਸੀ. ਤੇ ਰੋਡਵੇਜ਼ ਮੁਨਾਫ਼ੇ ’ਚ ਚੱਲ ਰਹੀ ਹੈ। ਇਸ ਮੌਕੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਪ੍ਰੇਮ ਮਿੱਤਲ, ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ, ਜ਼ਿਲਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਮੋਫਰ, ਕਾਂਗਰਸ ਪਾਰਟੀ ਹਲਕਾ ਬੁਢਲਾਡਾ ਦੀ ਸੇਵਾਦਾਰ ਬੀਬੀ ਰਣਜੀਤ ਕੌਰ ਭੱਟੀ, ਸਰਬ ਭਾਰਤੀ ਕਾਂਗਰਸ ਦੇ ਮੈਂਬਰ ਕੁਲਵੰਤ ਸਿੰਗਲਾ, ਸਾਬਕਾ ਜ਼ਿਲਾ ਪ੍ਰਧਾਨ ਕਾਂਗਰਸ ਡਾ. ਮਨੋਜ ਬਾਲਾ ਬਾਂਸਲ, ਪੰਜਾਬ ਕਾਂਗਰਸ ਦੀ ਆਗੂ ਗੁਰਪ੍ਰੀਤ ਕੌਰ ਗਾਗੋਵਾਲ, ਜ਼ਿਲਾ ਪ੍ਰੀਸ਼ਦ ਮੈਂਬਰ ਮਾਈਕਲ ਗਾਗੋਵਾਲ ਆਦਿ ਵੀ ਮੌਜੂਦ ਸਨ।


Bharat Thapa

Content Editor

Related News