ਦਿੱਲੀ ਏਅਰਪੋਰਟ ’ਤੇ ਸਰਕਾਰੀ ਬੱਸਾਂ ਦਾ ਮਾਮਲਾ ਮੁੜ ਚਰਚਾ ’ਚ, ਪ੍ਰਤਾਪ ਬਾਜਵਾ ਨੇ ਚੁੱਕੇ ਵੱਡੇ ਸਵਾਲ
Saturday, Mar 26, 2022 - 04:04 PM (IST)
ਚੰਡੀਗੜ੍ਹ (ਬਿਊਰੋ) : ਸਾਬਕਾ ਰਾਜ ਸਭਾ ਮੈਂਬਰ ਤੇ ਕਾਂਗਰਸੀ ਵਿਧਾਿੲਕ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਪਨਬੱਸ ਬੱਸਾਂ ਨੂੰ ਦਿੱਲੀ ਏਅਰਪੋਰਟ ਤਕ ਚਲਾਉਣ ਦਾ ਮੁੱਦਾ ਚੁੱਕਿਆ ਹੈ। ਵਿਧਾਇਕ ਬਾਜਵਾ ਨੇ ਟਵੀਟ ਕਰ ਕਿਹਾ ਕਿ ਪੀ. ਆਰ. ਟੀ. ਸੀ. ਤੇ ਪਨਬੱਸ ਦੀਆਂ ਬੱਸਾਂ ਨੂੰ ਅਜੇ ਵੀ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਜਾਣ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਤੀ ਕਰਦਾ ਹਾਂ ਇਹ ਮੁੱਦਾ ਜਲਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੋਲ ਚੁੱਕਣ। ਉਨ੍ਹਾਂ ਅੱਗੇ ਕਿਹਾ ਕਿ ਇਸ ਸਰਵਿਸ ਨੂੰ ਸ਼ੁਰੂੁ ਕਰਨ ਵਿਚ ਹੋ ਰਹੀ ਦੇਰੀ ਨਾਲ ਪੰਜਾਬ ਸਰਕਾਰ ਦੇ ਹਿੱਤਾਂ ਨੂੰ ਨੁਕਸਾਨ ਹੋ ਰਿਹਾ ਹੈ।
ਇਹ ਵੀ ਪੜ੍ਹੋ : ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਮੀਤ ਖੁੱਡੀਆਂ ਦੀ ਜਿੱਤ ਦਾ ਜਾਣੋ ਰਾਜ਼ (ਵੀਡੀਓ)
ਇਸ ਨਾਲ ਸੂਬੇ ਦੇ ਆਮ ਆਦਮੀ ਤੇ ਖਾਸ ਤੌਰ ’ਤੇ ਸਾਡੇ ਐੱਨ. ਆਰ. ਆਈਜ਼ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੀ. ਆਰ. ਟੀ. ਸੀ. ਤੇ ਪਨਬੱਸ ’ਤੇ ਪਾਬੰਦੀ ਦਾ ਲਾਭ ਟ੍ਰਾਂਸਪੋਸਟ ਮਾਫ਼ੀਆ ਨੂੰ ਹੋ ਰਿਹਾ ਹੈ। ਇਹ ਮੁੱਦਾ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਸਾਹਮਣੇ ਇਹ ਬਹੁਤ ਵੱਡੀ ਚੁਣੌਤੀ ਸਾਬਿਤ ਹੋਣ ਵਾਲਾ ਹੈ। ਜ਼ਿਕਰਯੋਗ ਹੈ ਕਿ ਇਸ ਮੁੱਦੇ ਨੂੰ ਲੈ ਕੇ ਪੰਜਾਬ ਦੇ ਸਾਬਕਾ ਟ੍ਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਰਵਿੰਦ ਕੇਜਰੀਵਾਲ ਨੂੰ ਕਈ ਚਿੱਠੀਆਂ ਲਿਖੀਆਂ ਸਨ। ਰਾਜਾ ਵੜਿੰਗ ਦਿੱਲੀ ਵਿਖੇ ਕੇਜਰੀਵਾਲ ਦੀ ਰਿਹਾਇਸ਼ ਵਿਖੇ ਪਹੁੰਚ ਗਏ ਸਨ ਪਰ ਉਨ੍ਹਾਂ ਦੀ ਮੁਲਾਕਾਤ ਨਹੀਂ ਹੋਈ ਸੀ। ਇਸ ਪਿੱਛੋਂ ਇਸੇ ਮੁੱਦੇ ਨੂੰ ਲੈ ਕੇ ਉਹ ਕੇਜਰੀਵਾਲ ਨੂੰ ਅੰਮ੍ਰਿਤਸਰ ਵਿਚ ਮਿਲੇ ਸਨ। ਹੁਣ ਦੇਖਣਾ ਹੋਵੇਗਾ ਕਿ ਪੰਜਾਬ ਤੇ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ’ਤੇ ਇਹ ਮੁੱਦਾ ਹੱਲ ਹੁੰਦਾ ਹੈ ਕਿ ਨਹੀਂ।
ਇਹ ਵੀ ਪੜ੍ਹੋ : ‘ਆਪ’ ਦੀ ‘ਸੁਨਾਮੀ’ ਕਾਰਨ ਰਵਾਇਤੀ ਪਾਰਟੀਆਂ ਵਿਚਲਾ ਯੂਥ ਭੰਬਲਭੂਸੇ ’ਚ, ਕਿਵੇਂ ਤੇ ਕਿੱਥੋਂ ਕਰਨ ਨਵੀਂ ਸ਼ੁਰੂਆਤ