ਕੇਸ ਨਾ ਦਰਜ ਕਰਨ ਦੀ ਸੂਰਤ ''ਚ ਤਿੱਖੇ ਸੰਘਰਸ਼ ਦੀ ਚਿਤਾਵਨੀ

Sunday, Jan 28, 2018 - 08:11 AM (IST)

ਕੇਸ ਨਾ ਦਰਜ ਕਰਨ ਦੀ ਸੂਰਤ ''ਚ ਤਿੱਖੇ ਸੰਘਰਸ਼ ਦੀ ਚਿਤਾਵਨੀ

ਸ੍ਰੀ ਮੁਕਤਸਰ ਸਾਹਿਬ (ਪਵਨ) - ਇਲਾਕੇ ਦੇ ਵਾਲਮੀਕਿ ਸਮਾਜ ਦਾ ਇਕ ਵਫ਼ਦ ਵਾਲਮੀਕਿ ਸਭਾ ਦੇ ਪ੍ਰਧਾਨ ਅਸ਼ੋਕ ਉਜੀਨਵਾਲ ਦੀ ਪ੍ਰਧਾਨਗੀ 'ਚ ਸਿਟੀ ਦੇ ਥਾਣਾ ਮੁਖੀ ਤੇਜਿੰਦਰਪਾਲ ਸਿੰਘ ਨੂੰ ਮਿਲਿਆ। ਵਫ਼ਦ ਨੇ ਸਿੱਖ ਵਿਰਸਾ ਕੌਂਸਲ ਦੇ ਆਗੂ ਜਸਵੀਰ ਸਿੰਘ ਖਾਲਸਾ ਖਿਲਾਫ਼ ਲਿਖਤੀ ਸ਼ਿਕਾਇਤ ਦਿੰਦਿਆਂ ਮੰਗ ਕੀਤੀ ਕਿ ਉਕਤ ਵਿਅਕਤੀ ਨੇ ਫੇਸਬੁੱਕ 'ਤੇ ਲਾਈਵ ਚਲਾ ਕੇ ਵਾਲਮੀਕਿ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਜਿਸ ਕਰ ਕੇ ਉਸ ਵਿਰੁੱਧ ਕੇਸ ਦਰਜ ਕੀਤਾ ਜਾਵੇ। ਪ੍ਰਧਾਨ ਅਸ਼ੋਕ ਨੇ ਦੱਸਿਆ ਕਿ ਜਸਵੀਰ ਸਿੰਘ ਖਾਲਸਾ ਵੱਲੋਂ ਉਨ੍ਹਾਂ ਦੇ ਪਵਿੱਤਰ ਤੀਰਥ ਅਸਥਾਨ ਸ਼੍ਰੀਰਾਮ ਤੀਰਥ ਅੰਮ੍ਰਿਤਸਰ ਸਾਹਿਬ ਸਬੰਧੀ ਅਪਸ਼ਬਦਾਂ ਦਾ ਵਰਤੋਂ ਕੀਤੀ ਗਈ। ਇਸ ਤੋਂ ਇਲਾਵਾ ਮੇਲਾ ਮਾਘੀ 'ਤੇ ਆਏ ਕੁਝ ਸਾਧੂਆਂ ਨੂੰ ਗਿਆਨ ਨਾਥ ਆਸ਼ਰਮ (ਰਾਮ ਤੀਰਥ) ਅੰਮ੍ਰਿਤਸਰ ਦੇ ਚੇਲੇ ਦੱਸਦੇ ਹੋਏ ਕਿਹਾ ਕਿ ਇਹ ਸਾਧੂ ਆਪਣੇ ਨਾਲ ਸ਼ਰਾਬ ਲਈ ਘੁੰਮਦੇ ਹਨ, ਜਦਕਿ ਇਨ੍ਹਾਂ ਸਾਧੂਆਂ ਦਾ ਗੁਰੂ ਗਿਆਨ ਆਸ਼ਰਮ ਨਾਲ ਕੋਈ ਸਬੰਧ ਨਹੀਂ ਹੈ।
ਉਨ੍ਹਾਂ ਕਿਹਾ ਕਿ ਇਸ ਆਸ਼ਰਮ ਦਾ ਕੋਈ ਵੀ ਵਿਅਕਤੀ ਕਿਤੇ ਕੁਝ ਮੰਗਣ ਨਹੀਂ ਜਾਂਦਾ ਕਿਉਂਕਿ ਉਕਤ ਆਸ਼ਰਮ 'ਚ ਸਾਰੇ ਪੜ੍ਹੇ-ਲਿਖੇ ਅਤੇ ਸੂਝਵਾਨ ਵਿਅਕਤੀ ਬੈਠੇ ਹਨ। ਜਸਵੀਰ ਖਾਲਸਾ ਵੱਲੋਂ ਇਸ ਆਸ਼ਰਮ ਪ੍ਰਤੀ ਅਪਸ਼ਬਦ ਬੋਲਣ ਨਾਲ ਸਮੂਹ ਵਾਲਮੀਕਿ ਸਮਾਜ ਨੂੰ ਠੇਸ ਪਹੁੰਚੀ ਹੈ। ਇਸ ਲਈ ਉਨ੍ਹਾਂ ਨੇ ਉਸ ਵਿਰੁੱਧ ਮਾਮਲਾ ਦਰਜ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਸ਼ਨੀਵਾਰ ਸ਼ਾਮ ਤੱਕ ਉਸ ਦੇ ਖਿਲਾਫ਼ ਪੁਲਸ ਵੱਲੋਂ ਮਾਮਲਾ ਦਰਜ ਨਾ ਕੀਤਾ ਗਿਆ ਤਾਂ ਉਹ ਸੋਮਵਾਰ ਨੂੰ ਵੱਡੀ ਪੱਧਰ 'ਤੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
ਇਸ ਸਬੰਧੀ ਥਾਣਾ ਮੁਖੀ ਤੇਜਿੰਦਰਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਜਸਵੀਰ ਸਿੰਘ ਖਾਲਸਾ ਵਿਰੁੱਧ ਵਾਲਮੀਕਿ ਸਮਾਜ ਵੱਲੋਂ ਸ਼ਿਕਾਇਤ ਆਈ ਹੈ, ਉਹ ਇਸ ਦੀ ਜਾਂਚ ਕਰ ਕੇ ਕਾਰਵਾਈ ਕਰਨਗੇ।
ਇਸ ਦੌਰਾਨ ਵਾਲਮੀਕਿ ਸਮਾਜ ਦੇ ਚੇਅਰਮੈਨ ਮੁਕੇਸ਼ ਅਤੇ ਅਮੀ ਲਾਲ ਚੌਧਰੀ, ਸਫਾਈ ਸੇਵਕ ਯੂਨੀਅਨ ਦੇ ਸਾਬਕਾ ਪ੍ਰਧਾਨ ਪੱਪੂ ਰਾਮ, ਜ਼ਿਲਾ ਮੁਕਤਸਰ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਵਿਜੇ ਕੁਮਾਰ ਤੇ ਸਫ਼ਾਈ ਯੂਨੀਅਨ ਦੇ ਸਕੱਤਰ ਮੰਗ ਰਾਮ ਸੰਗੇਲੀਆ ਸਮੇਤ ਵਾਲਮੀਕਿ ਸਮਾਜ ਦੇ ਨੁਮਾਇੰਦੇ ਹਾਜ਼ਰ ਸਨ। ਉੱਧਰ, ਜਦੋਂ ਇਸ ਮਾਮਲੇ ਨੂੰ ਲੈ ਕੇ ਜਸਵੀਰ ਸਿੰਘ ਖਾਲਸਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਕਿਸੇ ਵਿਰੁੱਧ ਕੋਈ ਅਪਸ਼ਬਦ ਨਹੀਂ ਬੋਲੇ ਹਨ, ਜੋ ਲੋਕ ਰਾਮਤੀਰਥ ਦਾ ਨਾਂ ਲੈ ਕੇ ਮੰਗ ਰਹੇ ਸੀ, ਉਨ੍ਹਾਂ ਕੋਲ ਸ਼ਰਾਬ ਦੀ ਬੋਤਲ ਵੀ ਸੀ। ਇਸ ਲਈ ਹੀ ਉਨ੍ਹਾਂ ਲੋਕਾਂ ਨੂੰ ਉਨ੍ਹਾਂ ਦੀ ਅਸਲੀਅਤ ਦੱਸਣ ਲਈ ਹੀ ਇਹ ਸਭ ਕੁਝ ਕੀਤਾ ਸੀ। ਉਨ੍ਹਾਂ ਦਾ ਮਕਸਦ, ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਣਾ ਨਹੀਂ ਸੀ।


Related News