ਕੋਵਿਡ-19 ਵਿਰੁੱਧ ਜੰਗ ''ਚ ਨਾਗਰਿਕਾਂ ਨੂੰ ਰਾਹਤ ਦੇਣ ਲਈ ਵਧਾਇਆ ਦਾਇਰਾ : ਬ੍ਰਹਮ ਮਹਿੰਦਰਾ

04/25/2020 4:55:47 PM

ਚੰਡੀਗੜ੍ਹ (ਰਮਨਜੀਤ) : ਸ਼ਹਿਰੀ ਸਥਾਨਕ ਇਕਾਈਆਂ (ਯੂ.ਐੱਲ.ਬੀ.) ਵਲੋਂ ਕੋਵਿਡ-19 ਤੋਂ ਪ੍ਰਭਾਵਿਤ ਅਤੇ ਲੋੜਵੰਦ ਲੋਕਾਂ ਲਈ ਖਾਣਾ ਅਤੇ ਰਾਸ਼ਨ ਸਮੇਤ ਜ਼ਰੂਰੀ ਵਸਤਾਂ ਦੀ ਘਰ-ਘਰ ਸਪਲਾਈ ਦਾ ਇੰਤਜ਼ਾਮ ਕਰਨ ਸਬੰਧੀ ਨਵੀਂ ਭੂਮਿਕਾ ਨਿਭਾਈ ਜਾ ਰਹੀ ਹੈ। ਸ਼ਹਿਰੀ ਸਥਾਨਕ ਇਕਾਈਆਂ ਵਲੋਂ ਹੁਣ ਤਕ ਲਗਭਗ 21 ਲੱਖ ਲੋਕਾਂ ਲਈ ਭੋਜਨ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਲਗਭਗ 15 ਲੱਖ ਲੋਕਾਂ ਨੂੰ ਰਾਸ਼ਨ ਵੰਡਿਆ ਗਿਆ ਹੈ। ਸ਼ਹਿਰੀ ਸਥਾਨਕ ਇਕਾਈਆਂ ਗਊਸ਼ਾਲਾਵਾਂ 'ਚ ਪਸ਼ੂਆਂ ਦੇ ਚਾਰੇ ਲਈ ਵੀ ਪ੍ਰਬੰਧ ਕਰ ਰਹੀਆਂ ਹਨ। ਇਸ ਸਬੰਧੀ ਯੂ. ਐੱਲ. ਬੀ. ਨੂੰ ਨਗਰ ਨਿਗਮ ਦੇ ਫੰਡ 'ਚੋਂ ਖਰਚ ਕਰਨ ਦਾ ਅਧਿਕਾਰ ਵੀ ਦਿੱਤਾ ਗਿਆ ਹੈ। ਇਹ ਜਾਣਕਾਰੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਇਥੇ ਜਾਰੀ ਪ੍ਰੈਸ ਬਿਆਨ 'ਚ ਦਿੱਤੀ।

ਇਹ ਵੀ ਪੜ੍ਹੋ ► ਲਾਕਡਾਊਨ ਦੌਰਾਨ ਵੀ ਬੇਲਗ਼ਾਮ ਕਿਵੇਂ ਹੈ ਡਰੱਗ ਮਾਫ਼ੀਆ? : ਚੀਮਾ

ਉਨ੍ਹਾਂ ਕਿਹਾ ਕਿ ਵਿਭਾਗ ਕੋਵਿਡ-19 ਵਿਰੁੱਧ ਜੰਗ 'ਚ ਮੋਹਰਲੀ ਕਤਾਰ 'ਚ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਡਿਊਟੀਆਂ ਤੋਂ ਇਲਾਵਾ ਇਸ ਸੰਕਟ ਵਾਲੀ ਸਥਿਤੀ ਵਿਚ ਗ੍ਰਾਊਂਡ ਜ਼ੀਰੋ 'ਤੇ ਤਾਇਨਾਤ ਵਿਭਾਗ ਦੇ ਕਰਮਚਾਰੀ ਸੂਬੇ ਦੇ ਨਾਗਰਿਕਾਂ ਦੀ ਸਹਾਇਤਾ ਲਈ ਵਿਆਪਕ ਸਰਗਰਮੀਆਂ 'ਚ ਲੱਗੇ ਹੋਏ ਹਨ। ਵਿਭਾਗ ਦੀਆਂ ਗਤੀਵਿਧੀਆਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਸਾਰੀਆਂ ਜਨਤਕ ਥਾਵਾਂ ਜਿਵੇਂ ਕਿ ਗਲੀਆਂ, ਮੁਹੱਲਿਆਂ, ਬਾਜ਼ਾਰਾਂ, ਸਕੂਲਾਂ, ਜਨਤਕ ਪਖਾਨਿਆਂ, ਪਾਰਕਾਂ, ਬੱਸ ਅੱਡੇ, ਰੇਲਵੇ ਸਟੇਸ਼ਨਾਂ, ਮੰਡੀਆਂ ਅਤੇ ਧਾਰਮਿਕ ਸਥਾਨਾਂ 'ਤੇ ਨਿਯਮਤ ਤੌਰ 'ਤੇ ਸਫਾਈ ਮੁਹਿੰਮ ਚਲਾਈ ਜਾ ਰਹੀ ਹੈ।

ਦਫ਼ਤਰਾਂ ਨੂੰ ਸੈਨੇਟਾਈਜ਼ ਕਰਨ ਲਈ  ਮੁਹਿੰਮ ਜ਼ੋਰਾਂ 'ਤੇ
ਮਹਿੰਦਰਾ ਨੇ ਕਿਹਾ ਕਿ ਸ਼ਹਿਰੀ ਖੇਤਰਾਂ, ਹਸਪਤਾਲਾਂ ਅਤੇ ਜਨਤਕ ਦਫ਼ਤਰਾਂ ਨੂੰ ਸੈਨੇਟਾਈਜ਼ ਕਰਨ ਲਈ  ਮੁਹਿੰਮ ਜ਼ੋਰਾਂ 'ਤੇ ਜਾਰੀ ਹੈ। ਉਨ੍ਹਾਂ ਕਿਹਾ ਕਿ ਜੇਲਾਂ ਦੀ ਸੰਵੇਦਨਸ਼ੀਲਤਾ ਅਤੇ ਮੰਡੀਆਂ ਦੇ ਖਰੀਦ ਸੀਜ਼ਨ ਕਾਰਨ ਇਨ੍ਹਾਂ ਦਾ ਨਿਯਮਿਤ ਤੌਰ 'ਤੇ ਸੈਨੇਟਾਈਜੇਸ਼ਨ ਕੀਤਾ ਗਿਆ ਹੈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਕਿਹਾ ਕਿ ਵਿਭਾਗ ਰੋਜ਼ਾਨਾ ਪਾਣੀ ਦੀ ਸਪਲਾਈ, ਸੀਵਰੇਜ ਅਤੇ ਸਟਰੀਟ ਲਾਈਟਾਂ ਦੀ ਸਾਂਭ ਸੰਭਾਲ ਵਰਗੀਆਂ ਮੁੱਢਲੀਆਂ ਸਹੂਲਤਾਂ ਨੂੰ ਵੀ ਯਕੀਨੀ ਬਣਾ ਰਿਹਾ ਹੈ। ਮਹਿੰਦਰਾ ਨੇ ਕਿਹਾ ਕਿ ਪਾਣੀ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਪਾਣੀ ਦੇ ਨਮੂਨੇ ਵੀ ਲਏ ਗਏ ਹਨ। ਉਨ੍ਹਾਂ ਕਿਹਾ ਕਿ ਮੱਛਰਾਂ ਦੇ ਵਾਧੇ ਨੂੰ ਰੋਕਣ ਲਈ ਸਬੰਧਤ ਇਲਾਕਿਆਂ 'ਚ ਲਾਰਵਿਸਾਈਡਜ਼ ਦਾ ਫਾਗਿੰਗ ਅਤੇ ਛਿੜਕਾਅ ਨਿਯਮਤ ਰੂਪ ਵਿਚ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰੀ ਸਥਾਨਕ ਸੰਸਥਾਵਾਂ ਨੇ ਆਪਣੇ ਕਰਮਚਾਰੀਆਂ ਨੂੰ ਮਾਸਕ, ਦਸਤਾਨੇ, ਜੁੱਤੇ ਅਤੇ ਹੋਰ ਸੁਰੱਖਿਅਕ ਸਮੱਗਰੀ ਮੁਹੱਈਆ ਕਰਵਾਈ ਹੈ ਅਤੇ ਇਹ ਸੁਨਿਸ਼ਚਿਤ ਕੀਤਾ ਜਾਂਦਾ ਹੈ ਕਿ ਉਹ ਆਪਣੀ ਡਿਊਟੀ ਕਰਦਿਆਂ ਇਹ ਸੁਰੱਖਿਆਤਮਕ ਪਹਿਰਾਵਾ ਪਹਿਨਣ ਅਤੇ ਸਮਾਜਿਕ ਦੂਰੀਆਂ ਦੇ ਨਿਯਮਾਂ ਦੀ ਪਾਲਣਾ ਮਾਪਦੰਡਾਂ ਮੁਤਾਬਕ ਕੀਤੀ ਜਾਵੇ।

ਇਹ ਵੀ ਪੜ੍ਹੋ ► ਮੰਡੀ 'ਚ ਭੀੜ ਨੂੰ ਖਤਮ ਕਰਨ ਲਈ ਹੁਣ ਅਧਿਆਪਕ ਪੜ੍ਹਾਉਂਣਗੇ ਸੋਸ਼ਲ ਡਿਸਟੈਂਸਿੰਗ ਦਾ ਪਾਠ

ਸ਼ੱਕੀ ਮਾਮਲਿਆਂ ਦੀ ਪਛਾਣ ਅਤੇ ਕੁਆਰੰਟੀਕਰਨ ਕਰਨ 'ਚ ਸਰਗਰਮ
ਬ੍ਰਹਮ ਮਹਿੰਦਰਾ ਨੇ ਅੱਗੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਦੀ ਭਾਈਵਾਲੀ ਨਾਲ ਸ਼ਹਿਰੀ ਸਥਾਨਕ ਸੰਸਥਾਵਾਂ ਕੋਰੋਨਾ ਵਾਇਰਸ ਦੇ ਸ਼ੱਕੀ ਮਾਮਲਿਆਂ ਦੀ ਪਛਾਣ ਅਤੇ ਕੁਆਰੰਟੀਕਰਨ ਕਰਨ ਵਿਚ ਸਰਗਰਮ ਹਨ। ਸ਼ਹਿਰੀ ਸਥਾਨਕ ਸੰਸਥਾਵਾਂ ਦੇ ਕਰਮਚਾਰੀਆਂ ਨੇ ਪੀੜਤ ਕੋਰੋਨਾ ਵਾਇਰਸ ਦੇ ਅੰਤਮ ਸੰਸਕਾਰ ਦੀਆਂ ਰਸਮਾਂ ਸਬੰਧੀ ਕਾਰਜ ਵੀ ਕੀਤੇ ਹਨ ਜਦੋਂ ਕਿ ਪੀੜਤ ਪਰਿਵਾਰਾਂ ਨੇ ਵੀ ਆਪਣੇ ਸਬੰਧੀਆਂ ਦੇ ਮ੍ਰਿਤਕ ਦੇਹਾਂ ਨੂੰ ਲੈਣ ਤੋਂ ਮਨ੍ਹਾਂ ਕਰ ਦਿੱਤਾ ਸੀ। ਸਥਾਨਕ ਸਰਕਾਰਾਂ ਮੰਤਰੀ ਨੇ ਕਿਹਾ ਕਿ ਐਨ.ਯੂ.ਐਲ.ਐਮ. ਅਧੀਨ ਵਿਭਾਗ ਵਲੋਂ ਗਠਿਤ ਸਵੈ ਸਹਾਇਤਾ ਸਮੂਹ (ਐੱਸ.ਐੱਚ.ਜੀ.) ਵਧੀਆ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਨੇ ਹੁਣ ਤੱਕ 60,000 ਮਾਸਕ ਤਿਆਰ ਕਰਕੇ ਯੂ.ਐੱਲ.ਬੀ. ਨੂੰ ਸੌਂਪ ਦਿੱਤੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਸੇਵਾਵਾਂ ਦੀ ਵਰਤੋਂ ਕਰਨ ਅਤੇ ਲਾਕਡਾਉਨ ਦੌਰਾਨ ਉਨ੍ਹਾਂ ਲਈ ਰੁਜ਼ਗਾਰ ਪੈਦਾ ਕਰਨ ਲਈ, ਇਨ੍ਹਾਂ ਐੱਸ.ਐੱਚ.ਜੀ. ਨੂੰ 2 ਲੱਖ ਮਾਸਕ ਤਿਆਰ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਮੰਤਰੀ ਨੇ ਕਿਹਾ ਕਿ ਵਿਭਾਗ ਦੇ ਕਾਰਜਕਰਤਾ ਵੀ ਐੱਨ.ਯੂ.ਐੱਲ.ਐੱਮ. ਅਧੀਨ ਸ਼ੈਲਟਰ ਫਾਰ ਹੋਮਲੈੱਸ ਲੋਕਾਂ ਲਈ ਮੁਫ਼ਤ ਭੋਜਨ ਮੁਹੱਈਆ ਕਰਾਉਣ 'ਚ ਜੁਟੇ ਹੋਏ ਹਨ। ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰਾਂ ਵਿਭਾਗ ਦੇ ਕਰਮਚਾਰੀਆਂ ਦੀ ਨਿਰਸਵਾਰਥ ਅਤੇ ਸਮਰਪਿਤ ਸੇਵਾ ਸਦਕਾ ਲੋਕਾਂ, ਐਨ.ਜੀ.ਓਜ਼ ਅਤੇ ਪ੍ਰਸ਼ਾਸਨ ਨੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਮਾਨਤਾ ਦਿੱਤੀ ਹੈ ਅਤੇ ਕਈ ਥਾਵਾਂ 'ਤੇ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ ► ਪਟਿਆਲਾ 'ਚ ਕੋਰੋਨਾ ਦਾ ਕਹਿਰ, 6 ਹੋਰ ਨਵੇਂ ਮਾਮਲੇ ਆਏ ਸਾਹਮਣੇ
 


Anuradha

Content Editor

Related News