ਜਬਰ-ਜ਼ਿਨਾਹ ਮਾਮਲੇ ''ਚ ਦੋਸ਼ੀ ਦੀ ਗ੍ਰਿਫ਼ਤਾਰੀ ਨਾ ਹੋਣ ''ਤੇ ਲੋਕਾਂ ਦਾ ਫੁੱਟਿਆ ਗੁੱਸਾ, ਥਾਣੇ ਦੇ ਬਾਹਰ ਲਾਇਆ ਧਰਨਾ
Saturday, Sep 17, 2022 - 01:01 AM (IST)
ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਗੁਰਦਾਸਪੁਰ 'ਚ 3 ਮਹੀਨੇ ਪਹਿਲਾਂ 13 ਸਾਲ ਦੀ ਬੱਚੀ ਨਾਲ ਹੋਵੇ ਜਬਰ-ਜ਼ਿਨਾਹ ਮਾਮਲੇ 'ਚ ਦੋਸ਼ੀ ਦੀ ਗ੍ਰਿਫ਼ਤਾਰੀ ਤੇ ਉਸ ਦੀ ਪੁਸ਼ਤਪਨਾਹੀ ਕਰਨ ਵਾਲੇ ਪੁਲਸ ਅਧਿਕਾਰੀਆਂ ਖਿਲਾਫ਼ ਕਾਰਵਾਈ ਕਰਵਾਉਣ ਲਈ ਸਮਾਜਿਕ ਜਥੇਬੰਦੀਆਂ ਨੇ ਥਾਣਾ ਸਿਟੀ ਗੁਰਦਾਸਪੁਰ ਅੱਗੇ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਦੋਸ਼ੀ ਨੂੰ ਵਿਦੇਸ਼ ਭਜਾਉਣ ਵਿੱਚ ਜਿਨ੍ਹਾਂ ਪੁਲਸ ਕਰਮਚਾਰੀਆਂ ਦਾ ਹੱਥ ਹੈ, ਉਨ੍ਹਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ, ਨਹੀਂ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ।
ਇਹ ਵੀ ਪੜ੍ਹੋ : ਜੇਲ੍ਹ 'ਚੋਂ ਰਿਹਾਅ ਹੋਣ ਤੋਂ ਬਾਅਦ ਗਾਇਕ ਦਲੇਰ ਮਹਿੰਦੀ ਸ੍ਰੀ ਦਰਬਾਰ ਸਾਹਿਬ ਲਈ ਰਵਾਨਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਧਰਨਾ ਪ੍ਰਦਰਸ਼ਨ ਕਰ ਰਹੇ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ 3 ਮਹੀਨੇ ਪਹਿਲਾਂ ਗੁਰਦਾਸਪੁਰ 'ਚ ਇਕ 13 ਸਾਲ ਦੀ ਬੱਚੀ ਨਾਲ ਇਕ ਵਿਅਕਤੀ ਵੱਲੋਂ ਜਬਰ-ਜ਼ਿਨਾਹ ਕੀਤਾ ਗਿਆ ਸੀ ਪਰ ਪੁਲਸ ਪ੍ਰਸ਼ਾਸਨ ਵੱਲੋਂ ਰਾਜਨੀਤਕ ਸ਼ਹਿ ਕਾਰਨ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਪੁਲਸ 25 ਜੂਨ ਨੂੰ ਪਰਚਾ ਦਰਜ ਕਰਨ ਤੋਂ ਬਾਅਦ ਨਾਮਜ਼ਦ ਦੋਸ਼ੀ ਦੀ ਗ੍ਰਿਫ਼ਤਾਰੀ ਤੋਂ ਟਾਲਾ ਵੱਟਦੀ ਰਹੀ ਤੇ ਦੋਸ਼ੀ ਵਿਦੇਸ਼ ਭੱਜ ਗਿਆ। ਇਹ ਸਭ ਕੁਝ ਪੁਲਸ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਹੋਇਆ। ਆਗੂਆਂ ਨੇ ਦੋਸ਼ ਲਾਇਆ ਕਿ ਪਰਚਾ ਦਰਜ ਕਰਨ ਤੋਂ ਲੈ ਕੇ ਡੀ.ਐੱਸ.ਪੀ. ਸਿਟੀ, ਐੱਸ.ਐੱਚ.ਓ. ਗੁਰਦਾਸਪੁਰ ਤੇ ਤਫਤੀਸ਼ੀ ਅਫ਼ਸਰ ਨੇ ਆਪਣੀ ਬਣਦੀ ਜ਼ਿੰਮੇਵਾਰੀ ਤੋਂ ਪਾਸਾ ਵੱਟ ਕੇ ਹਰ ਸੰਭਵ ਢੰਗ ਨਾਲ ਮੁਲਜ਼ਮ ਨੂੰ ਭਜਾਉਣ ਲਈ ਯੋਗਦਾਨ ਪਾਇਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮੰਗ ਕੀਤੀ ਕਿ ਦੋਸ਼ੀ ਨੂੰ ਵਿਦੇਸ਼ ਭਜਾਉਣ 'ਚ ਜਿਨ੍ਹਾਂ ਪੁਲਸ ਕਰਮਚਾਰੀਆਂ ਦਾ ਹੱਥ ਹੈ, ਉਨ੍ਹਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ, ਨਹੀਂ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ।
ਇਹ ਵੀ ਪੜ੍ਹੋ : ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਸਖਤੀ ਨਾਲ ਰੋਕੀ ਜਾਵੇਗੀ : ਮੀਤ ਹੇਅਰ
ਇਸ ਸਬੰਧੀ ਡੀ.ਐੱਸ.ਪੀ .ਸਿਟੀ ਰਿਪੂਤਾਪਨ ਸਿੰਘ ਨੇ ਦੱਸਿਆ ਕਿ ਬੱਚੀ ਨਾਲ ਹੋਏ ਜਬਰ-ਜ਼ਿਨਾਹ ਦੇ ਮਾਮਲੇ 'ਚ ਦੋਸ਼ੀ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਉਹ ਇਸ ਵਕਤ ਵਿਦੇਸ਼ 'ਚ ਹੈ। ਉਨ੍ਹਾਂ ਕਿਹਾ ਕਿ ਉਸ ਦਾ ਚਲਾਨ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ ਹੈ ਅਤੇ ਦੋਸ਼ੀ ਬਾਰੇ ਜਾਣਕਾਰੀ ਇੰਡੀਅਨ ਅੰਬੈਸੀ ਨੂੰ ਵੀ ਭੇਜ ਦਿੱਤੀ ਗਈ ਹੈ, ਜਦੋਂ ਵੀ ਦੋਸ਼ੀ ਕਿਸੇ ਏਅਰਪੋਰਟ 'ਤੇ ਉਤਰੇਗਾ, ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।