ਦਲਿਤ ਸਮਾਜ ਦੀ ਬੇਟੀ ਦੀ ਹੱਤਿਆ ''ਤੇ ਭਾਰੀ ਰੋਸ, ਕੱਢਿਆ ਰੋਸ ਮਾਰਚ
Saturday, Oct 03, 2020 - 02:48 PM (IST)
ਸੰਗਰੂਰ (ਦਲਜੀਤ ਸਿੰਘ ਬੇਦੀ) : ਦਲਿਤ ਸਮਾਜ ਦੀ ਬੇਟੀ ਦੀ ਦਰਦਨਾਕ ਹੱਤਿਆ 'ਤੇ ਦੇਸ਼ ਭਰ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਿਸ ਦੇ ਚਲਦਿਆਂ ਅੱਜ ਦਲਿਤ ਵੈਲਫੇਅਰ ਸੰਗਠਨ ਪੰਜਾਬ ਦੇ ਵੱਡੀ ਗਿਣਤੀ ਦਲਿਤਾਂ ਵੱਲੋ ਸੂਬਾ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਦੀ ਅਗਵਾਈ ਹੇਠ ਸਥਾਨਕ ਬਰਨਾਲਾ ਕੈਚੀਆ ਮਹਾਂਵੀਰ ਚੌਂਕ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਉਪਰੰਤ ਸੈਂਕੜਾ ਦਲਿਤਾਂ ਵੱਲੋ ਸ਼ਹਿਰ ਅੰਦਰ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਦਲਿਤ ਵੈਲਫੇਅਰ ਸੰਗਠਨ ਪੰਜਾਬ ਵੱਲੋ ਦੇਸ਼ ਦੇ ਰਾਸ਼ਟਰਪਤੀ ਦੇ ਨਾਂ ਬਲਾਤਕਾਰੀਆਂ ਅਤੇ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਦੀ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਸੰਗਰੂਰ ਰਾਹੀਂ, ਨਾਇਬ ਤਹਿਸੀਲਦਾਰ ਸੰਗਰੂਰ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀ ਦਰਸ਼ਨ ਕਾਂਗੜਾ ਨੇ ਕਿਹਾ ਕਿ ਭਾਜਪਾ ਦੇ ਰਾਜ ਅੰਦਰ ਬੇਟੀਆਂ ਲਈ ਵੱਡਾ ਖਤਰਾ ਬਣਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਅਜੇ ਇਹ ਮਾਮਲਾ ਠੰਡਾ ਨਹੀਂ ਹੋਇਆ ਸੀ, ਉਸ ਤੋਂ ਥੋੜ੍ਹੀ ਦੂਰੀ 'ਤੇ ਹੀ ਇੱਕ ਹੋਰ ਦਲਿਤ ਬੇਟੀ ਨਾਲ ਗੈਂਗਰੇਪ ਕਰਕੇ ਉਸ ਦੀ ਵੀ ਬੇਰਹਿਮੀ ਨਾਲ਼ ਹੱਤਿਆ ਕੀਤੀ ਗਈ। ਉਨ੍ਹਾਂ ਕਿਹਾ ਕਿ ਜੋ ਮੋਦੀ ਸਰਕਾਰ ਵੱਲੋਂ ਜੋ 'ਬੇਟੀ ਪੜਾਓ ਬੇਟੀ ਬਚਾਓ' ਦਾ ਨਾਅਰਾ ਦਿੱਤਾ ਗਿਆ ਸੀ, ਮੋਦੀ ਅਤੇ ਯੋਗੀ ਸਰਕਾਰ ਬਿਲਕੁੱਲ ਉਸ ਦੇ ਉਲਟ ਕੰਮ ਕਰ ਰਹੀ ਹੈ। ਭਾਜਪਾ ਸ਼ਾਸਨ ਵਾਲੇ ਸੂਬਿਆ ਅੰਦਰ ਬੇਟੀਆਂ ਨਾਲ਼ ਬਲਾਤਕਾਰ ਅਤੇ ਹੋਰ ਤਸ਼ੱਦਦ ਕਰਨ ਦੇ ਨਾਲ-ਨਾਲ ਲੜਕੀਆਂ ਦੀਆਂ ਹੱਤਿਆਵਾਂ ਦੀਆਂ ਵਾਰਦਾਤਾਂ ਵਧਦੀਆਂ ਹੀ ਜਾ ਰਹੀਆਂ ਹਨ, ਜਿਸ ਨੂੰ ਰੋਕਣ ਲਈ ਨਰਿੰਦਰ ਮੋਦੀ ਪੂਰੀ ਤਰ੍ਹਾਂ ਅਸਮਰੱਥ ਹਨ।
ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਦਰਿੰਦਿਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਤਾਂ ਜੋ ਹੋਰ ਕੋਈ ਵੀ ਵਿਅਕਤੀ ਮੁੜ ਅਜਿਹੀ ਹਿੰਮਤ ਕਰਨ ਦੀ ਹਿੰਮਤ ਵੀ ਨਾ ਕਰ ਸਕੇ। ਇਸ ਮੌਕੇ ਰੋਹ 'ਚ ਆਏ ਦਲਿਤਾਂ ਵੱਲੋਂ ਮੋਦੀ ਸਰਕਾਰ ਅਤੇ ਯੋਗੀ ਸਰਕਾਰ ਵਿਰੁੱਧ ਜਮਕੇ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਮੰਜੂ ਹਰਕਿਰਨ, ਰਾਣਾ ਬਾਲੂ, ਰਣਜੀਤ ਸਿੰਘ ਹੈਪੀ, ਦਰਸ਼ਨ ਸਿੰਘ ਤੋਂ ਇਲਾਵਾ ਸੰਗਠਨ ਦੇ ਸੈਂਕੜਾ ਦਲਿਤਾਂ ਨੇ ਇਨਸਾਫ ਦੇਣ ਦੀ ਮੰਗ ਕੀਤੀ।