...ਤੇ ਹੁਣ ਮੋਹਾਲੀ 'ਚ ਨਹੀਂ ਹੋਣਗੇ ਧਰਨੇ-ਰੈਲੀਆਂ!
Monday, Oct 22, 2018 - 11:57 AM (IST)

ਮੋਹਾਲੀ (ਰਾਣਾ) : ਮੋਹਾਲੀ ਨੂੰ ਹੁਣ ਛੇਤੀ ਹੀ ਰੈਲੀਆਂ-ਧਰਨਿਆਂ ਤੋਂ ਮੁਕਤੀ ਮਿਲਣ ਵਾਲੀ ਹੈ ਕਿਉਂਕਿ ਜੇਕਰ ਪੂਰੇ ਪੰਜਾਬ 'ਚ ਕਿਤੇ ਵੀ ਕੋਈ ਵਿਵਾਦ ਹੋਵੇ ਤਾਂ ਰੈਲੀਆਂ-ਧਰਨੇ ਮੋਹਾਲੀ 'ਚ ਹੀ ਆ ਕੇ ਦਿੱਤੇ ਜਾਂਦੇ ਹਨ, ਜਿਸ ਨਾਲ ਲੋਕਾਂ ਨੂੰ ਤਾਂ ਪਰੇਸ਼ਾਨੀਆਂ ਹੁੰਦੀਆਂ ਹੀ ਹਨ, ਨਾਲ ਹੀ ਸਰਕਾਰੀ ਕੰਮਾਂ 'ਚ ਰੁਕਾਵਟਾਂ ਆਉਂਦੀਆਂ ਹਨ, ਜਿਸ ਨੂੰ ਧਿਆਨ 'ਚ ਰੱਖਦੇ ਹੋਏ ਹੁਣ ਜ਼ਿਲਾ ਪ੍ਰਸ਼ਾਸਨ ਵਲੋਂ ਸ਼ਹਿਰ 'ਚ ਆਉਣ ਵਾਲੇ ਸਮੇਂ 'ਚ ਧਰਨੇ ਤੇ ਰੈਲੀਆਂ ਤੋਂ ਪੂਰੀ ਤਰ੍ਹਾਂ ਆਜ਼ਾਦ ਕਰਨ ਲਈ ਚੰਡੀਗੜ੍ਹ ਦੀ ਤਰਜ਼ 'ਤੇ ਸੈਕਟਰ-91 'ਚ ਰੈਲੀ ਗਰਾਊਂਡ ਬਣਾਉਣ ਲਈ ਥਾਂ ਦੇਖ ਲਈ ਗਈ ਹੈ।
ਇਹ ਸਾਰਾ ਕੁਝ ਚੰਡੀਗੜ੍ਹ ਦੀ ਤਰਜ਼ 'ਤੇ ਸ਼ੁਰੂ ਕੀਤਾ ਗਿਆ ਹੈ ਕਿਉਂਕਿ ਉੱਥੇ ਵੀ ਰੈਲੀ-ਧਰਨੇ ਲਈ ਵੱਖਰੀ ਰੈਲੀ ਗਰਾਊਂਡ ਬਣਾਈ ਗਈ ਹੈ। ਉੱਥੇ ਹੀ ਜੇਕਰ ਮੁਲਾਜ਼ਮ ਯੂਨੀਅਨਾਂ ਵਲੋਂ ਸੰਘਰਸ਼ ਕੀਤਾ ਜਾਂਦਾ ਹੈ ਤਾਂ ਅਜਿਹੇ 'ਚ ਬੈਰੀਕੇਡ ਆਦਿ ਸੜਕਾਂ 'ਤੇ ਲਾ ਕੇ ਮੁਲਾਜ਼ਮਾਂ ਨੂੰ ਰੋਕਿਆ ਜਾਂਦਾ ਹੈ। ਇਸੇ ਤਰ੍ਹਾਂ ਕੁਝ ਸਮਾਂ ਪਹਿਲਾਂ ਇਕ ਹਾਦਸਾ ਹੋ ਗਿਆ ਸੀ। ਰਾਤ ਨੂੰ ਇਕ ਮੋਟਰਸਾਈਕਲ ਸਵਾਰ ਬੈਰੀਕੇਡ 'ਚ ਵੜ ਗਿਆ ਸੀ ਤੇ ਹਾਦਸੇ 'ਚ ਉਸ ਦੀ ਲੱਤ ਟੁੱਟ ਗਈ ਅਤੇ ਇਲਾਜ ਦੌਰਾਨ ਹਸਪਤਾਲ 'ਚ ਉਸ ਦੀ ਮੌਤ ਹੋ ਗਈ ਸੀ।