ਡੀ. ਸੀ. ਦਫਤਰ ਅੱਗੇ ਗਰਜੇ ਮੀਂਹ ਦੇ ਮਾਰੇ ਕਿਸਾਨ
Tuesday, Jul 10, 2018 - 01:37 AM (IST)
ਸੰਗਰੂਰ, (ਬੇਦੀ, ਹਰਜਿੰਦਰ, ਵਿਵੇਕ ਸਿੰਧਵਾਨੀ, ਯਾਦਵਿੰਦਰ)– ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲਾ ਕਮੇਟੀ ਨੇ ਮੀਂਹ ਦੇ ਪਾਣੀ ਦੀ ਮਾਰ ਹੇਠ ਆ ਕੇ ਝੋਨੇ ਦੀ ਫਸਲ ਨੁਕਸਾਨੇ ਜਾਣ ਦੇ ਰੋਸ ਵਜੋਂ ਧਰਨਾ ਦਿੱਤਾ। ਪਹਿਲਾਂ ਕਿਸਾਨ ਦਾਣਾ ਮੰਡੀ ’ਚ ਇਕੱਠੇ ਹੋਏ ਅਤੇ ਨਾਅਰੇਬਾਜ਼ੀ ਕਰਦੇ ਹੋਏ ਰੋਸ ਮਾਰਚ ਦੇ ਰੂਪ ’ਚ ਗਰਮੀ ’ਚ ਡੀ. ਸੀ. ਦਫ਼ਤਰ ਅੱਗੇ ਪੁੱਜੇ। ਜ਼ਿਲਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਦੀ ਅਗਵਾਈ ’ਚ ਦਿੱਤੇ ਧਰਨੇ ’ਚ ਕਿਸਾਨਾਂ ਨੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਸਰਕਾਰ ਦੀ ਬਦਇੰਤਜ਼ਾਮੀ ਕਾਰਨ ਜ਼ਿਲੇ ’ਚ ਹਜ਼ਾਰਾਂ ਏਕਡ਼ ਝੋਨੇ ਦੀ ਫਸਲ ਡੁੱਬ ਕੇ ਖਰਾਬ ਹੋ ਚੁੱਕੀ ਹੈ। ਸਰਕਾਰ ਨੇ ਜ਼ਿਲੇ ’ਚ ਡਰੇਨਾਂ ਦੀ ਸਫ਼ਾਈ ਨਹੀਂ ਕਰਵਾਈ, ਜਿਸ ਕਾਰਨ ਇਹ ਨੁਕਸਾਨ ਹੋਇਆ ਹੈ। ਆਗੂਆਂ ਨੇ ਕਿਹਾ ਕਿ ਇਸ ਸਬੰਧੀ ਡੈਪੂਟੇਸ਼ਨ 5 ਜੁਲਾਈ ਨੂੰ ਡੀ.ਸੀ. ਨੂੰ ਮਿਲਿਆ ਸੀ ਪਰ ਪ੍ਰਸ਼ਾਸਨ ਨੇ ਕਿਹਾ ਕਿ ਉਨ੍ਹਾਂ ਕੋੋਲ ਫੰਡ ਨਹੀਂ ਹੈ, ਜਿਸ ਕਾਰਨ ਡਰੇਨਾਂ ਦੀ ਸਫ਼ਾਈ ਨਹੀਂ ਕਰਵਾਈ ਜਾ ਸਕਦੀ। ਆਗੂਆਂ ਨੇ ਕਿਹਾ ਕਿ ਸਰਕਾਰੀ ਨੀਤੀਆਂ ਦੀ ਭੇਟ ਚਡ਼੍ਹ ਕੇ ਕਿਸਾਨ ਪਹਿਲਾਂ ਹੀ ਖੁਦਕੁਸ਼ੀਆਂ ਦੇ ਰਾਹ ’ਤੇ ਹਨ, ਉੱਤੋਂ ਕੁਦਰਤ ਦੀ ਮਾਰ ਨੇ ਹਾਲੋਂ ਬੇਹਾਲ ਕਰ ਦਿੱਤਾ ਹੈ। ਆਗੂਆਂ ਨੇ ਕਿਹਾ ਕਿ ਅਜੇ ਸਰਕਾਰ ਨੇ ਡੁੱਬੇ ਝੋਨੇ ਦੀ ਗਿਰਦਾਵਰੀ ਤੱਕ ਨਹੀਂ ਕਰਵਾਈ। ਆਗੂਆਂ ਨੇ ਮੰਗ ਕੀਤੀ ਕਿ ਡੁੱਬੇ ਝੋਨੇ ਦੀ ਗਿਰਦਾਵਰੀ ਕਰ ਕੇ ਕਿਸਾਨਾਂ ਨੂੰ ਜਲਦ ਤੋਂ ਜਲਦ 27,000 ਰੁਪਏ ਪ੍ਰਤੀ ਏਕਡ਼ ਮੁਆਵਜ਼ਾ ਦਿੱਤਾ ਜਾਵੇ।
ਇਸ ਮੌਕੇ ਸੀਨੀਅਰ ਮੀਤ ਜ਼ਿਲਾ ਪ੍ਰਧਾਨ ਜਸਵਿੰਦਰ ਸਿੰਘ ਸੋਮਾ ਲੌਂਗੋਵਾਲ, ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ, ਮੀਤ ਪ੍ਰਧਾਨ ਬਹਾਲ ਸਿੰਘ ਢੀਂਡਸਾ, ਖਜ਼ਾਨਚੀ ਕ੍ਰਿਪਾਲ ਸਿੰਘ ਧੂਰੀ, ਜਗਤਾਰ ਸਿੰਘ ਕਾਲਾਝਾਡ਼, ਅਜੈਬ ਜਖੇਪਲ, ਜਸਵੰਤ ਸਿੰਘ ਤੋਲਾਵਾਲ, ਸੁਖਪਾਲ ਸਿੰਘ ਮਾਣਕ, ਅਜੈਬ ਸਿੰਘ ਲੱਖੇਵਾਲ, ਧਰਮਿੰਦਰ ਸਿੰਘ ਪਸੋਰ, ਕਰਨੈਲ ਸਿੰਘ ਗਲੌਟਾ, ਸ਼ਿਆਮਦਾਸ ਕਾਂਝਲੀ, ਦਰਸ਼ਨ ਸ਼ਾਦੀਹਰੀ, ਗੋਬਿੰਦਰ ਮੰਗਵਾਲ, ਬਲਜਿੰਦਰ ਹਥਨ, ਮੰਗਾ ਭੂਰਥਲਾ ਆਦਿ ਹਾਜ਼ਰ ਸਨ।
