ਬਿਜਲੀ ਦੀ ਮਾਡ਼ੀ ਸਪਲਾਈ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਵੱਲੋਂ ਧਰਨਾ

Sunday, Jun 10, 2018 - 07:23 AM (IST)

 ਮੋਗਾ (ਗੋਪੀ ਰਾਊਕੇ) - ਖ਼ੇਤੀ ਸੈਕਟਰ ਲਈ ਬਿਜਲੀ ਦੀ ਮਾਡ਼ੀ ਸਪਲਾਈ ਤੋਂ ਭਡ਼ਕੇ ਪਿੰਡ ਝੰਡੇਵਾਲਾ ਦੇ ਕਿਸਾਨਾਂ ਨੇ ਅੱਜ ਪਾਵਰਕਾਮ ਦੇ ਚਡ਼ਿੱਕ ਸਬ-ਸਟੇਸ਼ਨ ਮੂਹਰੇ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਖ਼ੇਤੀ ਸੈਕਟਰ ਲਈ ਬਿਜਲੀ ਦੀ ਸਪਲਾਈ ਸਿਰਫ਼ ਦੋ ਘੰਟੇ ਹੀ ਦਿੱਤੀ ਜਾ ਰਹੀ ਹੈ ਅਤੇ ਪਿਛਲੇ ਦਿਨਾਂ ਦੌਰਾਨ ਆਏ ਤੇਜ਼ ਝੱਖਡ਼ ਮਗਰੋਂ ਤਾਂ ਖੰਭੇ ਟੁੱਟਣ ਕਾਰਨ ਇਹ ਸਪਲਾਈ ਵੀ ਨਹੀਂ ਮਿਲੀ, ਜਿਸ ਕਾਰਨ ਝੋਨੇ ਦੀ ਪਨੀਰੀ ਅਤੇ ਸਬਜ਼ੀਆਂ ਸੁੱਕ ਰਹੀਆਂ ਹਨ।  ਇਸ  ਮੌਕੇ  ਪ੍ਰਧਾਨ ਅਜੈਬ ਸਿੰਘ ਨੇ ਕਿਹਾ ਕਿ ਬਹੁਤ ਸਾਰੇ ਕਿਸਾਨਾਂ ਨੇ ਝੋਨੇ ਦੀ ਸਿੱਧੀ ਬੀਜਾਈ ਵੀ ਕੀਤੀ, ਜਿਸ ਨੂੰ ਇਸ ਵੇਲੇ ਪਾਣੀ ਲਾਉਣ ਦੀ ਜ਼ਰੂਰਤ ਹੈ ਪਰ ਖ਼ੇਤੀ ਸੈਕਟਰ ਲਈ ਬਿਜਲੀ ਸਪਲਾਈ ਨਾ ਮਿਲਣ ਕਾਰਨ ਕਿਸਾਨ ਪ੍ਰੇਸ਼ਾਨ ਹਨ। ਉਨ੍ਹਾਂ ਦੋਸ਼ ਲਾਇਆ ਕਿ  ਕਿਸਾਨਾਂ ਵੱਲੋਂ ਜਦੋਂ ਪਾਵਰਕਾਮ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਕੋਈ ਠੋਸ ਜਵਾਬ ਨਹੀਂ ਮਿਲਦਾ, ਜਿਸ ਕਰਕੇ ਹੀ ਮਜਬੂੁਰੀਵੱਸ ਹੀ ਉਨ੍ਹਾਂ ਵੱਲੋਂ ਸੰਘਰਸ਼ ਦਾ ਰੁਖ ਅਖਤਿਆਰ ਕੀਤਾ ਗਿਆ ਹੈ। ਉਨ੍ਹਾ ਐਲਾਨ ਕੀਤਾ ਕਿ ਜਦੋਂ ਤੱਕ ਸ਼ਹਿਰੀ ਅਤੇ ਦਿਹਾਤੀ ਫ਼ੀਡਰਾਂ ਤੋਂ ਲੋਕਾਂ ਨੂੰ ਸਹੀ ਸਪਲਾਈ ਯਕੀਨੀ ਤੌਰ ’ਤੇ ਨਹੀਂ ਮਿਲਦੀ, ਉਦੋਂ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।


Related News