ਸਮਰਾਲਾ ''ਚ ਲੋਕ ਆਗੂਆਂ ਨਾਲ ਧੱਕੇਸ਼ਾਹੀ ਕਰਨ ਵਾਲੇ ਪੁਲਸ ਅਧਿਕਾਰੀ ਖ਼ਿਲਾਫ਼ ਧਰਨੇ ਦਾ ਐਲਾਨ

Tuesday, Dec 06, 2022 - 04:23 PM (IST)

ਸਮਰਾਲਾ ''ਚ ਲੋਕ ਆਗੂਆਂ ਨਾਲ ਧੱਕੇਸ਼ਾਹੀ ਕਰਨ ਵਾਲੇ ਪੁਲਸ ਅਧਿਕਾਰੀ ਖ਼ਿਲਾਫ਼ ਧਰਨੇ ਦਾ ਐਲਾਨ

ਸਮਰਾਲਾ (ਗਰਗ, ਬੰਗੜ) : ਕੁੱਝ ਦਿਨ ਪਹਿਲਾਂ ਇਲਾਕੇ ਦੀਆਂ ਸਮਾਜ ਸੇਵੀ ਜੱਥੇਬੰਦੀਆਂ ਵੱਲੋਂ ਲੋਕ ਚੇਤਨਾ ਲਹਿਰ ਪੰਜਾਬ ਦੀ ਅਗਵਾਈ ਹੇਠ ਆਮ ਲੋਕਾਂ ਨਾਲ ਹੋ ਰਹੀਆਂ ਪੁਲਸ ਵਧੀਕੀਆਂ, ਖ਼ਸਤਾ ਹਾਲ ਸੜਕਾਂ ਅਤੇ ਮਜਦੂਰਾਂ 'ਤੇ ਹੋਏ ਲਾਠੀਚਾਰਜ ਦੇ ਸਬੰਧ ਵਿੱਚ ਮਾਛੀਵਾੜਾ ਸ਼ਹਿਰ ਤੋਂ ਲੋਕ ਜਗਾਓ ਚੇਤਨਾ ਮਾਰਚ ਸ਼ੁਰੂ ਹੋਣਾ ਸੀ ਪਰ ਸਥਾਨਕ ਪੁਲਸ ਨੇ ਇਹ ਰੋਸ ਮਾਰਚ ਸ਼ੁਰੂ ਹੋਣ ਤੋਂ ਰੋਕਣ ਲਈ ਪਹਿਲਾਂ ਹੀ ਵੱਖ-ਵੱਖ ਆਗੂਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ। ਇਨ੍ਹਾਂ ਆਗੂਆਂ 'ਚ ਚੇਤਨਾ ਲਹਿਰ ਪੰਜਾਬ ਦੇ ਪ੍ਰਧਾਨ ਸੰਦੀਪ ਸਿੰਘ ਰੁਪਾਲੋਂ, ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਦੇ ਪ੍ਰਧਾਨ ਅਮਰਜੀਤ ਸਿੰਘ ਬਾਲਿਉ, ਸੰਤੋਖ ਸਿੰਘ ਨਾਗਰਾ ਸਮੇਤ ਕਈ ਹੋਰ ਪ੍ਰਮੁੱਖ ਆਗੂ ਸ਼ਾਮਲ ਹਨ। ਇਸ ਸਬੰਧ ਵਿੱਚ ਪੂਰੇ ਪੰਜਾਬ ਭਰ ਦੀਆਂ ਵੱਖ-ਵੱਖ ਜੱਥੇਬੰਦੀਆਂ ਦੀ ਇਕ ਜ਼ਰੂਰੀ ਮੀਟਿੰਗ ਗੁਰਦੁਆਰਾ ਸਾਹਿਬ ਚੌਂਕ ਸਮਰਾਲਾ ਵਿਖੇ ਹੋਈ।

ਇਸ ਵਿਚ ਜੱਥੇਬੰਦੀ ਦੇ ਆਗੂਆਂ ਵੱਲੋਂ ਸੰਘਰਸ਼ ਕਰਦੇ ਆਗੂਆਂ ਨਾਲ ਹੋਈ ਧੱਕੇਸਾਹੀ ਅਤੇ ਬਦਸਲੂਕੀ ਅਤੇ ਦਰਜ ਮਾਮਲਿਆਂ ਦੀ ਜ਼ੋਰਦਾਰ ਨਿਖ਼ੇਧੀ ਕੀਤੀ ਗਈ। ਮਾਛੀਵਾੜਾ ਸਾਹਿਬ ਵਿਖੇ ਆਗੂਆਂ ਨੂੰ ਅਪਸ਼ਬਦ ਬੋਲਣ ਅਤੇ ਧੱਕੇਸਾਹੀ ਕਰਨ ਵਾਲੇ ਪੁਲਸ ਅਧਿਕਾਰੀ ਖ਼ਿਲਾਫ਼ 15 ਦਸੰਬਰ ਨੂੰ ਵੱਡੇ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ। ਇਸ ਮੌਕੇ ਬੋਲਦਿਆਂ ਸਾਬਕਾ ਐੱਮ. ਐੱਲ. ਏ. ਤਰਸੇਮ ਸਿੰਘ ਜੋਧਾਂ ਅਤੇ ਕਾਮਰੇਡ ਲਛਮਣ ਸਿੰਘ ਨੇ ਕਿਹਾ ਇਸ ਪੁਲਸ ਅਧਿਕਾਰੀ ਦਾ ਵਤੀਰਾ ਲੋਕ ਅਧਿਕਾਰਾਂ 'ਤੇ ਸਿੱਧਾ ਡਾਕਾ ਹੈ ਅਤੇ ਜੱਥੇਬੰਦੀਆਂ ਇਸ ਨਾਦਰਸ਼ਾਹੀ ਵਤੀਰੇ ਦਾ ਡੱਟ ਕੇ ਵਿਰੋਧ ਕਰਨਗੀਆਂ।

ਉਨ੍ਹਾਂ ਐਲਾਨ ਕੀਤਾ ਕਿ ਆਉਣ ਵਾਲੀ 15 ਦਸੰਬਰ ਨੂੰ ਸਮਰਾਲਾ ਵਿਖੇ ਇਸ ਅਧਿਕਾਰੀ ਖ਼ਿਲਾਫ਼ ਸਮੂਹ ਜੱਥੇਬੰਦੀਆਂ ਵੱਲੋਂ ਇੱਕ ਬਹੁਤ ਵੱਡਾ ਰੋਸ ਮੁਜ਼ਾਹਰਾ ਵਿਰੋਧ ਕੀਤਾ ਜਾਵੇਗਾ। ਜੇਕਰ ਸਰਕਾਰ ਨੇ ਅਧਿਕਾਰੀ ’ਤੇ ਕਾਰਵਾਈ ਨਾ ਕੀਤੀ ਤਾਂ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ ਅਤੇ ਲੋੜ ਪਈ ਤਾਂ ਸੜਕਾਂ 'ਤੇ ਉਤਰ ਕੇ ਪ੍ਰਦਰਸ਼ਨ ਕੀਤਾ ਜਾਵੇਗਾ। ਹੋਰਨਾਂ ਆਗੂਆਂ ਨੇ ਵੀ ਆਪਣੇ ਸੰਬੋਧਨ ’ਚ ਆਖਿਆ ਕਿ ਇਸ ਤੋਂ ਵੱਡਾ ਧੱਕਾ ਹੋਰ ਕੀ ਹੋ ਸਕਦਾ ਹੈ ਕਿ ਜੱਥੇਬੰਦੀਆਂ ਦੇ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਮੌਕੇ ਸ਼ਰੇਆਮ ਧੱਕੇ ਮਾਰੇ ਗਏ ਅਤੇ 107/151 ਦੇ ਦਰਜ ਕੀਤੇ ਮਾਮਲੇ ’ਚ ਬਿਨਾਂ ਐੱਸ. ਡੀ. ਐੱਮ. ਅਦਾਲਤ 'ਚ ਪੇਸ਼ ਕੀਤੇ ਹੀ ਗੈਰ-ਕਾਨੂੰਨੀ ਢੰਗ ਦੇ ਨਾਲ ਜੇਲ੍ਹ ਭੇਜਿਆ ਗਿਆ।
  
 


author

Babita

Content Editor

Related News