ਸੀ. ਪੀ. ਆਈ. ਵੱਲੋਂ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ

07/16/2018 12:28:35 PM

ਝਬਾਲ,   (ਲਾਲੂ ਘੁੰਮਣ, ਬਖਤਾਵਰ)–  ਪੰਜਾਬ ਅੰਦਰ ਵਹਿ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਦੀ ਭੇਟ ਚਡ਼੍ਹ ਕੇ ਆਏ ਦਿਨ ਮੌਤ ਦੇ ਮੂੰਹ ’ਚ ਜਾ ਰਹੇ ਨੌਜਵਾਨਾਂ ਲਈ ਸੂਬੇ ਦੀ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ’ਤੇ ਸਥਾਪਤ ਹੋਣ ਲਈ ਝੂਠੀਆਂ ਸਹੁੰਅਾਂ ਚੁੱਕ ਕੇ ਪੰਜਾਬ ਦੇ ਲੋਕਾਂ ਨਾਲ ਧ੍ਰੋਹ ਕਮਾਇਆ ਹੈ ਤੇ ਹੁਣ ਇਹ ਸਰਕਾਰ ਆਪਣੇ ਸਾਰੇ ਵਾਦਿਆਂ ਤੋਂ ਭੱਜ ਰਹੀ ਹੈ। ਇਹ ਪ੍ਰਗਟਾਵਾ ਸੀ.ਪੀ.ਆਈ. ਦੇ ਸੂਬਾਈ ਆਗੂ ਕਾਮਰੇਡ ਦਵਿੰਦਰ ਕੁਮਾਰ ਸੋਹਲ ਨੇ ਪਿੰਡ ਢੰਡ ਵਿਖੇ ਨਸ਼ਿਆਂ ਅਤੇ ਸਰਕਾਰ ਖਿਲਾਫ ਕੱਢੀ ਗਈ ਰੋਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਕਾਮਰੇਡ ਦਵਿੰਦਰ ਕੁਮਾਰ ਸੋਹਲ ਨੇ ਕਿਹਾ ਕਿ ਸੀ.ਪੀ.ਆਈ. ਵਲੋਂ ਹੋਰ ਭਰਾਰਤੀ ਜਥੇਬੰਦੀਆਂ ਨੂੰ ਨਾਲ ਲੈ ਕੇ ਨਸ਼ਿਆਂ ਨੂੰ ਰੋਕਣ ਲਈ ਸਰਕਾਰ 'ਤੇ ਦਬਾਅ ਜਾਰੀ ਰੱਖਿਆ ਜਾਵੇਗਾ ਤਾਂ ਜੋ ਨਸ਼ਿਆਂ ਦੇ ਵੱਡੇ ਸੁਦਾਗਰਾਂ ਨੂੰ ਸਰਕਾਰ ਕਾਬੂ ਕਰਕੇ ਜੇਲਾਂ ਅੰਦਰ ਸੁੱਟੇ ਅਤੇ ਆਏ ਦਿਨ ਨਸ਼ਿਆਂ ਦੀ ਭੇਂਟ ਚੜ੍ਹ ਰਹੇ ਨੌਜਵਾਨਾਂ ਨੂੰ ਬਚਾਉਣ ਲਈ ਸਰਕਾਰ ਵਲੋਂ ਢੁੱਕਵੇਂ ਯਤਨ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਸੀ.ਪੀ.ਆਈ ਵਲੋਂ ਪਿੰਡ-ਪਿੰਡ, ਗਲੀ-ਗਲੀ ਪਹੁੰਚ ਕੇ ਨਸ਼ਿਆਂ ਵਿਰੁੱਧ ਲੋਕ ਲਹਿਰ ਚਲਾਈ ਜਾ ਰਹੀ ਹੈ ਅਤੇ ਇਹ ਲੋਕ ਲਹਿਰ ਤਦ ਤੱਕ ਪ੍ਰਚੰਡ ਰਹੇਗੀ ਜਦ ਤੱਕ ਨਸ਼ਿਆਂ ਦੇ ਸੁਦਾਗਰਾਂ ਦਾ ਸਫਾਇਆ ਨਹੀਂ ਹੋ ਜਾਂਦਾ ਹੈ। ਇਸ ਮੌਕੇ ਮਾ. ਰਾਮੇਸ਼, ਮਨਜੀਤ ਸਿੰਘ, ਸੁਖਰਾਜ ਸਿੰਘ, ਦੀਪ ਸਿੰਘ, ਗੋਪੀ ਸਿੰਘ ਆਦਿ ਦੀ ਅਗਵਾਈ 'ਚ ਪਿੰਡ ਢੰਡ ਦੀਆਂ ਗਲੀਆਂ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪਿੰਡ ਵਾਸੀਆਂ ਨੂੰ ਨਸ਼ਿਆਂ ਖਿਲਾਫ ਆਵਾਜ਼ ਬੁਲੰਦ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ਕਾਮਰੇਡ ਭਗਵਾਨ ਸਿੰਘ, ਚਾਨਣ ਸਿੰਘ ਸੋਹਲ, ਜੈ ਦੀਪ ਸਿੰਘ, ਵਿਜੇ ਢੰਡ, ਵਿਕਰਮ, ਗੋਲਡੀ, ਸੰਨੀ, ਗੁਰਦਿਆਲ ਸਿੰਘ ਫੌਜੀ, ਜਿੰਦੀ ਵਡਾਲੀ, ਬਲਦੇਵ ਸਿੰਘ ਝਬਾਲ ਆਦਿ ਹਾਜ਼ਰ ਸਨ।


Related News