ਬਿਜਲੀ ਰੇਟਾਂ ''ਚ ਵਾਧੇ ਵਿਰੁੱਧ ਕੈਪਟਨ ਦੀ ਕੋਠੀ ਦਾ ਘਿਰਾਓ ਕਰੇਗੀ ''ਆਪ'' : ਭਗਵੰਤ ਮਾਨ

Saturday, Dec 28, 2019 - 08:21 PM (IST)

ਬਿਜਲੀ ਰੇਟਾਂ ''ਚ ਵਾਧੇ ਵਿਰੁੱਧ ਕੈਪਟਨ ਦੀ ਕੋਠੀ ਦਾ ਘਿਰਾਓ ਕਰੇਗੀ ''ਆਪ'' : ਭਗਵੰਤ ਮਾਨ

ਸ਼ੇਰਪੁਰ, (ਸਿੰਗਲਾ)- 'ਪੰਜਾਬ ਇਕ ਅਜਿਹਾ ਸੂਬਾ ਹੈ, ਜਿਥੇ ਬਿਜਲੀ ਪੈਦਾ ਕੀਤੀ ਜਾਂਦੀ ਹੈ ਤੇ ਪੰਜਾਬ ਦੇ ਲੋਕਾਂ ਨੂੰ ਹੀ ਸਭ ਤੋਂ ਮਹਿੰਗੀ ਬਿਜਲੀ ਕਾਂਗਰਸ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ। ਇਕ ਕਰੋੜ ਦੇ ਕਰੀਬ ਖਪਤਕਾਰਾਂ ਦੀ ਹੋ ਰਹੀ ਲੁੱਟ ਨੂੰ ਆਮ ਆਦਮੀ ਪਾਰਟੀ ਬਰਦਾਸ਼ਤ ਨਹੀਂ ਕਰੇਗੀ। ਬਿਜਲੀ ਰੇਟਾਂ 'ਚ ਕੀਤੇ ਵਾਧੇ ਵਿਰੁੱਧ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ 'ਆਪ' ਵੱਲੋਂ 7 ਜਨਵਰੀ ਨੂੰ ਘਿਰਾਓ ਕੀਤਾ ਜਾਵੇਗਾ ਅਤੇ ਸਰਕਾਰ ਨੂੰ ਮਜਬੂਰ ਕੀਤਾ ਜਾਵੇਗਾ ਕਿ ਬਿਜਲੀ ਰੇਟਾਂ 'ਚ ਤੁਰੰਤ ਕਟੌਤੀ ਕੀਤੀ ਜਾਵੇ।' ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਜਗ ਬਾਣੀ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਪੰਜਾਬ ਦੇ ਲੋਕਾਂ ਨੂੰ ਦੋਵੇਂ ਹੱਥੀਂ ਲੁੱਟ ਰਹੀ ਹੈ। ਲੋਕਾਂ ਤੋਂ ਸਹੂਲਤਾਂ ਖੋਹੀਆਂ ਜਾ ਰਹੀਆਂ ਹਨ ਅਤੇ ਵਿਕਾਸ ਦੇ ਕੰਮ ਠੱਪ ਪਏ ਹਨ।
ਮਾਨ ਨੇ ਕਿਹਾ ਕਿ ਸਰਕਾਰ ਦਾ ਪੰਜਾਬ ਦੇ ਹਲਾਤਾਂ ਵੱਲ ਕੋਈ ਧਿਆਨ ਨਹੀਂ। ਪੰਜਾਬ ਦਾ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ, ਵਪਾਰ ਦਿਨੋ-ਦਿਨ ਨਿਘਾਰ ਵੱਲ ਜਾ ਰਿਹਾ ਹੈ। ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲਦਲ 'ਚ ਡੁੱਬ ਕੇ ਮਰ ਰਹੀ ਹੈ, ਪੜ੍ਹੇ-ਲਿਖੇ ਲੜਕੇ/ਲੜਕੀਆਂ ਰੋਜ਼ਗਾਰ ਲੈਣ ਲਈ ਭਟਕ ਰਹੇ ਹਨ, ਮੁਲਾਜ਼ਮ ਤਨਖਾਹਾਂ ਲੈਣ ਲਈ ਤਰਸ ਰਹੇ ਹਨ, ਨੌਜਵਾਨ ਡਿਗਰੀਆਂ ਪ੍ਰਾਪਤ ਕਰ ਕੇ ਨੌਕਰੀਆਂ ਲਈ ਧੱਕੇ ਖਾਂਦੇ ਹੋਏ ਪਾਣੀ ਵਾਲੀਆਂ ਟੈਂਕੀਆਂ 'ਤੇ ਚੜ੍ਹੇ ਬੈਠੇ ਹਨ। ਜਦਕਿ ਕੈਪਟਨ ਸਰਕਾਰ ਕੁੰਭਕਰਨ ਦੀ ਨੀਂਦ ਸੁੱਤੀ ਹੋਈ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਰਕਾਰ ਨੂੰ ਦੱਸਿਆ ਜਾਵੇ ਕਿ ਪੰਜਾਬ ਤੜਫ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦਰਾਂ ਘਟਾਉਣ ਲਈ 'ਆਪ' ਦਾ ਸੰਘਰਸ਼ ਸਰਕਾਰ ਖਿਲਾਫ ਜਾਰੀ ਰਹੇਗਾ।
 


author

KamalJeet Singh

Content Editor

Related News