ਆਂਗਣਵਾੜੀ ਵਰਕਰਾਂ ਵਲੋਂ ਕੈਪਟਨ ਤੇ ਮੋਦੀ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ

Tuesday, Feb 13, 2018 - 04:23 PM (IST)

ਆਂਗਣਵਾੜੀ ਵਰਕਰਾਂ ਵਲੋਂ ਕੈਪਟਨ ਤੇ ਮੋਦੀ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ

ਖਰੜ (ਅਮਰਦੀਪ) : ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਜ਼ਿਲਾ ਪ੍ਰਧਾਨ ਬਲਜੀਤ ਕੌਰ ਕੁਰਾਲੀ ਅਤੇ ਬਲਾਕ ਪ੍ਰਧਾਨ ਰਾਜਵੰਤ ਕੌਰ ਬੱਲੋਮਾਜਰਾ ਦੀ ਅਗਵਾਈ ਵਿੱਚ ਮੰਗਲਵਾਰ ਨੂੰ ਕੈਪਟਨ ਅਤੇ ਮੋਦੀ ਸਰਕਾਰ ਦਾ ਪਿੱਟ ਸਿਆਪਾ ਕਰਕੇ ਖਰੜ-ਮੁਹਾਲੀ ਕੌਮੀ ਮਾਰਗ ਤੇ ਦੋਹਾਂ ਸਰਕਾਰਾਂ ਦੀਆਂ ਅਰਥੀਆਂ ਫੂਕੀਆਂ ਗਈਆਂ। ਇਸ ਮੌਕੇ ਬੋਲਦਿਆਂ ਜ਼ਿਲਾ ਪ੍ਰਧਾਨ ਬਲਜੀਤ ਕੌਰ ਕੁਰਾਲੀ ਨੇ ਕਿਹਾ ਕਿ ਪ੍ਰੀ-ਪ੍ਰਾਇਮਰੀ ਜਮਾਤਾਂ ਵਿਚ ਦਾਖਲ ਕੀਤੇ ਬੱਚੇ ਆਂਗਣਵਾੜੀ ਸੈਂਟਰਾਂ ਵਿੱਚ ਵਾਪਸ ਭੇਜਣ ਸਬੰਧੀ ਆਂਗਣਵਾੜੀ ਮੁਲਾਜ਼ਮਾਂ ਦੇ ਸੰਘਰਸ਼ ਤੋਂ ਬਾਅਦ ਕੈਪਟਨ ਸਰਕਾਰ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਪਰ ਅਜੇ ਤੱਕ ਆਂਗਣਵਾੜੀ ਕੇਂਦਰਾਂ ਵਿੱਚ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਬੱਚੇ ਵਾਪਸ ਨਹੀਂ ਕੀਤੇ ਗਏ। ਇਸ ਸਬੰਧੀ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨਾਲ 5 ਫਰਵਰੀ ਨੂੰ ਜਥੇਬੰਦੀ ਦੀ ਮੀਟਿੰਗ ਵੀ ਕੀਤੀ ਗਈ ਸੀ, ਜਿਸ ਵਿੱਚ ਕੋਈ ਵਿਸ਼ੇਸ਼ ਸਿੱਟਾ ਨਾ ਨਿਕਲਣ ਕਾਰਨ ਆਂਗਣਵਾੜੀ ਵਰਕਰਾਂ ਵਲੋਂ ਸੂਬੇ ਭਰ ਵਿੱਚ ਸੰਘਰਸ਼ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਆਉਂਦਿਆਂ ਸਾਰ ਹੀ ਆਂਗਣਵਾੜੀ ਵਰਕਰਾਂ ਨੂੰ ਬੇਰੁਜ਼ਗਾਰ ਕਰ ਦਿੱਤਾ ਸੀ ਪਰ ਆਂਗਣਵਾੜੀ ਮੁਲਾਜ਼ਮਾਂ ਦੇ ਸੰਘਰਸ਼ ਤੋਂ ਬਾਅਦ ਪੰਜਾਬ ਸਰਕਾਰ ਝੁਕੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਗੁਆਂਢੀ ਰਾਜਾਂ ਹਰਿਆਣਾ ਅਤੇ ਰਾਜਸਥਾਨ ਵਿੱਚ ਆਂਗਣਵਾੜੀ ਵਰਕਰਾਂ ਦਾ ਮਾਣ ਭੱਤਾ ਵਧਾਇਆ ਗਿਆ ਹੈ ਉਸੀ ਤਰਜ਼ 'ਤੇ ਹੀ ਕੇਂਦਰ ਸਰਕਾਰ ਵਾਂਗ ਆਂਗਣਵਾੜੀ ਵਰਕਰਾਂ ਨੂੰ 10 ਹਜ਼ਾਰ ਤੋਂ 5 ਹਜ਼ਾਰ ਰੁਪਏ ਮਾਣ ਭੱਤਾ ਮਿਲਣਾ ਚਾਹੀਦਾ ਹੈ। ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਲਾਭ ਦੇਣ ਵਾਲੇ ਬਿੱਲ ਸਰਕਾਰ ਨੂੰ ਪਾਸ ਕਰਨੇ ਚਾਹੀਦੇ ਹਨ। ਉਨ•ਾਂ  ਪੰਜਾਬ ਸਰਕਾਰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪ੍ਰੀ ਪਾਇਮਰੀ ਜਮਾਤਾਂ ਵਿੱਚ ਦਾਖਲ ਕੀਤੇ ਬੱਚੇ ਆਂਗਣਵਾੜੀ ਸੈਂਟਰਾਂ ਵਿੱਚ ਵਾਪਸ ਨਾ ਭੇਜੇ ਤਾਂ ਆਂਗਣਵਾੜੀ ਮੁਲਾਜ਼ਮ ਯੂਨੀਅਨ ਸੂਬਾ ਪੱਧਰੀ ਸੰਘਰਸ਼ ਆਰੰਭ ਕਰੇਗੀ। ਇਸ ਮੌਕੇ ਮਨਜੀਤ ਕੌਰ ਛੱਜੂਮਾਜਰਾ , ਰਾਜਵੰਤ ਕੌਰ ਬਰੌਲੀ, ਜਸਵੀਰ ਕੌਰ ਭਾਗੋਮਾਜਰਾ, ਭਿੰਦਰ ਕੌਰ, ਹਰਦੀਪ ਕੌਰ, ਮਿਹਰ ਕੌਰ, ਸੰਦੀਪ ਕੌਰ, ਰਮਨਦੀਪ ਕੌਰ, ਹਰਜਿੰਦਰ ਕੌਰ , ਨਿਸ਼ਾ ਰਾਣੀ, ਸੁਦਰਸ਼ਨ ਕੌਰ ਨੇ ਵੀ ਸੰਬੋਧਨ ਕੀਤਾ।


Related News