5178 ਅਧਿਆਪਕਾਂ ਨੇ ਕੀਤਾ ਰੋਸ ਪ੍ਰਦਰਸ਼ਨ

Sunday, Aug 26, 2018 - 05:28 AM (IST)

5178 ਅਧਿਆਪਕਾਂ ਨੇ ਕੀਤਾ ਰੋਸ ਪ੍ਰਦਰਸ਼ਨ

ਲੁÎਧਿਆਣਾ, (ਸਲੂਜਾ)-ਸਥਾਨਕ ਯਮਲਾ ਜੱਟ ਪਾਰਕ, ਨੇਡ਼ੇ ਬੱਸ ਸਟੈਂਡ ਵਿਖੇ 5178 ਮਾਸਟਰ ਕਾਡਰ ਯੂਨੀਅਨ ਦੀ ਅਹਿਮ ਇਕੱਤਰਤਾ ਜ਼ਿਲਾ ਪ੍ਰਧਾਨ ਦੀਪ ਰਾਜਾ ਤੇ ਮੀਤ ਪ੍ਰਧਾਨ  ਹਰਮਿੰਦਰ ਸਿੰਘ ਕੈਂਥ ਦੀ ਅਗਵਾਈ ਹੇਠ ਹੋਈ, ਜਿਸ ’ਚ ਜ਼ਿਲਾ ਭਰ ’ਚੋਂ ਵੱਡੀ ਗਿਣਤੀ ’ਚ ਅਧਿਆਪਕ ਸ਼ਾਮਲ ਹੋਏ।ਦੀਪ ਰਾਜਾ ਨੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੂਬੇ ਦੀ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਮਿਤੀ 09 ਸਤੰਬਰ 2012 ਨੂੰ ਸੂਬੇ ਦੇ ਸਰਕਾਰੀ ਸਕੂਲਾਂ ’ਚ ਮਾਸਟਰ ਕਾਡਰ ਅਹੁਦੇ ਦੇ ਅਧਿਆਪਕ ਭਰਤੀ ਕਰਨ ਲਈ 5178 ਪੇਂਡੂ ਸਹਿਯੋਗੀ ਅਧਿਆਪਕ (ਮਾਸਟਰ ਕਾਡਰ) ਭਰਤੀ ਦਾ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ। ਮੈਰਿਟ ਵਿਚ ਆਏ ਉਮੀਦਵਾਰਾਂ ਨੂੰ ਦੋ ਸਾਲ ਦਾ ਸਮਾਂ ਬੀਤ ਜਾਣ ’ਤੇ ਨਵੰਬਰ 2014 ਤੇ ਵੇਟਿੰਗ ਲਿਸਟ ਵਾਲੇ ਉਮੀਦਵਾਰਾਂ ਨੂੰ ਨਵੰਬਰ 2015 ਵਿਚ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਸਨ।ਮਾਮਲਾ  ਇਹ ਹੈ ਕਿ ਇਹ ਅਧਿਆਪਕ ਮਹਿਜ 6000/-ਰੁਪਏ ਪ੍ਰਤੀ ਮਹੀਨਾ ਨਿਗੁਣੀ ਜਿਹੀ ਤਨਖਾਹ ’ਤੇ ਤਿੰਨ ਸਾਲ ਦੀ ਠੇਕਾ ਆਧਾਰਤ ਸੇਵਾ ਲਈ ਪੰਜਾਬ ਦੇ ਦੂਰ-ਦੁਰਾਡੇ ਦੇ ਬੇਟ ਤੇ ਕੰਢੀ ਖੇਤਰ ਦੇ ਸਕੂਲਾਂ ਵਿਚ 100 ਤੋਂ 150 ਕਿਲੋਮੀਟਰ ਦੀ ਦੂਰੀ ’ਤੇ ਨਿਯੁਕਤ ਕੀਤੇ ਗਏ ਸਨ। ਨਿਯੁਕਤੀ ਪੱਤਰ ਦੀਆਂ ਸ਼ਰਤਾਂ ਅਨੁਸਾਰ ਤਿੰਨ ਸਾਲ ਦੀ ਠੇਕਾ ਆਧਾਰਤ ਸੇਵਾ ਨਿਭਾਉਣ ਤੋਂ ਬਾਅਦ ਇਨ੍ਹਾਂ ਅਧਿਆਪਕਾਂ ਨੂੰ ਪੂਰੇ ਤਨਖਾਹ ਸਕੇਲ ਤੇ ਰੈਗੂਲਰ ਕੀਤਾ ਜਾਣਾ ਸੀ। 
5178 ਅਧਿਆਪਕ ਆਪਣੀ ਠੇਕਾ ਅਾਧਾਰਤ ਸੇਵਾ ਨਵੰਬਰ 2017 ਵਿਚ ਪੂਰੀ ਕਰ ਚੁੱਕੇ ਹਨ। ਦਫਤਰ ਡਾਇਰੈਕਟਰ ਸਿੱਖਿਆ ਵਿਭਾਗ (ਸੈ.ਸਿੱ) ਮੁਹਾਲੀ ਵੱਲੋਂ ਇਨ੍ਹਾਂ ਅਧਿਆਪਕਾਂ ਨੂੰ ਰੈਗੂਲਰ ਕਰਨ ਲਈ ਮਿਤੀ 12 ਅਕਤੂਬਰ 2017 ਨੂੰ ਪੰਜਾਬ ਦੇ ਸਮੂਹ ਜ਼ਿਲਾਂ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਜਾਰੀ ਕਰ ਕੇ ਤਿੰਨ ਸਾਲ ਦੀ ਠੇਕਾ ਅਧਾਰਤ ਸੇਵਾ ਪੂਰੀ ਕਰ ਚੁੱਕੇ ਅਧਿਆਪਕਾਂ ਦੇ ਕੇਸ ਮੰਗੇ ਗਏ ਸਨ, ਜੋ ਕਿ ਸਮੇਂ ਸਿਰ ਮੁੱਖ ਦਫਤਰ ਵਿਖੇ ਪਹੁੰਚਾ ਦਿੱਤੇ ਗਏ ਸਨ। ਲਗਭਗ ਨੌਂ ਮਹੀਨੇ ਬੀਤ ਜਾਣ ਦੇ ਬਾਵਜੂਦ 5178 ਅਧਿਆਪਕਾਂ ਦੇ ਰੈਗੂਲਰ ਦੇ ਆਰਡਰ ਜਾਰੀ ਨਹੀਂ ਕੀਤੇ ਜਾ ਰਹੇ।   ਇਸ ਉਪਰੰਤ ਵੱਡੀ ਗਿਣਤੀ ਵਿਚ ਇਕੱਤਰ ਹੋਏ ਅਧਿਆਪਕਾਂ ਨੇ ਬੱਸ ਸਟੈਂਡ ਤੋਂ ਬਲਦੀਆਂ ਮਸ਼ਾਲਾਂ ਹੱਥਾਂ ਵਿਚ ਲੈ ਕੇ ਪੰਜਾਬ ਸਰਕਾਰ ਵਿਰੁੱਧ ਹੱਕੀ ਮੰਗਾਂ ਨੂੰ ਲੈ ਕੇ ਰੋਹ ਭਰਪੂਰ ਨਾਅਰੇਬਾਜ਼ੀ ਕਰਦੇ ਹੋਏ ਜਗਰਾਓਂ ਪੁੱਲ ਤੱਕ ਮਸ਼ਾਲ ਮਾਰਚ ਕੱਢਿਆ।5178 ਮਾਸਟਰ ਕਾਡਰ ਯੂਨੀਅਨ ਦੇ ਆਗੂਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਕਤ ਅਧਿਆਪਕ ਸਰਕਾਰ ਵਲੋਂ ਤੈਅ ਕੀਤੇ ਗਏ ਸਾਰੇ ਮਾਪਦੰਡ, ਨਿਯਮ ਅਤੇ ਸ਼ਰਤਾਂ ਪੂਰੀਆਂ ਕਰੀ ਬੈਠੇ ਹਨ ਪਰ ਸਰਕਾਰ ਹਾਲੇ ਵੀ ਇਨ੍ਹਾਂ ਦਾ ਰੱਜ ਕੇ ਸ਼ੋਸ਼ਣ ਕਰ ਰਹੀ ਹੈ ਤੇ ਪੂਰੇ ਤਨਖਾਹ ਸਕੇਲ ਤੇ ਇਨ੍ਹਾਂ ਦੇ ਆਰਡਰ ਜਾਰੀ ਕਰਨ ਤੋਂ ਘੇਸਲ ਮਾਰੀ ਬੈਠੀ ਹੈ। ਅਧਿਆਪਕ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਪਿਛਲੇ ਦਿਨੀਂ ਖਜ਼ਾਨਾ ਦਫਤਰਾਂ ਰਾਹੀ ਪੱਤਰ ਜਾਰੀ ਕਰ ਕੇ 5178 ਅਧਿਆਪਕਾਂ ਨੂੰ ਮਿਲ ਰਹੀਆਂ ਨਿਗੁਣੀਆਂ ਤਨਖਾਹਾਂ ’ਤੇ ਵੀ ਪੱਕੀ ਰੋਕ ਲਗਾ ਕੇ ਅਧਿਆਪਕਾਂ ਦਾ ਗਲਾ ਘੁੱਟਣ ਵਾਲਾ ਕੰਮ ਕੀਤਾ ਹੈ। ਇਹ ਕਾਬਲ ਅਧਿਆਪਕ ਆਪਣੇ ਘਰਾਂ ਦਾ ਗੁਜ਼ਾਰਾ ਚਲਾਉਣ ਲਈ ਕਰਜ਼ਾਈ ਹੋ ਚੁੱਕੇ ਹਨ। ਇਸ ਲਈ ਪੰਜਾਬ ਸਰਕਾਰ 5178 ਅਧਿਆਪਕਾਂ ਦੀ ਕਰਜ਼ਾ ਮੁਆਫੀ ਦਾ ਤੁਰੰਤ ਐਲਾਨ ਕਰੇ। ਇਸ ਮੌਕੇ ਮੈਡਮ ਪੂਨਮ ਸ਼ਰਮਾ ਤੇ ਹਰਮਿੰਦਰ ਸਿੰਘ ਕੈਂਥ ਨੇ ਵੀ ਆਪਣੇ  ਵਿਚਾਰ  ਪੇਸ਼ ਕੀਤੇ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਸਮੂਹ 5178 ਅਧਿਆਪਕ ਪੂਰੀ ਤਨਖਾਹ ਤੇ ਰੈਗੂਲਰਾਈਜੇਸ਼ਨ ਤੋਂ ਬਿਨ੍ਹਾਂ ਹੋਰ ਸਾਰੀਆਂ ਪੇਸ਼ਕਸ਼ਾਂ ਨੂੰ ਮੁੱਢੋਂ ਰੱਦ ਕਰਦੇ ਹਨ ਤੇ ਹੱਕੀ ਮੰਗਾਂ ਪੂਰੀਆਂ ਕਰਾਉਣ ਲਈ ਪੰਜਾਬ ਸਰਕਾਰ ਵਿਰੁੱਧ ਤਿੱਖਾ ਸੰਘਰਸ਼ ਕਰਨਗੇ। ਇਸ ਮੌਕੇ  ਕੁਲਭੂਸ਼ਨ, ਸੰਦੀਪ ਸਿੰਘ, ਲਾਲ ਸਿੰਘ, ਮਨਪ੍ਰੀਤ ਸਿੰਘ,  ਦੀਪ ਸਾਫਟਬਾਲ,  ਦਵਿੰਦਰ ਕੌਸ਼ਿਕ,  ਗੁਰਪ੍ਰੀਤ ਸਿੰਘ, ਵਰਿੰਦਰ ਸਿੰਘ, ਜਸਵੀਰ ਸਿੰਘ,  ਕੀਰਤੀ ਵਿਜਨ, ਕਰਮਜੀਤ ਕੌਰ, ਸੁਖਵਿੰਦਰ ਕੌਰ, ਰਮਿੰਦਰ ਕੌਰ, ਪਰਵੀਨ ਕੌਰ, ਪਰਮਪ੍ਰੀਤ ਕੌਰ, ਸਤਵਿੰਦਰ ਕੌਰ, ਮਨਦੀਪ ਕੌਰ ਆਦਿ ਅਧਿਆਪਕਾਂ ਸਮੇਤ ਇਨ੍ਹਾਂ ਦੇ ਪਰਿਵਾਰਕ ਮੈਂਬਰ ਤੇ ਬੱਚੇ ਵੱਡੀ ਗਿਣਤੀ ’ਚ ਹਾਜ਼ਰ ਸਨ।


Related News