ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਨੇ ਬੱਸ ਅੱਡੇ ਅੱਗੇ ਲਾਇਆ ਜਾਮ, ਪੁਲਸ ਖਿਲਾਫ਼ ਕੀਤੀ ਨਾਅਰੇਬਾਜ਼ੀ
Sunday, Aug 26, 2018 - 01:22 AM (IST)
ਸ੍ਰੀ ਮੁਕਤਸਰ ਸਾਹਿਬ/ਮੰਡੀ ਲੱਖੇਵਾਲੀ, (ਪਵਨ, ਸੁਖਪਾਲ)-ਅੱਜ ਪੰਜਾਬ ਰੋਡਵੇਜ਼ ਸ੍ਰੀ ਮੁਕਤਸਰ ਸਾਹਿਬ ਡਿਪੂ ਦੇ ਮੁਲਾਜ਼ਮਾਂ ਨੇ ਰੋਡਵੇਜ਼ ਦੇ ਇਕ ਡਰਾਈਵਰ ਨਾਲ ਪੰਜਾਬ ਪੁਲਸ ਦੇ ਮੁਲਾਜ਼ਮਾਂ ਵੱਲੋਂ ਕੀਤੀ ਗਈ ਬਦਸਲੂਕੀ ਦੇ ਮਾਮਲੇ ਸਬੰਧੀ ਬੱਸ ਅੱਡੇ ਅੱਗੇ ਜਾਮ ਲਾ ਦਿੱਤਾ ਗਿਆ ਅਤੇ ਪੁਲਸ ਵਿਭਾਗ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਜਾਣਕਾਰੀ ਅਨੁਸਾਰ ਮੁਕਤਸਰ ਡਿਪੂ ਦੀ ਬੱਸ (ਨੰਬਰ ਪੀ ਬੀ ਜੀ 9814) ਜੰਮੂ ਤੋਂ ਸਵੇਰੇ ਚੱਲ ਕੇ ਸ਼ਾਮ ਨੂੰ 6:30 ਵਜੇ ਅੰਮ੍ਰਿਤਸਰ ਪਹੁੰਚਦੀ ਹੈ ਅਤੇ ਅੰਮ੍ਰਿਤਸਰ ਤੋਂ 6:50 ਵਜੇ ’ਤੇ ਚੱਲ ਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਰਾਤ ਨੂੰ ਸਾਢੇ 11 ਵਜੇ ਪਹੁੰਚਦੀ ਅਤੇ ਇਸ ਦਾ ਡਰਾਈਵਰ ਗੁਰਸੇਵਕ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਕਾਲਚੀਆਂ ਜ਼ਿਲਾ ਮਾਨਸਾ ਬੱਸ ਦੇ ਅੰਦਰ ਹੀ ਸੌ ਗਿਆ ਪਰ ਰਾਤ ਵੇਲੇ ਬੱਸ ਅੱਡੇ ’ਚ ਸਥਿਤ ਪੁਲਸ ਚੌਕੀ ਦੇ ਮੁਲਾਜ਼ਮਾਂ ਨੇ ਉਸ ਨੂੰ ਬੱਸ ’ਚੋਂ ਹੇਠਾਂ ਲਾਹ ਲਿਆ ਅਤੇ ਪੁਲਸ ਚੌਕੀ ਵਿਚ ਲੈ ਗਏ। ਜਿੱਥੇ ਜਾ ਕੇ ਉਸ ਨੂੰ ਬੁਰਾ-ਭਲਾ ਕਿਹਾ ਅਤੇ ਉਸ ਦਾ ਡਰਾਈਵਰੀ ਲਾਇਸੈਂਸ ਵੀ ਖੋਹ ਲਿਆ ਪਰ ਡਰਾਈਵਰ ਵੱਲੋਂ ਹੱਥ ਜੋਡ਼ ਕੇ ਮਿੰਨਤ ਕਰਨ ’ਤੇ ਲਾਇਸੈਂਸ ਵਾਪਸ ਕਰ ਦਿੱਤਾ। ਸਵੇਰ ਵੇਲੇ ਉਕਤ ਡਰਾਈਵਰ ਨੇ ਇਹ ਸਾਰਾ ਮਾਮਲਾ ਮੁਲਾਜ਼ਮ ਜਥੇਬੰਦੀ ਦੇ ਆਗੂਆਂ ਪ੍ਰਧਾਨ ਕੇਵਲ ਸਿੰਘ, ਚੇਅਰਮੈਨ ਕਮਲ ਕੁਮਾਰ ਸ਼ਰਮਾ, ਰਣਜੀਤ ਸਿੰਘ, ਤਰਸੇਮ ਸਿੰਘ ਅਤੇ ਸੋਨੂੰ ਨੂੰ ਦੱਸਿਆ, ਜਿਸ ਤੋਂ ਬਾਅਦ ਮੁਲਾਜ਼ਮਾਂ ਨੇ ਰੋਸ ਵਜੋਂ ਬੱਸ ਅੱਡੇ ਅੱਗੇ ਜਾਮ ਲਾ ਕੇ ਪੁਲਸ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਕਰੀਬ ਡੇਢ ਤੋਂ ਦੋ ਘੰਟੇ ਉੱਥੇ ਬੱਸਾਂ ਦੀ ਆਵਾਜਾਈ ਬੰਦ ਰਹੀ ਅਤੇ ਸਵਾਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਆਗੂਆਂ ਨੇ ਮੰਗ ਕੀਤੀ ਕਿ ਬੱਸ ਅੱਡੇ ’ਚੋਂ ਪੁਲਸ ਚੌਕੀ ਚੁਕਵਾਈ ਜਾਵੇ ਕਿਉਂਕਿ ਇਹ ਰੋਡਵੇਜ਼ ਦਾ ਮੀਟਿੰਗ ਰੂਮ ਹੈ। ਇਸ ਤੋਂ ਇਲਾਵਾ ਡਰਾਈਵਰ ਨੂੰ ਤੰਗ-ਪ੍ਰੇਸ਼ਾਨ ਕਰਨ ਵਾਲੇ ਪੁਲਸ ਮੁਲਾਜ਼ਮਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ। ਸੂਚਨਾ ਮਿਲਦੇ ਹੀ ਥਾਣਾ ਸਿਟੀ ਦੇ ਇੰਚਾਰਜ ਭੁਪਿੰਦਰ ਸਿੰਘ ਪੁਲਸ ਪਰਟੀ ਨਾਲ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਨੇ ਇਹ ਸਾਰਾ ਮਾਮਲਾ ਸ਼ਾਂਤ ਕਰਵਾਇਆ ਅਤੇ ਲਾਏ ਗਏ ਜਾਮ ਨੂੰ ਖੁੱਲ੍ਹਵਾਇਆ ਗਿਆ। ਉਨ੍ਹਾਂ ਦੱਸਿਆ ਕਿ ਪੁਲਸ ਅਤੇ ਰੋਡਵੇਜ਼ ਮੁਲਾਜ਼ਮਾਂ ਵਿਚਕਾਰ ਜੋ ਮਤਭੇਦ ਸਨ, ਉਨ੍ਹਾਂ ਨੂੰ ਦੂਰ ਕਰਵਾ ਦਿੱਤਾ ਗਿਆ ਹੈ ਅਤੇ ਰੋਡਵੇਜ਼ ਆਗੂਆਂ ਦੀ ਮੰਗ ਅਨੁਸਾਰ ਇਹ ਸਾਰਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਕਿ ਇਨ੍ਹਾਂ ਪੁਲਸ ਮੁਲਾਜ਼ਮਾਂ ਦੀਆਂ ਸੀਟਾਂ ਨੂੰ ਬਦਲ ਦਿੱਤਾ ਜਾਵੇਗਾ। ਉਨ੍ਹਾਂ ਰੋਡਵੇਜ਼ ਮੁਲਾਜ਼ਮਾਂ ਅਤੇ ਆਮ ਲੋਕਾਂ ਨੂੰ ਪੁਲਸ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ।
