ਆੜ੍ਹਤੀਆਂ ਨੇ ਐੈੱਫ. ਸੀ. ਆਈ. ਦਫਤਰ ਅੱਗੇ ਕੀਤਾ ਰੋਸ ਪ੍ਰਦਰਸ਼ਨ

04/21/2018 8:12:35 AM

ਪਟਿਆਲਾ  (ਬਲਜਿੰਦਰ) - ਫੂਡ ਕਾਰਪੋਰੇਸ਼ਨ ਆਫ ਇੰਡੀਆ (ਐੈੱਫ. ਸੀ. ਆਈ.) ਵੱਲੋਂ ਨਿਰਧਾਰਤ ਕੋਟੇ ਦੀ ਖਰੀਦ ਨਾ ਕਰਨ ਤੋਂ ਭੜਕੇ ਆੜ੍ਹਤੀਆਂ ਨੇ ਪ੍ਰਧਾਨ ਹਰਜੀਤ ਸਿੰਘ ਸ਼ੇਰੂ ਦੀ ਪ੍ਰਧਾਨਗੀ ਹੇਠ ਐੈੱਫ. ਸੀ. ਆਈ. ਦੇ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ।  ਪ੍ਰਧਾਨ ਸ਼ੇਰੂ ਨੇ ਦੋਸ਼ ਲਾਇਆ ਕਿ ਐੱਫ. ਸੀ. ਆਈ. ਵੱਲੋਂ ਆਪਣੇ ਨਿਰਧਾਰਤ ਕੋਟੇ ਦੀ ਕਣਕ ਦੀ ਖਰੀਦ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਕਿਸਾਨਾਂ ਨੂੰ ਮੰਡੀਆਂ ਵਿਚ ਰੁਲਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲੇ ਵਿਚ 20 ਫੀਸਦੀ ਖਰੀਦ ਕੋਟਾ ਮਾਰਕਫੈੱਡ, 20 ਫੀਸਦੀ ਪਨਗਰੇਨ, 20 ਫੀਸਦੀ ਪਨਸਪ, 10 ਫੀਸਦੀ ਪੰਜਾਬ ਐਗਰੋ ਅਤੇ 10 ਫੀਸਦੀ ਵੇਅਰਹਾਊਸ ਨੂੰ ਖਰੀਦ ਦਾ ਕੋਟਾ ਅਲਾਟ ਕੀਤਾ ਜਾਂਦਾ ਹੈ। ਬਾਕੀ ਖਰੀਦ ਏਜੰਸੀਆਂ ਨਿਰਧਾਰਤ ਕੋਟੇ ਮੁਤਾਬਕ ਖਰੀਦ ਕਰ ਰਹੀਆਂ ਹਨ। ਐੈੱਫ. ਸੀ. ਆਈ. ਨਿਰਧਾਰਤ ਕੋਟੇ ਦੀ ਖਰੀਦ ਨਹੀਂ ਕਰ ਰਹੀ। ਉਨ੍ਹਾਂ ਦੱਸਿਆ ਕਿ ਹੁਣ ਤੱਕ ਐੱਫ. ਸੀ. ਆਈ. ਵੱਲੋਂ ਸਿਰਫ 5 ਫੀਸਦੀ ਖਰੀਦ ਕੀਤੀ ਗਈ ਹੈ, ਜਦਕਿ ਖਰੀਦ 60 ਫੀਸਦੀ ਤੋਂ ਜ਼ਿਆਦਾ ਹੋ ਚੁੱਕੀ ਹੈ। ਪ੍ਰਧਾਨ ਸ਼ੇਰੂ ਨੇ ਕਿਹਾ ਕਿ ਐੈੱਫ. ਸੀ. ਆਈ. ਵੱਲੋਂ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਖੱਜਲ-ਖੁਆਰ ਕੀਤਾ ਜਾਂਦਾ ਹੈ। ਇੰਨਾ ਹੀ ਨਹੀਂ, ਐੱਫ. ਸੀ. ਆਈ. ਨਿਰਧਾਰਤ ਕੋਟੇ ਮੁਤਾਬਕ ਬਾਰਦਾਨਾ ਤਾਂ ਲੈ ਲੈਂਦੀ ਹੈ ਪਰ ਖਰੀਦ ਕਰਦੀ ਨਹੀਂ। ਬਾਰਦਾਨਾ ਦੁਜੀਆਂ ਏਜੰਸੀਆਂ ਨੂੰ ਨਹੀਂ ਦਿੱਤਾ ਜਾਂਦਾ।
ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਕੁਮਾਰ, ਚੇਅਰਮੈਨ ਚਰਨ ਦਾਸ ਗੋਇਲ, ਜਨਰਲ ਸਕੱਤਰ ਨਰੇਸ਼ ਮਿੱਤਲ, ਕੈਸ਼ੀਅਰ ਖਰਦਮਨ ਰਾਏ ਗੁਪਤਾ, ਉੱਪ ਚੇਅਰਮੈਨ ਲਛਮਣ ਦਾਸ ਬਾਂਸਲ, ਮੁੱਖ ਸਲਾਹਕਾਰ ਹਰਦੇਵ ਸਿੰਘ ਸਰਪੰਚ, ਦਰਬਾਰਾ ਸਿੰਘ ਜਾਹਲਾਂ, ਪ੍ਰੇਮ ਚੰਦ, ਮੀਤ ਪ੍ਰਧਾਨ ਕਿਸ਼ਨ ਚੰਦ ਗੁਪਤਾ, ਗੁਰਚਰਨ ਸਿੰਘ ਕਸਿਆਣਾ, ਦਵਿੰਦਰ ਕੁਮਾਰ ਬੱਗਾ, ਰਾਕੇਸ਼ ਭਾਨਰਾ, ਗੁਰਿੰਦਰ ਸਿੰਘ, ਸੋਹਨ ਲਾਲ ਕਾਂਸਲ, ਵਿਜੇ ਕੁਮਾਰ ਆਲੋਵਾਲ, ਸਕੱਤਰ ਤੀਰਥ ਬਾਂਸਲ, ਕਰਮ ਚੰਦ ਬਾਂਸਲ, ਸੰਜੀਵਨ ਕੁਮਾਰ ਮਿੱਤਲ, ਰਾਜੇਸ਼ ਕੁਮਾਰ ਗੋਗੀ, ਕਮਲ ਗੋਇਲ, ਵਿਕਾਸ ਗੋਇਲ ਬੌਬੀ, ਪ੍ਰਗਟ ਸਿੰਘ ਜਾਹਲਾਂ, ਜੁਆਇੰਟ ਸਕੱਤਰ ਸ਼ਾਂਤੀ ਸਰੂਪ ਅਤੇ ਪ੍ਰੈੱਸ ਸਕੱਤਰ ਕਰਨੈਲ ਸਿੰਘ ਜੱਸੋਵਾਲ ਨੇ ਇਸ ਵਿਰੋਧ ਦਾ ਸਮਰਥਨ ਕੀਤਾ।
ਬਾਰਦਾਨਾ ਖਤਮ, ਕਈ ਮੰਡੀਆਂ 'ਚ ਖਰੀਦ ਰੁਕੀ
ਇਸ ਵਾਰ ਕਣਕ ਦੀ ਬੰਪਰ ਫਸਲ ਕਾਰਨ ਖਰੀਦ ਏਜੰਸੀਆਂ ਵੱਲੋਂ ਨਿਰਧਾਰਤ ਕੋਟਾ ਖਤਮ ਹੋਣ ਕਾਰਨ ਬਾਰਦਾਨਾ ਖਤਮ ਹੋ ਗਿਆ ਹੈ। ਕਈ ਮੰਡੀਆਂ ਵਿਚ ਖਰੀਦ ਵੀ ਰੁਕ ਗਈ ਹੈ। ਇਸ ਨੂੰ ਲੈ ਕੇ ਆੜ੍ਹਤੀਆਂ ਦਾ ਇਕ ਵਫਦ ਪ੍ਰਧਾਨ ਹਰਜੀਤ ਸਿੰਘ ਸ਼ੇਰੂ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੂੰ ਮਿਲਿਆ। ਉਨ੍ਹਾਂ ਸਮੁੱਚੀਆਂ ਏਜੰਸੀਆਂ ਨੂੰ ਮੌਕੇ 'ਤੇ ਨਿਰਦੇਸ਼ ਜਾਰੀ ਕੀਤੇ ਕਿ ਕਣਕ ਦੀ ਖਰੀਦ ਕਿਸੇ ਵੀ ਕੀਮਤ 'ਤੇ ਨਹੀਂ ਰੁਕਣੀ ਚਾਹੀਦੀ। ਉਨ੍ਹਾਂ ਆੜ੍ਹਤੀਆਂ ਦੇ ਵਫਦ ਨੂੰ ਭਰੋਸਾ ਦਿੱਤਾ ਕਿ ਖਰੀਦ ਪ੍ਰਭਾਵਿਤ ਨਹੀਂ ਹੋਣ ਦਿੱਤੀ ਜਾਵੇਗੀ। ਇਥੇ ਇਹ ਦੱਸਣਯੋਗ ਹੈ ਕਿ ਇਸ ਵਾਰ 10 ਤੋਂ 15 ਫੀਸਦੀ ਤੱਕ ਉਤਪਾਦਨ ਜ਼ਿਆਦਾ ਹੋਣ ਦੀ ਸੰਭਾਵਨਾ ਹੈ।


Related News