ਯੂਥ ਅਕਾਲੀ ਦਲ ਨੇ ਸਾੜਿਆ ਕੇ. ਕੇ. ਸ਼ਰਮਾ ਦਾ ਪੁਤਲਾ

Sunday, Mar 04, 2018 - 08:31 AM (IST)

ਯੂਥ ਅਕਾਲੀ ਦਲ ਨੇ ਸਾੜਿਆ ਕੇ. ਕੇ. ਸ਼ਰਮਾ ਦਾ ਪੁਤਲਾ

ਪਟਿਆਲਾ (ਬਲਜਿੰਦਰ, ਜੋਸਨ) - ਯੂਥ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਵਿੱਕੀ ਰਿਵਾਜ ਤੇ ਸਾਥੀਆਂ ਨੇ ਅੱਜ ਪੀ. ਆਰ. ਟੀ. ਸੀ. ਦੇ ਚੇਅਰਮੈਨ ਕੇ. ਕੇ. ਸ਼ਰਮਾ ਦਾ ਪੁਤਲਾ ਸਾੜਿਆ। ਵਿੱਕੀ ਰਿਵਾਜ ਨੇ ਦੋਸ਼ ਲਾਇਆ ਕਿ ਸੁਖਵਿੰਦਰ ਸਿੰਘ ਗਾਗੂ ਨਾਂ ਦੇ ਵਿਅਕਤੀ ਨੇ ਉਸ ਦੀ ਸੁਪਾਰੀ ਲਈ ਸੀ ਤੇ ਸੁਪਾਰੀ ਲੈਣ ਵਾਲੇ ਮੁਲਜ਼ਮ ਸੀ. ਆਈ. ਏ. ਸਟਾਫ ਵੱਲੋਂ ਗ੍ਰਿਫ਼ਤਾਰ ਕਰ ਲਏ ਗਏ ਸੀ ਅਤੇ ਉਨ੍ਹਾਂ ਨੇ ਆਪਣਾ ਜੁਰਮ ਵੀ ਕਬੂਲ ਕੀਤਾ। ਇਸ ਤੋਂ ਬਾਅਦ ਲਗਾਤਾਰ ਪੰਜਾਬ ਦੇ ਕੁਝ ਸੀਨੀਅਰ ਕਾਂਗਰਸੀ ਜਿਨ੍ਹਾਂ ਵਿਚ ਪੀ. ਆਰ. ਟੀ. ਸੀ. ਦੇ ਚੇਅਰਮੈਨ ਕੇ. ਕੇ. ਸ਼ਰਮਾ ਸ਼ਾਮਲ ਹਨ ਗੈਂਗਸਟਰਾਂ ਨੂੰ ਸ਼ਹਿ ਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਵੱਲੋਂ ਗੈਂਗਸਟਰਾਂ ਦੇ ਖਾਤਮੇ ਲਈ ਦਿਨ-ਰਾਤ ਇਕ ਕੀਤਾ ਜਾ ਰਿਹਾ ਹੈ, ਜਦੋਂ ਕਿ ਦੂਜੇ ਪਾਸੇ ਕਾਂਗਰਸੀ ਚੇਅਰਮੈਨ ਉਨ੍ਹਾਂ ਨੂੰ ਬਚਾਉਣ ਲਈ ਸੀਨੀਅਰ ਪੁਲਸ ਅਧਿਕਾਰੀਆਂ 'ਤੇ ਦਬਾਅ ਪਾ ਰਹੇ ਹਨ ਅਤੇ ਇਸ ਵਿਚ ਵਿਚੋਲਗਿਰੀ ਦਾ ਕੰਮ ਵਿਨੋਦ ਅਰੋੜਾ ਕਾਲੂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿਨੋਦ ਅਰੋੜਾ ਕਾਲੂ ਸ਼੍ਰੀ ਕੇ. ਕੇ. ਸ਼ਰਮਾ ਦਾ ਅਤਿ ਨਜ਼ਦੀਕੀ ਵਿਅਕਤੀ ਹੈ ਜੋ ਕਿ ਸ਼ਹਿਰ ਵਿਚ ਵੱਖ-ਵੱਖ ਥਾਵਾਂ ਤੋਂ ਮੰਥਲੀਆਂ ਵੀ ਇਕੱਠੀਆਂ ਕਰਦਾ ਹੈ। ਉਨ੍ਹਾਂ ਕਿਹਾ ਕਿ ਵਿਨੋਦ ਅਰੋੜਾ ਕਾਲੂ ਇਸ ਸਮੇਂ ਗੁੰਡਾ ਟੈਕਸ ਵੀ ਇਕੱਠਾ ਕਰ ਰਿਹਾ ਹੈ।
ਉਨ੍ਹਾਂ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਅਜਿਹੇ ਗੁੰਡਾ ਅਨਸਰਾਂ ਨੂੰ ਸ਼ਹਿ ਦੇਣ ਵਾਲੇ ਵਿਅਕਤੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਵਿੱਕੀ ਰਿਵਾਜ ਨੇ ਕਿਹਾ ਕਿ ਕਾਂਗਰਸ ਸਰਕਾਰ ਇਕ ਪਾਸੇ ਗੁੰਡਾ ਟੈਕਸ ਤੇ ਮੰਥਲੀਆਂ ਦੇ ਖਿਲਾਫ ਵੱਡੇ ਪੱਧਰ 'ਤੇ ਬਿਆਨਬਾਜ਼ੀ ਕਰ ਰਹੀ ਹੈ ਅਤੇ ਦੂਜੇ ਪਾਸੇ ਖੁਦ ਮੁੱਖ ਮੰਤਰੀ ਦੇ ਸ਼ਹਿਰ ਵਿਚ ਸ਼ਰੇਆਮ ਗੈਂਗਸਟਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮੈਂ ਸੁਖਵਿੰਦਰ ਸਿੰਘ ਗਾਗੂ ਨੂੰ ਜਾਣਦਾ ਤੱਕ ਨਹੀਂ : ਕੇ. ਕੇ. ਸ਼ਰਮਾ
ਪੀ. ਆਰ. ਟੀ. ਸੀ. ਦੇ ਚੇਅਰਮੈਨ ਕੇ. ਕੇ. ਸ਼ਰਮਾ ਨੇ ਕਿਹਾ ਕਿ ਉਹ ਸੁਖਵਿੰਦਰ ਸਿੰਘ ਗਾਗੂ ਨੂੰ ਜਾਣਦੇ ਤੱਕ ਨਹੀਂ ਅਤੇ ਨਾ ਹੀ ਉਨ੍ਹਾਂ ਨੂੰ ਉਹ ਕਦੇ ਮਿਲਿਆ ਹੈ। ਯੂਥ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਜਾਣਬੁੱਝ ਕੇ ਰਾਜਨੀਤੀ ਖੇਡੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿੱਕੀ ਰਿਵਾਜ ਵੱਲੋਂ ਜਾਣਬੁੱਝ ਕੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦੋਂ ਕਿ ਉਨ੍ਹਾਂ ਵਲੋਂ ਕਦੇ ਕਿਸੇ ਪੁਲਸ ਅਫਸਰ 'ਤੇ ਕੋਈ ਦਬਾਅ ਨਹੀਂ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਨਾ ਤਾਂ ਕਦੇ ਇਸ ਤਰ੍ਹਾਂ ਦੀ ਰਾਜਨੀਤੀ ਕੀਤੀ ਹੈ ਅਤੇ ਨਾ ਉਹ ਅਜਿਹੀ ਰਾਜਨੀਤੀ ਵਿਚ ਵਿਸ਼ਵਾਸ ਰੱਖਦੇ ਹਨ।
ਵਿੱਕੀ ਰਿਵਾਜ ਖੁਦ ਮੰਥਲੀਆਂ ਇਕੱਠੀਆਂ ਕਰਨ ਵਾਲਾ ਹੁਣ ਦੂਜਿਆਂ 'ਤੇ ਦੋਸ਼ ਲਾ ਰਿਹੈ : ਵਿਨੋਦ ਅਰੋੜਾ ਕਾਲੂ
ਕਾਂਗਰਸੀ ਆਗੂ ਵਿਨੋਦ ਅਰੋੜਾ ਕਾਲੂ ਨੇ ਕਿਹਾ ਕਿ ਲੰਘੇ 10 ਸਾਲਾਂ ਵਿਚ ਅਕਾਲੀ-ਭਾਜਪਾ ਸਰਕਾਰ ਸਮੇਂ ਵਿੱਕੀ ਰਿਵਾਜ ਖੁਦ ਸੱਟੇਬਾਜ਼ਾਂ ਅਤੇ ਮੰਥਲੀਆਂ ਇਕੱਠੀਆਂ ਕਰਨ ਵਾਲਿਆਂ ਦੀ ਪੁਸ਼ਤਪਨਾਹੀ ਕਰਦਾ ਰਿਹਾ ਹੈ ਤੇ ਅੱਜ ਉਹ ਦੂਜਿਆਂ 'ਤੇ ਦੋਸ਼ ਲਾ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਖਵਿੰਦਰ ਸਿੰਘ ਗਾਗੂ ਦੇ ਪਰਿਵਾਰ ਵਾਲਿਆਂ ਨੇ ਖੁਦ ਆਈ. ਜੀ. ਪਟਿਆਲਾ ਨੂੰ ਸ਼ਿਕਾਇਤ ਦੇ ਕੇ ਵਿੱਕੀ ਰਿਵਾਜ ਦੇ ਖਿਲਾਫ ਕਾਰਵਾਈ ਕਰਨ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਵਿੱਕੀ ਰਿਵਾਜ ਗਾਗੂ ਦੀ ਦੁਕਾਨ 'ਤੇ ਹਮਲਾ ਕਰਨ ਗਿਆ ਤੇ ਉਸ ਦੀ ਬਕਾਇਦਾ ਸੀ. ਸੀ. ਟੀ. ਵੀ. ਫੁਟੇਜ ਵੀ ਹੈ। ਆਪਣਾ ਧਿਆਨ ਦੂਜੇ ਪਾਸੇ ਵਟਾਉਣ ਲਈ ਵਿੱਕੀ ਰਿਵਾਜ ਹੁਣ ਅਜਿਹੀਆਂ ਕਾਰਵਾਈਆਂ 'ਤੇ ਉਤਰ ਆਇਆ ਹੈ। ਉਨ੍ਹਾਂ ਨੇ ਨਾ ਤਾਂ ਕਦੇ ਕਿਸੇ ਤੋਂ ਮੰਥਲੀ ਲਈ ਹੈ ਤੇ ਨਾ ਹੀ ਇਸ ਮਾਮਲੇ ਵਿਚ ਕਿਸੇ ਦੀ ਮਦਦ ਕੀਤੀ ਹੈ। ਖੁਦ ਗਾਗੂ ਦਾ ਪਰਿਵਾਰ ਇਸ ਮਾਮਲੇ ਵਿਚ ਪੁਲਸ ਅਫਸਰਾਂ ਨੂੰ ਮਿਲ ਰਿਹਾ ਹੈ। ਜਿਥੋਂ ਤੱਕ ਸ਼੍ਰੀ ਕੇ. ਕੇ. ਸ਼ਰਮਾ ਦਾ ਸਬੰਧ ਹੈ ਮੈਂ ਕਦੇ ਵੀ ਉਨ੍ਹਾਂ ਕੋਲ ਇਸ ਮਾਮਲੇ ਨੂੰ ਲੈ ਕੇ ਨਹੀਂ ਗਿਆ।


Related News