ਆਂਗਣਵਾੜੀ ਵਰਕਰਾਂ ਸ਼ੁਰੂ ਕਰਨਗੀਆਂ 'ਜੇਲ ਭਰੋ ਅੰਦੋਲਨ'
Thursday, Mar 01, 2018 - 08:09 AM (IST)

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ, ਪਵਨ, ਦਰਦੀ) - ਅੱਜ ਦੁਪਹਿਰ ਵੇਲੇ ਪੁਲਸ ਪ੍ਰਸ਼ਾਸਨ ਅਤੇ ਸੀ. ਆਈ. ਡੀ. ਨੂੰ ਚਕਮਾ ਦੇ ਕੇ 60 ਦੇ ਕਰੀਬ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ 'ਚ ਪਿੰਡ ਬਾਦਲ ਵਿਖੇ ਪਹੁੰਚ ਗਈਆਂ ਅਤੇ ਬੱਸ ਸਟੈਂਡ 'ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਪੁਤਲਾ ਫੂਕਿਆ। ਇਸ ਸਮੇਂ ਕਰੀਬ ਪੌਣਾ ਘੰਟਾ ਵਰਕਰਾਂ ਤੇ ਹੈਲਪਰਾਂ ਉੱਥੇ ਰਹੀਆਂ ਅਤੇ ਸੜਕ 'ਤੇ ਟਰੈਫਿਕ ਵੀ ਜਾਮ ਕੀਤਾ ਪਰ ਪੁਲਸ ਦਾ ਕੋਈ ਅਧਿਕਾਰੀ ਜਾਂ ਮੁਲਾਜ਼ਮ ਮੌਕੇ 'ਤੇ ਨਹੀਂ ਪੁੱਜਾ ਅਤੇ ਨਾ ਹੀ ਸਿਵਲ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਆਇਆ।
ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੇ ਮਾਣ-ਭੱਤੇ ਵਿਚ ਵਾਧਾ ਨਾ ਕੀਤਾ ਅਤੇ ਵਿੱਤ ਮੰਤਰੀ ਨੇ ਰੋਕੇ ਹੋਏ 100 ਕਰੋੜ ਬਿੱਲਾਂ ਨੂੰ ਪਾਸ ਨਾ ਕੀਤਾ ਤਾਂ ਯੂਨੀਅਨ ਵੱਲੋਂ 'ਜੇਲ ਭਰੋ ਅੰਦੋਲਨ' ਸ਼ੁਰੂ ਕੀਤਾ ਜਾਵੇਗਾ ਅਤੇ ਰੋਜ਼ਾਨਾ 21 ਵਰਕਰਾਂ ਅਤੇ ਹੈਲਪਰਾਂ ਦਾ ਗਰੁੱਪ ਪਿੰਡ ਬਾਦਲ ਜਾ ਕੇ ਗ੍ਰਿਫ਼ਤਾਰੀਆਂ ਦੇਵੇਗਾ। ਇਸ ਦੌਰਾਨ ਸ਼ਿੰਦਰਪਾਲ ਕੌਰ ਥਾਂਦੇਵਾਲਾ, ਗਿਆਨ ਕੌਰ ਦੂਹੇਵਾਲਾ, ਗਗਨਦੀਪ ਕੌਰ ਮੱਲ੍ਹਣ, ਸੁਖਵਿੰਦਰ ਕੌਰ ਸੰਗੂਧੌਣ, ਹਰਪ੍ਰੀਤ ਕੌਰ ਮੁਕਤਸਰ, ਪਰਮਜੀਤ ਕੌਰ ਚੱਕ ਰੁਲਦੂਵਾਲਾ, ਵੀਰਪਾਲ ਕੌਰ ਰੁਲਦੂਵਾਲਾ, ਸੁਰਿੰਦਰ ਕੌਰ ਘੁੱਦਾ, ਅੰਮ੍ਰਿਤਪਾਲ ਕੌਰ ਥਾਂਦੇਵਾਲਾ, ਕਮਲਜੀਤ ਕੌਰ, ਕਰਮਜੀਤ ਕੌਰ ਲੰਬੀ, ਮਨਜੀਤ ਕੌਰ ਸੰਗੂਧੌਣ, ਰਾਜਵੀਰ ਕੌਰ ਬਰਕੰਦੀ, ਪਰਮਜੀਤ ਕੌਰ ਗੋਨਿਆਣਾ, ਚਰਨਜੀਤ ਕੌਰ, ਸੰਦੀਪ ਕੌਰ ਤੋਂ ਇਲਾਵਾ ਵੱਡੀ ਗਿਣਤੀ 'ਚ ਵਰਕਰਾਂ ਮੌਜੂਦ ਸਨ।