ਕਿਸਾਨ ਵਰਕਰਾਂ ''ਤੇ ਝੂਠੇ ਪਰਚੇ ਦੇ ਵਿਰੋਧ ''ਚ ਜਥੇਬੰਦੀ ਵੱਲੋਂ ਰੈਲੀ

Monday, Sep 04, 2017 - 07:53 AM (IST)

ਨਿਹਾਲ ਸਿੰਘ ਵਾਲਾ/ਬਿਲਾਸਪੁਰ  (ਬਾਵਾ, ਜਗਸੀਰ) - ਪਿੰਡ ਰਾਮਾਂ ਵਿਖੇ ਪੰਚਾਇਤ ਮੈਂਬਰਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵਰਕਰਾਂ 'ਤੇ ਮਾਮਲਾ ਦਰਜ ਕਰਵਾਉਣ ਦੇ ਵਿਰੋਧ 'ਚ ਕਿਸਾਨ ਜਥੇਬੰਦੀ ਵੱਲੋਂ ਵਿਸ਼ਾਲ ਰੋਸ ਰੈਲੀ ਕੱਢੀ ਗਈ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਗੁਰਚਰਨ ਸਿੰਘ ਰਾਮਾਂ ਅਤੇ ਇਕਾਈ ਪ੍ਰਧਾਨ ਹਰਨੇਕ ਸਿੰਘ ਨੇ ਕਿਹਾ ਕਿ ਪਿੰਡ ਦੇ ਪਸ਼ੂ ਹਸਪਤਾਲ ਨੂੰ ਜਾਂਦੀ ਗਲੀ ਨੂੰ ਪੱਕੀ ਕਰਵਾਉਣ ਲਈ ਜਥੇਬੰਦੀ ਦੀ ਅਗਵਾਈ 'ਚ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਵਿੱਢਿਆ ਹੋਇਆ ਹੈ। ਇਸ ਸਬੰਧੀ ਜਥੇਬੰਦੀ ਬਲਾਕ ਪੰਚਾਇਤ ਅਫਸਰ ਖਿਲਾਫ ਵੀ ਰੈਲੀਆਂ ਅਤੇ ਅਰਥੀ ਫੂਕ ਮੁਜ਼ਾਹਰੇ ਕਰ ਚੁੱਕੀ ਹੈ ਅਤੇ ਲੀਡਰਾਂ ਦਾ ਘਿਰਾਓ ਵੀ ਕਰ ਚੁੱਕੀ ਹੈ, ਜਿਸ ਤਹਿਤ ਪੰਚਾਇਤ ਵੱਲੋਂ ਗਲੀ ਨੂੰ ਪੱਕਾ ਕਰਨ ਲਈ ਸੁੱਟੀਆਂ ਇੱਟਾਂ ਨੂੰ ਪਿੰਡ ਦੇ ਇਕ ਵਿਅਕਤੀ ਵੱਲੋਂ ਆਪਣੀਆਂ ਇੱਟਾਂ ਆਖ ਕੇ ਚੁੱਕਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਦਾ ਜਥੇਬੰਦੀ ਦੀ ਅਗਵਾਈ 'ਚ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ ਅਤੇ ਇੱਟਾਂ ਨੂੰ ਜ਼ਬਰਦਸਤੀ ਚੁੱਕਣ ਤੋਂ ਰੋਕ ਦਿੱਤਾ ਗਿਆ।
ਇਸ ਬਾਰੇ ਪੰਚਾਇਤ ਦੇ ਕੁਝ ਨੁਮਾਇੰਦਿਆਂ ਵੱਲੋਂ ਉਕਤ ਵਿਅਕਤੀ ਦਾ ਪੱਖ ਪੂਰਦਿਆਂ ਜਥੇਬੰਦੀ ਦੇ ਵਰਕਰਾਂ 'ਤੇ ਝੂਠਾ ਪਰਚਾ ਦਰਜ ਕਰਵਾ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਜੇਕਰ ਜਥੇਬੰਦੀ ਦੇ ਵਰਕਰਾਂ 'ਤੇ ਦਰਜ ਕੀਤਾ ਝੂਠਾ ਪਰਚਾ ਰੱਦ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਸਮੇਂ ਬਲਾਕ ਆਗੂ ਭਜਨ ਸਿੰਘ ਮੀਨੀਆ, ਸੁਖਪ੍ਰੀਤ ਸਿੰਘ, ਰਣਜੀਤ ਸਿੰਘ, ਜਗਜੀਤ ਸਿੰਘ, ਮੇਜਰ ਸਿੰਘ, ਤਰਸੇਮ ਸਿੰਘ, ਗੁਰਦੇਵ ਸਿੰਘ ਪ੍ਰੇਮੀ, ਪਰਮਜੀਤ ਸਿੰਘ ਤੋਂ ਇਲਾਵਾ ਨੌਜਵਾਨ ਭਾਰਤ ਸਭਾ ਦੇ ਆਗੂ ਕਰਮ ਰਾਮਾਂ ਆਦਿ ਹਾਜ਼ਰ ਸਨ।


Related News