ਠੇਕਾ ਚੁਕਾਉਣ ਲਈ ਪੈਟਰੋਲ ਤੇ ਮਾਚਿਸ ਲੈ ਕੇ ਟੈਂਕੀ ''ਤੇ ਚੜ੍ਹਿਆ ਜਥੇਦਾਰ
Sunday, Jun 11, 2017 - 06:30 AM (IST)
ਬਰਨਾਲਾ (ਵਿਵੇਕ ਸਿੰਧਵਾਨੀ/ਰਵੀ) - ਪਿੰਡ ਕੈਰੇ 'ਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਪਿੰਡ 'ਚ ਖੁੱਲ੍ਹੇ ਸ਼ਰਾਬ ਦੇ ਠੇਕੇ ਨੂੰ ਚੁਕਾਉਣ ਲਈ ਯੂਨਾਈਟਿਡ ਅਕਾਲੀ ਦਲ ਦੇ ਜ਼ਿਲਾ ਜਥੇਦਾਰ ਪਰਮਜੀਤ ਸਿੰਘ ਕੈਰੇ ਪਾਣੀ ਦੀ ਟੈਂਕੀ 'ਤੇ ਪੈਟਰੋਲ ਦੀ ਬੋਤਲ ਅਤੇ ਮਾਚਿਸ ਲੈ ਕੇ ਚੜ੍ਹ ਗਏ। ਉਨ੍ਹਾਂ ਟੈਂਕੀ 'ਤੇ ਚੜ੍ਹ ਕੇ ਚਿਤਾਵਨੀ ਦਿੱਤੀ ਕਿ ਜੇਕਰ ਸ਼ਾਮ 5 ਵਜੇ ਤੱਕ ਪਿੰਡ 'ਚੋਂ ਸ਼ਰਾਬ ਦਾ ਠੇਕਾ ਨਾ ਚੁੱਕਿਆ ਗਿਆ ਤਾਂ ਉਹ ਆਪਣੇ ਆਪ 'ਤੇ ਪੈਟਰੋਲ ਪਾ ਕੇ ਆਤਮਦਾਹ ਕਰ ਲਵੇਗਾ। ਟੈਂਕੀ ਦੇ ਆਲੇ-ਦੁਆਲੇ ਪਿੰਡ ਵਾਸੀ ਵੀ ਇਕੱਠੇ ਹੋ ਗਏ ਜਿਨ੍ਹਾਂ 'ਚ ਵੱਡੀ ਗਿਣਤੀ ਵਿਚ ਔਰਤਾਂ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਪਿੰਡ ਵਾਸੀਆਂ ਦਾ ਅੰਦੋਲਨ 3-4 ਦਿਨਾਂ ਤੋਂ ਚੱਲ ਰਿਹਾ ਹੈ।
ਮੁੱਖ ਮੰਤਰੀ ਜੀ! ਗੁਟਕਾ ਸਾਹਿਬ ਹੱਥ 'ਚ ਲੈ ਕੇ ਸਹੁੰ ਖਾਧੀ ਸੀ, ਨਿਭਾਓ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਮਜੀਤ ਸਿੰਘ ਕੈਰੇ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡਾ ਵਿਖੇ ਗੁਟਕਾ ਸਾਹਿਬ ਹੱਥ 'ਚ ਲੈ ਕੇ ਸਹੁੰ ਖਾਧੀ ਸੀ ਕਿ ਉਹ ਪੰਜਾਬ 'ਚੋਂ 2 ਮਹੀਨਿਆਂ 'ਚ ਨਸ਼ਾ ਖਤਮ ਕਰ ਦੇਣਗੇ ਪਰ ਨਸ਼ਾ ਤਾਂ ਹੋਰ ਵੱਧ ਗਿਆ। ਸਾਡੇ ਪਿੰਡ 'ਚ ਹੀ ਨਾਜਾਇਜ਼ ਠੇਕਾ ਖੋਲ੍ਹ ਦਿੱਤਾ ਗਿਆ। ਧਰਨੇ 'ਤੇ ਬੈਠੀਆਂ ਔਰਤਾਂ ਚਰਨਜੀਤ ਕੌਰ ਅਤੇ ਮੁਖਤਿਆਰ ਕੌਰ ਨੇ ਕਿਹਾ ਕਿ ਪਿੰਡ 'ਚ ਨਾਜਾਇਜ਼ ਠੇਕਾ ਖੋਲ੍ਹ ਕੇ ਪਿੰਡ ਵਾਸੀਆਂ ਨੂੰ ਨਸ਼ੇ 'ਤੇ ਲਾਇਆ ਜਾ ਰਿਹਾ ਹੈ। ਬੱਚੀਆਂ ਜਸ਼ਨਪ੍ਰੀਤ ਤੇ ਮਨਪ੍ਰੀਤ ਕੌਰ ਨੇ ਕਿਹਾ ਕਿ ਸਾਨੂੰ ਡਰ ਹੈ ਕਿ ਜੇ ਪਿੰਡ 'ਚ ਸ਼ਰਾਬ ਦਾ ਠੇਕਾ ਖੁੱਲ੍ਹਿਆ ਰਿਹਾ ਤਾਂ ਕਿਤੇ ਸਾਡੇ ਪਾਪਾ ਵੀ ਨਾ ਸ਼ਰਾਬ ਪੀਣ ਲੱਗ ਜਾਣ।
ਪਿੰਡ ਵਾਸੀਆਂ ਦੇ ਅੰਦੋਲਨ ਅੱਗੇ ਝੁਕਿਆ ਪ੍ਰਸ਼ਾਸਨ
ਪਰਮਜੀਤ ਸਿੰਘ ਕੈਰੇ ਦੀ ਚਿਤਾਵਨੀ ਦਾ ਅਸਰ ਪ੍ਰਸ਼ਾਸਨ ਦੇ ਅਧਿਕਾਰੀਆਂ 'ਤੇ ਦੇਖਣ ਨੂੰ ਮਿਲਿਆ। ਪ੍ਰਸ਼ਾਸਨ ਨੇ ਖੋਖੇ 'ਚੋਂ ਸ਼ਰਾਬ ਦੀਆਂ ਬੋਤਲਾਂ ਚੁੱਕਵਾ ਦਿੱਤੀਆਂ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਖੋਖੇ ਨੂੰ ਸੁੱਟ ਦਿੱਤਾ।
