ਜ਼ਮੀਨ ਦੀ ਵੰਡ ਨੂੰ ਲੈ ਕੇ ਥਾਣਾ ਜੁਲਕਾਂ ਅੱਗੇ ਧਰਨਾ
Friday, Jun 29, 2018 - 06:55 AM (IST)

ਦੇਵੀਗਡ਼੍ਹ(ਭੁਪਿੰਦਰ)-ਅੱਜ ਦੁਪਹਿਰ ਸਮੇਂ ਥਾਣਾ ਜੁਲਕਾਂ ਸਾਹਮਣੇ ਪਿੰਡ ਹਾਜੀਪੁਰ ਦੇ ਇਕ ਪਰਿਵਾਰ ਵੱਲੋਂ ਧਰਨਾ ਦਿੱਤਾ ਗਿਆ ਅਤੇ ਪੁਲਸ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਕ ਪਰਿਵਾਰ ਵੱਲੋਂ ਸਾਂਝੀ ਜ਼ਮੀਨ ਦੀ ਵੰਡ ਨੂੰ ਲੈ ਕੇ ਪਿੰਡ ਹਾਜੀਪੁਰ ਵਿਖੇ ਕੁਝ ਅਣਪਛਾਤੇ ਵਿਅਕਤੀਆਂ ਨੂੰ ਨਾਲ ਲੈ ਕੇ 5 ਕੁ ਕਨਾਲਾਂ ਜ਼ਮੀਨ ’ਤੇ ਧੱਕੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਟਰੈਕਟਰ ਨਾਲ ਖੜ੍ਹੀ ਚਰ੍ਹੀ ਅਤੇ ਝੋਨੇ ਦੀ ਪਨੀਰੀ ਵਾਹ ਦਿੱਤੀ ਗਈ। ਪੀਡ਼ਤ ਪਰਿਵਾਰ ਨੇ ਇਸ ਧੱਕੇਸ਼ਾਹੀ ਵਿਰੁੱਧ ਥਾਣਾ ਜੁਲਕਾਂ ਦੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਇਨਸਾਫ ਦੀ ਮੰਗ ਕੀਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਹਾਜੀਪੁਰ ਵਿਖੇ ਮੁਖਤਿਆਰ ਸਿੰਘ ਅਤੇ ਉਸ ਦੇ ਭਰਾਵਾਂ ਵਿਚਕਾਰ ਜ਼ਮੀਨ ਦੀ ਵੰਡ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਝਗਡ਼ਾ ਚੱਲ ਰਿਹਾ ਹੈ। ਇਸ ਮਾਮਲੇ ਨੂੰ ਨਿਬੇਡ਼ਨ ਲਈ ਇਲਾਕੇ ਦੇ ਮੋਹਤਬਰਾਂ ਅਤੇ ਰਿਸ਼ਤੇਦਾਰਾਂ ਨੇ ਕਈ ਵਾਰ ਕੋਸ਼ਿਸ਼ ਕੀਤੀ ਪਰ ਮਾਮਲਾ ਨਹੀਂ ਨਿੱਬਡ਼ਿਆ। ਅੱਜ ਪਿੰਡ ਹਾਜੀਪੁਰ ਵਿਖੇ ਉਦੋਂ ਹੰਗਾਮਾ ਹੋ ਗਿਆ ਜਦੋਂ ਪੀਡ਼ਤ ਪਰਿਵਾਰ ਥਾਣੇ ’ਚ ਇਸ ਮਸਲੇ ਨੂੰ ਲੈ ਕੇ ਆਪਸੀ ਗੱਲਬਾਤ ਕਰ ਰਹੇ ਸਨ। ਮੁਖਤਿਆਰ ਸਿੰਘ ਦੇ ਸਮਰਥਕਾਂ ਨੇ ਧੱਕੇ ਨਾਲ ਜ਼ਮੀਨ ’ਤੇ ਕਬਜ਼ਾ ਕਰਨ ਲਈ ਟਰੈਕਟਰ ਨਾਲ ਖੜ੍ਹੀ ਚਰ੍ਹੀ ਅਤੇ ਪਨੀਰੀ ਨੂੰ ਵਾਹ ਦਿੱਤਾ। ਪੀਡ਼ਤ ਪਰਿਵਾਰ ਨੇ ਗੁੱਸੇ ’ਚ ਆ ਕੇ ਥਾਣਾ ਜੁਲਕਾਂ ਸਾਹਮਣੇ ਧਰਨਾ ਦਿੱਤਾ ਤੇ ਪੁਲਸ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਧਰਨਾਕਾਰੀਆਂ ਨੇ ਦੋਸ਼ ਲਾਇਆ ਕਿ ਜ਼ਮੀਨ ਦੀ ਵੰਡ ਸਮੇਂ ਮੁਖਤਿਆਰ ਸਿੰਘ ਨੂੰ ਬਣਦਾ ਹਿੱਸਾ ਦੇ ਦਿੱਤਾ ਗਿਆ ਸੀ। ਫਿਰ ਵੀ ਉਸ ਨੇ ਪਰਿਵਾਰ ਦੇ ਮੈਂਬਰਾਂ ਨੂੰ ਧੋਖੇ ’ਚ ਰੱਖ ਕੇ ਕੁੱਝ ਜ਼ਮੀਨ ਆਪਣੇ ਨਾਂ ਕਰਵਾ ਲਈ ਸੀ, ਜਿਸ ਉੱਪਰ ਉਹ ਵਾਹੀ ਕਰਦਾ ਆ ਰਿਹਾ ਸੀ। ਮਾਲ ਮਹਿਕਮੇ ਤੋਂ ਕਰਵਾਈ ਛਾਣਬੀਣ ਤੋਂ ਪਤਾ ਲੱਗਾ ਕਿ ਉਸ ਨੇ ਧੋਖੇ ਨਾਲ ਇਹ ਜ਼ਮੀਨ ਹਥਿਆਈ ਸੀ। ਇਸੇ ਦੌਰਾਨ ਥਾਣਾ ਜੁਲਕਾਂ ਦੇ ਮੁਖੀ ਇੰਸ. ਹਰਬਿੰਦਰ ਸਿੰਘ ਨੇ ਦੋ ਧਿਰਾਂ ਨੂੰ ਬੁਲਾ ਕੇ ਮਾਮਲਾ ਨਿਬੇਡ਼ਨ ਦੀ ਕੋਸ਼ਿਸ਼ ਕੀਤੀ ਪਰ ਮਾਮਲਾ ਪੇਚੀਦਾ ਹੋਣ ਕਾਰਨ ਦੋਵਾਂ ਧਿਰਾਂ ਨੇ ਉਨ੍ਹਾਂ ਦੀ ਇਕ ਨਾ ਮੰਨੀ। ਸੁਖਵਿੰਦਰ ਕੌਰ ਪਤਨੀ ਅਜੀਤ ਸਿੰਘ ਪਿੰਡ ਹਾਜੀਪੁਰ ਵੱਲੋਂ ਚਰ੍ਹੀ ਵਾਹੁਣ ਦੀ ਲਿਖਤੀ ਸ਼ਿਕਾਇਤ ’ਤੇ ਉਨ੍ਹਾਂ ਪੀਡ਼ਤ ਪਰਿਵਾਰ ਨੂੰ ਭਰੋਸਾ ਦੁਆਇਆ ਕਿ ਜੇਕਰ ਮੁਖਤਿਆਰ ਸਿੰਘ ਦੇ ਸਮਰਥਕਾਂ ਨੇ ਗਲਤ ਤਰੀਕੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੋਵੇਗੀ ਤਾਂ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।