ਬੱਚੀ ਨਾਲ ਦਰਿੰਦਗੀ ਦੇ ਵਿਰੋਧ ''ਚ ਮਾਲੇਰਕੋਟਲਾ ਮੁਕੰਮਲ ਬੰਦ

04/21/2018 6:44:15 AM

ਮਾਲੇਰਕੋਟਲਾ(ਸ਼ਹਾਬੂਦੀਨ, ਜ਼ਹੂਰ, ਯਾਸੀਨ)—ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦੇਣ ਵਾਲੇ ਕਠੂਆ ਇਲਾਕੇ 'ਚ 8 ਸਾਲਾ ਮਾਸੂਮ ਬੱਚੀ ਦੇ ਜਬਰ-ਜ਼ਨਾਹ ਅਤੇ ਕਤਲ ਕਾਂਡ 'ਚ ਸ਼ਾਮਲ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੇ ਜਾਣ ਦੀ ਮੰਗ ਦੇ ਹੱਕ 'ਚ ਸਮਾਜਕ ਜਥੇਬੰਦੀ ਮੁਸਲਿਮ ਫੈੱਡਰੇਸ਼ਨ ਆਫ ਪੰਜਾਬ ਵੱਲੋਂ ਦਿੱਤੇ ਬੰਦ ਦੇ ਸੱਦੇ ਤਹਿਤ ਮਾਲੇਰਕੋਟਲਾ ਸ਼ਹਿਰ ਮੁਕੰਮਲ ਬੰਦ ਰਿਹਾ। ਇਹ ਪਹਿਲੀ ਵਾਰ ਦੇਖਣ 'ਚ ਆਇਆ ਹੈ ਕਿ ਜਦੋਂ ਕਿਸੇ ਜਥੇਬੰਦੀ ਵੱਲੋਂ ਬੰਦ ਦਾ ਸੱਦਾ ਦੇਣ 'ਤੇ ਸ਼ਹਿਰ ਦੇ ਹਰ ਛੋਟੇ ਤੋਂ ਲੈ ਕੇ ਵੱਡੇ ਕਾਰੋਬਾਰੀ ਨੇ ਆਪਣਾ ਕਾਰੋਬਾਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੂਰਨ ਬੰਦ ਰੱਖਿਆ ਹੋਵੇ। ਆਮ ਤੌਰ 'ਤੇ ਦੁਕਾਨਦਾਰ ਬਾਅਦ ਦੁਪਹਿਰ ਦੁਕਾਨਾਂ ਖੋਲ੍ਹ ਕੇ ਬੈਠ ਜਾਂਦੇ ਹਨ ਪਰ ਬਾਅਦ ਦੁਪਹਿਰ ਵੀ ਜਿਹੜੀ ਕੋਈ ਇੱਕਾ-ਦੁੱਕਾ ਦੁਕਾਨ ਖੁੱਲ੍ਹੀ ਸੀ, ਉਸ 'ਤੇ ਵੀ ਸ਼ਾਮ ਤੱਕ ਕੋਈ ਗਾਹਕ ਦਿਖਾਈ ਨਹੀਂ ਦਿੱਤਾ ਕਿਉਂਕਿ ਬੰਦ ਕਾਰਨ ਪੇਂਡੂ ਗਾਹਕ ਤਾਂ ਸ਼ਹਿਰ 'ਚ ਆਇਆ ਹੀ ਨਹੀਂ।
ਚੱਪੇ-ਚੱਪੇ 'ਤੇ ਰਹੀ ਪੁਲਸ ਤਾਇਨਾਤ
ਅੱਜ ਸਵੇਰੇ ਸਾਢੇ 9 ਵਜੇ ਦੇ ਕਰੀਬ ਸਰਹੰਦੀ ਗੇਟ ਚੌਕ ਵਿਖੇ ਇਕੱਠੇ ਹੋਏ ਹਜ਼ਾਰਾਂ ਦੀ ਗਿਣਤੀ 'ਚ ਇਲਾਕਾ ਵਾਸੀਆਂ ਨੇ ਮੁਸਲਿਮ ਫੈੱਡਰੇਸ਼ਨ ਆਫ ਪੰਜਾਬ ਦੇ ਸੂਬਾ ਪ੍ਰਧਾਨ ਐਡਵੋਕੇਟ ਮੂਬੀਨ ਫਾਰੂਕੀ ਦੀ ਅਗਵਾਈ ਹੇਠ ਕਾਲੀਆਂ ਪੱਟੀਆਂ ਬੰਨ੍ਹ ਕੇ ਸ਼ਹਿਰ 'ਚ ਜ਼ਬਰਦਸਤ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ। ਇਸ ਬੰਦ ਅਤੇ ਰੋਸ ਪ੍ਰਦਰਸ਼ਨ ਨੂੰ ਮੱਦੇਨਜ਼ਰ ਰੱਖਦਿਆਂ ਪ੍ਰਸ਼ਾਸਨ ਨੇ ਸੁਰੱਖਿਆ ਵਜੋਂ ਸਵੇਰੇ ਹੀ ਸ਼ਹਿਰ ਦੇ ਚੱਪੇ-ਚੱਪੇ 'ਤੇ ਭਾਰੀ ਪੁਲਸ ਫੋਰਸ ਤਾਇਨਾਤ ਕਰ ਰੱਖੀ ਸੀ। ਸਰਹੰਦੀ ਗੇਟ ਚੌਕ ਤੋਂ ਰੋਸ ਮਾਰਚ ਸ਼ੁਰੂ ਹੋਇਆ।
ਇਸ ਮੌਕੇ ਰੋਸ ਪ੍ਰਦਰਸ਼ਨ 'ਚ ਸ਼ਾਮਲ ਹੋਏ ਸਿੱਖ ਭਾਈਚਾਰੇ ਦੇ ਲੋਕਾਂ ਵੱਲੋਂ ਭਾਈ ਨਰਿੰਦਰਪਾਲ ਸਿੰਘ ਜੀ ਨਾਨੂੰ ਨੇ ਸੰਬੋਧਨ ਕਰਦਿਆਂ ਜਿਥੇ ਮਾਸੂਮ ਬੱਚੀ ਦੇ ਜਬਰ-ਜ਼ਨਾਹ ਤੇ ਕਤਲ ਮਾਮਲੇ ਦੀ ਪੁਰਜ਼ੋਰ ਨਿੰਦਾ ਕੀਤੀ, ਉਥੇ ਉਨ੍ਹਾਂ ਮੁਸਲਿਮ ਭਾਈਚਾਰੇ ਵੱਲੋਂ ਆਰੰਭੇ ਜਾਣ ਵਾਲੇ ਸੰਘਰਸ਼ 'ਚ ਸਿੱਖ ਭਾਈਚਾਰੇ ਵੱਲੋਂ ਪੂਰਨ ਸਹਿਯੋਗ ਕਰਨ ਦਾ ਭਰੋਸਾ ਵੀ ਦਿਵਾਇਆ।
ਇਸ ਤੋਂ ਪਹਿਲਾਂ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਮੁਸਲਿਮ ਫੈੱਡਰੇਸ਼ਨ ਆਫ ਪੰਜਾਬ ਦੇ ਸੂਬਾ ਪ੍ਰਧਾਨ ਐਡਵੋਕੇਟ ਮੂਬੀਨ ਫਾਰੂਕੀ ਨੇ ਜੇਕਰ ਉਕਤ ਕੇਸ ਚੰਡੀਗੜ੍ਹ ਤਬਦੀਲ ਹੁੰਦਾ ਹੈ ਤਾਂ ਇਹ ਕੇਸ ਮੁਸਲਿਮ ਫੈੱਡਰੇਸ਼ਨ ਆਫ ਪੰਜਾਬ ਵੱਲੋਂ ਲੜਿਆ ਜਾਵੇਗਾ। ਅੱਜ ਦੇ ਇਸ ਰੋਸ ਪ੍ਰਦਰਸ਼ਨ 'ਚ ਖੁੱਦਾਮੇ ਮੁਸਲਿਮੀਨ ਵੈੱਲਫੇਅਰ ਟਰੱਸਟ ਜਮਾਲਪੁਰਾ ਦੇ ਵਰਕਰਾਂ ਸਣੇ ਮੁਸਲਿਮ ਫੈੱਡਰੇਸ਼ਨ ਦੇ ਜ਼ਿਲਾ ਪ੍ਰਧਾਨ ਮੁਹੰਮਦ ਅਲਤਾਫ, ਅਬਦੁੱਲ ਮਜੀਦ, ਪ੍ਰਵੇਜ਼ ਅਖਤਰ, ਮੁਹੰਮਦ ਜ਼ਮੀਲ, ਮੁਹੰਮਦ ਜਾਹਿਦ ਅਤੇ ਹੋਰ ਸਮੂਹ ਅਹੁਦੇਦਾਰ ਵੀ ਸ਼ਾਮਲ ਸਨ।
ਸਬਜ਼ੀ ਮੰਡੀ ਰਿਹਾ ਕੰਮ ਠੱਪ
ਜ਼ਿਕਰਯੋਗ ਹੈ ਕਿ ਸ਼ਹਿਰ 'ਚ ਕਿਸੇ ਵੀ ਜਥੇਬੰਦੀ ਵੱਲੋਂ ਬੰਦ ਦਾ ਦਿੱਤਾ ਗਿਆ ਸੱਦਾ ਉਦੋਂ ਹੀ ਪੂਰਨ ਸਫਲ ਹੁੰਦਾ ਹੈ ਜਦੋਂ ਮਾਲੇਰਕੋਟਲਾ ਦੀ ਸਬਜ਼ੀ ਮੰਡੀ ਪੂਰਨ ਬੰਦ ਹੋਵੇ, ਜਿਵੇਂ ਕਿ ਅੱਜ ਸਥਾਨਕ ਸਬਜ਼ੀ ਮੰਡੀ ਬੰਦ ਦੇ ਸੱਦੇ 'ਤੇ ਬੰਦ ਰਹੀ।
ਸਕੂਲਾਂ 'ਚ ਰਹੀ ਛੁੱਟੀ
ਬੰਦ ਦੇ ਮੱਦੇਨਜ਼ਰ ਸ਼ਹਿਰ ਦੇ ਬਹੁਤੇ ਸਕੂਲਾਂ ਨੇ ਇਕ ਦਿਨ ਪਹਿਲਾਂ ਹੀ ਆਪਣੇ ਸਕੂਲਾਂ 'ਚ ਅੱਜ ਛੁੱਟੀ ਦਾ ਐਲਾਨ ਕਰ ਦਿੱਤਾ ਸੀ ਜਿਹੜੇ ਇੱਕਾ-ਦੁੱਕਾ ਸਕੂਲ ਸਵੇਰੇ ਖੁੱਲ੍ਹੇ ਸਨ, ਉਨ੍ਹਾਂ 'ਚੋਂ ਇਕ-ਦੋ ਸਕੂਲਾਂ ਨੂੰ ਛੱਡ ਕੇ ਬਾਕੀ ਸਾਰਿਆਂ ਨੇ ਰੋਸ ਮਾਰਚ ਸ਼ੁਰੂ ਹੁੰਦਿਆਂ ਹੀ ਆਪਣੇ ਸਕੂਲਾਂ 'ਚ ਛੁੱਟੀ ਕਰ ਦਿੱਤੀ।


Related News