ਮੁਲਾਜ਼ਮਾਂ ਨੇ ਸੇਵਾ ਕੇਂਦਰ ਦੀ ਛੱਤ ''ਤੇ ਚੜ੍ਹ ਕੇ ਕੀਤਾ ਮੁਜ਼ਾਹਰਾ
Sunday, Apr 08, 2018 - 07:26 AM (IST)
ਦਿੜ੍ਹਬਾ ਮੰਡੀ(ਅਜੈ)—ਸੇਵਾ ਕੇਂਦਰ ਮੁਲਾਜ਼ਮਾਂ ਵੱਲੋਂ ਕੰਪਨੀ ਵੱਲ ਬਕਾਇਆ 5 ਮਹੀਨਿਆਂ ਦੀ ਤਨਖਾਹ ਲੈਣ ਲਈ ਦਿੜ੍ਹਬਾ ਵਿਖੇ ਕੀਤਾ ਜਾ ਰਿਹਾ ਸੰਘਰਸ਼ ਅੱਜ 13ਵੇਂ ਦਿਨ 'ਚ ਦਾਖਲ ਹੋ ਗਿਆ ਹੈ। ਜਿਥੇ ਕੱਲ ਮੁਲਾਜ਼ਮਾਂ ਨੇ ਸਰਕਾਰ ਦਾ ਖਾਲੀ ਖਜ਼ਾਨਾ ਭਰਨ ਲਈ ਤਹਿਸੀਲ 'ਚ ਦੁਕਾਨਾਂ ਤੋਂ ਭੀਖ ਮੰਗ ਕੇ ਰੋਸ ਜ਼ਾਹਿਰ ਕੀਤਾ, ਉਥੇ ਅੱਜ ਸੇਵਾ ਕੇਂਦਰ ਦੀ ਛੱਤ 'ਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਸੇਵਾ ਕੇਂਦਰ ਮੁਲਾਜ਼ਮਾਂ ਕੁਲਦੀਪ ਸਿੰਘ, ਗੁਰਸੇਵਕ ਸਿੰਘ ਅਤੇ ਗੁਰਦੀਪ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਹੜਤਾਲ ਕੀਤੇ ਨੂੰ 13 ਦਿਨ ਬੀਤ ਚੁੱਕੇ ਹਨ ਪਰ ਹੁਣ ਤੱਕ ਕੰਪਨੀ ਦੇ ਕਿਸੇ ਵੀ ਅਧਿਕਾਰੀ ਜਾਂ ਪ੍ਰਸ਼ਾਸਨਿਕ ਅਧਿਕਾਰੀ ਨੇ ਉਨ੍ਹਾਂ ਦੀ ਗੱਲ ਸੁਣਨ ਦੀ ਜ਼ਰੂਰਤ ਹੀ ਨਹੀਂ ਸਮਝੀ। ਕੰਪਨੀ ਦੇ ਮੁਲਾਜ਼ਮ ਜੋ ਉਨ੍ਹਾਂ ਨੂੰ ਮਿਲਣ ਲਈ ਆਏ, ਉਨ੍ਹਾਂ ਨੇ ਸਰਕਾਰ ਵੱਲੋਂ ਪੈਸੇ ਨਾ ਦਿੱਤੇ ਜਾਣ ਦਾ ਹੀ ਰੋਣਾ ਰੋਇਆ ਜਾਂ ਫਿਰ ਮੁਲਾਜ਼ਮਾਂ 'ਤੇ ਦਬਾਅ ਪਾ ਕੇ ਕੰਮ ਕਰਨ ਲਈ ਜ਼ੋਰ ਪਾਇਆ ਜਾ ਰਿਹਾ ਹੈ ਪਰ ਕੋਈ ਵੀ ਉਨ੍ਹਾਂ ਨੂੰ ਤਨਖਾਹਾਂ ਦੇਣ ਬਾਰੇ ਠੋਸ ਜਵਾਬ ਨਹੀਂ ਦੇ ਸਕਿਆ। ਇਸ ਮੌਕੇ ਪ੍ਰਵੀਨ ਗੋਇਲ, ਕਰਮਜੀਤ ਸਿੰਘ, ਅਮਿਤ ਕੁਮਾਰ, ਜਗਦੀਪ ਸਿੰਘ, ਅਮਨਦੀਪ ਸਿੰਘ ਅਤੇ ਦੀਪਕ ਕੁਮਾਰ ਆਦਿ ਮੁਲਾਜ਼ਮ ਸਾਮਲ ਸਨ।
ਕਾਂਗਰਸ ਸਰਕਾਰ ਨੇ ਆਪਣੇ ਵਾਅਦੇ ਨਹੀਂ ਪੁਗਾਏ : ਹਰੀਗੜ੍ਹ, ਸਾਦੀਹਰੀ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲਾ ਆਗੂ ਦਿਲਬਾਗ ਸਿੰਘ ਹਰੀਗੜ੍ਹ ਅਤੇ ਬਲਾਕ ਦਿੜ੍ਹਬਾ ਦੇ ਪ੍ਰਧਾਨ ਦਰਸ਼ਨ ਸਿੰਘ ਸਾਦੀਹਰੀ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਚੋਣਾਂ ਸਮੇਂ ਆਪਣੇ ਕੀਤੇ ਵਾਅਦਿਆਂ 'ਚ ਲੱਖਾਂ ਨੌਕਰੀਆਂ ਨੌਜਵਾਨਾਂ ਨੂੰ ਦੇਣ ਦੀ ਗੱਲ ਆਖੀ ਗਈ ਸੀ ਪਰ ਸੱਤਾ 'ਤੇ ਕਾਬਜ਼ ਹੁੰਦੇ ਹੀ ਇਕ ਤਾਂ ਸੇਵਾ ਕੇਂਦਰਾਂ ਨੂੰ ਬੰਦ ਕੀਤਾ ਜਾ ਰਿਹਾ ਹੈ ਅਤੇ ਦੂਜਾ ਸੇਵਾ ਕੇਂਦਰ ਮੁਲਾਜ਼ਮਾਂ ਨੂੰ 5 ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ ਜਾ ਰਹੀ।
ਹੜਤਾਲ ਕਾਰਨ ਲੋਕਾਂ ਦੇ ਕੰਮ ਰੁਕੇ
ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਦੀ ਇਸ ਹੜਤਾਲ ਕਾਰਨ ਜਿਥੇ ਮੁਲਾਜ਼ਮ ਮੁਸ਼ਕਲ ਦੌਰ ਵਿਚੋਂ ਗੁਜ਼ਰ ਰਹੇ ਹਨ, ਉਥੇ ਆਮ ਜਨਤਾ ਨੂੰ ਵੀ ਇਸ ਹੜਤਾਲ ਕਾਰਨ ਭਾਰੀ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ ਕਿਉਂਕਿ ਸੇਵਾ ਕੇਂਦਰ 'ਤੇ ਲੋਕਾਂ ਦੇ ਜਨਮ ਸਰਟੀਫਿਕੇਟ, ਪੰਜਾਬ ਵਸਨੀਕ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਪੇਂਡੂ ਤੇ ਪੱਛੜੇ ਇਲਾਕੇ ਦਾ ਸਰਟੀਫਿਕੇਟ, ਭਾਰ ਮੁਕਤ ਸਰਟੀਫਿਕੇਟ, ਆਧਾਰ ਕਾਰਡ, ਆਮਦਨ ਸਰਟੀਫਿਕੇਟ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਸਰਟੀਫਿਕੇਟ ਆਦਿ ਤਿਆਰ ਹੁੰਦੇ ਹਨ ਪਰ ਹੜਤਾਲ ਕਾਰਨ ਉਕਤ ਸਾਰੇ ਹੀ ਕੰਮ ਰੁਕ ਗਏ ਹਨ।
ਦਾਖਲਿਆਂ ਦਾ ਸਮਾਂ ਹੋਣ ਕਾਰਨ ਖੱਜਲ-ਖੁਆਰੀ ਵਧੀ
ਅੱਜਕਲ ਸਕੂਲਾਂ 'ਚ ਦਾਖਲਿਆਂ ਦਾ ਸਮਾਂ ਹੋਣ ਕਰ ਕੇ ਵੀ ਲੋਕਾਂ ਦੀ ਮੁਸ਼ਕਲ ਜ਼ਿਆਦਾ ਵਧ ਗਈ ਹੈ। ਰੋਜ਼ਾਨਾ ਅਨੇਕਾਂ ਲੋਕ ਆਪਣਾ ਕੰਮ ਨਾ ਹੋਣ ਕਰ ਕੇ ਖੱਜਲ-ਖੁਆਰ ਹੋ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਸਭ ਕੁਝ ਜਾਣਦੇ ਹੋਏ ਵੀ ਕੋਈ ਇਨ੍ਹਾਂ ਦੀ ਸਾਰ ਲੈਣ ਤੱਕ ਨਹੀਂ ਪੁੱਜਾ।
