ਪੰਚਾਇਤ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਕਰਮਚਾਰੀ ਐਸੋਸੀਏਸ਼ਨ ਵੱਲੋਂ ਡੀ. ਸੀ. ਦਫ਼ਤਰ ਸਾਹਮਣੇ ਧਰਨਾ

Thursday, Apr 05, 2018 - 11:31 PM (IST)

ਪੰਚਾਇਤ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਕਰਮਚਾਰੀ ਐਸੋਸੀਏਸ਼ਨ ਵੱਲੋਂ ਡੀ. ਸੀ. ਦਫ਼ਤਰ ਸਾਹਮਣੇ ਧਰਨਾ

ਫਾਜ਼ਿਲਕਾ(ਨਾਗਪਾਲ, ਲੀਲਾਧਰ)-ਪੰਚਾਇਤ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਕਰਮਚਾਰੀ ਐਸੋਸੀਏਸ਼ਨ ਨੇ ਅੱਜ ਆਪਣੀਆਂ ਮੰਗਾਂ ਸਬੰਧੀ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਧਰਨਾ ਦਿੱਤਾ। ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਭੱਟੀ ਅਤੇ ਹੋਰ ਬੁਲਾਰਿਆਂ ਨੇ ਦੱਸਿਆ ਕਿ ਪੰਚਾਇਤ ਸਕੱਤਰ, ਸੁਪਰਡੈਂਟ, ਪੰਚਾਇਤ ਮੈਂਬਰ, ਟੈਕਸ ਕੁਲੈਕਟਰ, ਪਟਵਾਰੀ ਅਤੇ ਹੋਰ ਪੰਚਾਇਤ ਸੰਮਤੀ ਮੈਂਬਰਾਂ ਦੀ ਯੂਨੀਅਨ ਵੱਲੋਂ 8 ਫਰਵਰੀ 2018 ਨੂੰ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਦੇ ਨਾਲ ਵਿਭਾਗ ਦੇ ਸਾਰਿਆਂ ਉੱਚ ਅਧਿਕਾਰੀਆਂ ਦੀ ਹਾਜ਼ਰੀ ਵਿਚ ਮੀਟਿੰਗ ਕੀਤੀ ਗਈ ਸੀ, ਜਿਸ ਵਿਚ ਮੰਤਰੀ ਵੱਲੋਂ ਸਾਰੀਆਂ ਮੰਗਾਂ ਮੰਨੀਆਂ ਗਈਆਂ ਸਨ ਪਰ ਇਨ੍ਹਾਂ 'ਤੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਾਰਵਾਈ ਨਾ ਕਰਨ ਕਾਰਨ ਅਤੇ ਉੱਚ ਅਧਿਕਾਰੀਆਂ ਵੱਲੋਂ ਸੰਮਤੀਆਂ ਤੋਂ ਮੰਗੇ ਗਏ ਆਮਦਨ ਅਤੇ ਖਰਚ ਦੇ ਵੇਰਵੇ ਨਾ ਭੇਜੇ ਜਾਣ ਕਾਰਨ 27 ਮਾਰਚ ਨੂੰ ਵਿਕਾਸ ਭਵਨ ਵਿਚ ਧਰਨਾ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਧਰਨੇ ਤੋਂ ਬਾਅਦ ਮੰਗਾਂ ਪੂਰੀਆਂ ਹੋਣ ਤੱਕ ਪੰਜਾਬ ਵਿਚ ਕੰਮ ਕਰਦੇ ਪੰਚਾਇਤ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਦੇ ਕਰਮਚਾਰੀਆਂ ਵੱਲੋਂ ਕਲਮ-ਛੋੜ ਹੜਤਾਲ ਕੀਤੀ ਗਈ ਹੈ। ਉਨ੍ਹਾਂ ਮੰਗ ਕਰਦੇ ਹੋਏ ਕਿਹਾ ਕਿ ਪੰਚਾਇਤ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਦੇ ਕਰਮਚਾਰੀਆਂ ਦੀ ਤਨਖਾਹ ਖਜ਼ਾਨਾ ਦਫ਼ਤਰ ਵੱਲੋਂ ਜਾਰੀ ਕੀਤੀ ਜਾਵੇ ਤੇ ਬਕਾਇਆ ਰਹਿੰਦੀਆਂ ਤਨਖਾਹਾਂ ਅਤੇ ਸੀ. ਪੀ. ਐੱਫ. ਜਲਦੀ ਜਾਰੀ ਕੀਤਾ ਜਾਵੇ ਅਤੇ ਭਵਿੱਖ ਵਿਚ ਤਨਖਾਹ ਹਰ ਮਹੀਨੇ ਦੀ ਇਕ ਤਰੀਕ ਨੂੰ ਜਾਰੀ ਕੀਤੀ ਜਾਵੇ, ਪੰਚਾਇਤ ਸੰਮਤੀਆਂ ਅਤੇ ਜ਼ਿਲਾ ਪ੍ਰੀਸ਼ਦਾਂ ਦੇ ਕੰਮ ਕਰ ਰਹੇ ਕਰਮਚਾਰੀ, ਜੋ ਕਿ 1 ਜਨਵਰੀ 2004 ਤੋਂ 8 ਫਰਵਰੀ 2012 ਤੱਕ ਭਰਤੀ ਹੋਏ ਹਨ, ਉਨ੍ਹਾਂ 'ਤੇ ਕੋਈ ਵੀ ਪੈਨਸ਼ਨ ਸਕੀਮ ਲਾਗੂ ਨਹੀਂ ਹੈ, ਇਸ ਲਈ ਵਿੱਤੀ ਵਿਭਾਗ ਦੇ ਪੱਤਰ ਦੇ ਰਾਹੀਂ ਜਾਰੀ ਹਦਾਇਤਾਂ ਮੁਤਾਬਕ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਸਬੰਧੀ ਹੋਰਨਾਂ ਵਿਭਾਗਾਂ ਦੇ ਮੁਤਾਬਕ ਸਰਕੂਲਰ ਜਾਰੀ ਕੀਤਾ ਜਾਵੇ, ਪੰਚਾਇਤ ਅਧਿਕਾਰੀਆਂ ਅਤੇ ਸੁਪਰਡੈਂਟਾਂ ਦੀ ਬੀ. ਡੀ. ਪੀ. ਓ. ਦੀ ਅਸਾਮੀ 'ਤੇ ਤਰੱਕੀ ਕਰਨ ਸਬੰਧੀ ਮੰਤਰੀ ਵੱਲੋਂ ਪ੍ਰਵਾਨਗੀ ਦੇ ਆਧਾਰ 'ਤੇ ਨਿਯਮ ਬਣਾਏ ਜਾਣ ਅਤੇ ਸਿਧਾਂਤਕ ਪ੍ਰਵਾਨਗੀ ਦੇ ਆਧਾਰ 'ਤੇ ਬੀ. ਡੀ. ਪੀ. ਓ. ਦੀ ਅਸਾਮੀ ਦਾ ਵਾਧੂ ਚਾਰਜ ਦਿੱਤਾ ਜਾਵੇ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਦੇ ਨਾਲ 8 ਫਰਵਰੀ 2018 ਨੂੰ ਹੋਈ ਮੀਟਿੰਗ ਵਿਚ ਲਏ ਗਏ ਫੈਸਲੇ ਮੁਤਾਬਕ ਪੰਚਾਇਤ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਦੇ ਸਾਰਿਆਂ ਖਾਤਿਆਂ ਵਿਚ ਬੀ. ਡੀ. ਪੀ. ਓ. ਦੇ ਦਸਤਖਤਾਂ ਦੇ ਨਾਲ ਪੰਚਾਇਤ ਅਫ਼ਸਰ/ਸੁਪਰਡੈਂਟ ਨੂੰ ਸਾਰੇ ਆਪਰੇਟ ਕਰਨ ਲਈ ਅਤੇ ਪੰਚਾਇਤ ਸੰਮਤੀ ਦਾ ਮਤਾ ਲਾਜ਼ਮੀ ਕਰਨ ਦਾ ਪੱਤਰ ਜਾਰੀ ਕੀਤਾ ਜਾਵੇ, ਮੁੱਖ ਦਫ਼ਤਰ ਵੱਲੋਂ ਪੰਚਾਇਤ ਸੰਮਤੀਆਂ ਅਤੇ ਜ਼ਿਲਾ ਪ੍ਰੀਸ਼ਦ ਦੀ ਪਿਛਲੇ 5 ਵਰ੍ਹਿਆਂ ਦੀ ਆਮਦਨ ਅਤੇ ਖਰਚ ਸਬੰਧੀ ਭੇਜੇ ਪ੍ਰਫਾਰਮੇ ਬੀ. ਡੀ. ਪੀ. ਓ. ਤੋਂ ਮੁਕੰਮਲ ਕਰਵਾ ਕੇ ਮੁੱਖ ਦਫ਼ਤਰ ਨੂੰ ਭਿਜਵਾਏ ਜਾਣ ਅਤੇ ਪੰਚਾਇਤ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਕਰਮਚਾਰੀਆਂ ਦੀ ਤਨਖਾਹ ਅਤੇ ਸੀ. ਪੀ. ਐੱਫ. ਦੇ ਪੈਸਿਆਂ ਦੀ ਦੁਰਵਰਤੋਂ ਅਤੇ ਗਬਨ ਸਬੰਧੀ ਮੈਜਿਸਟ੍ਰੇਟੀ/ ਵਿਭਾਗੀ ਜਾਂਚ ਕਰਵਾਈ ਜਾਵੇ। ਇਸ ਮੌਕੇ ਕਰਮਚਾਰੀਆਂ ਨੇ ਨਾਅਰੇਬਾਜ਼ੀ ਕਰ ਕੇ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਨੂੰ ਮੰਗ- ਪੱਤਰ ਦਿੱਤਾ।  ਇਸ ਸਮੇਂ ਭੁਪਿੰਦਰ ਸਿੰਘ ਬਲਾਕ ਜਲਾਲਾਬਾਦ ਪ੍ਰਧਾਨ, ਵਿਕਾਸ ਕੁਮਾਰ ਬਲਾਕ ਪ੍ਰਧਾਨ ਫਾਜ਼ਿਲਕਾ, ਗੁਰਮੇਜ ਸਿੰਘ ਬਲਾਕ ਪ੍ਰਧਾਨ ਅਬੋਹਰ, ਗੁਰਮੀਤ ਸਿੰਘ ਬਲਾਕ ਪ੍ਰਧਾਨ ਖੂਈਆਂ ਸਰਵਰ, ਸਵਰਣ ਸਿੰਘ ਪ੍ਰਧਾਨ ਅਰਨੀਵਾਲਾ, ਜ਼ਿਲਾ ਜਨਰਲ ਸਕੱਤਰ ਪ੍ਰਵੇਸ਼ ਕੁਮਾਰ ਖੰਨਾ, ਛਿੰਦਰ ਪਾਲ ਸਿੰਘ ਪੰਚਾਇਤ ਸਕੱਤਰ ਜਲਾਲਾਬਾਦ, ਸ਼ਾਮ ਲਾਲ ਸਕੱਤਰ ਅਬੋਹਰ, ਚੰਦਰ ਭਾਨ ਸਕੱਤਰ ਜਲਾਲਾਬਾਦ, ਰਮਨ ਕੁਮਾਰ ਸੁਪਰਡੈਂਟ ਜਲਾਲਾਬਾਦ, ਰਣਜੀਤ ਸਿੰਘ ਸੁਪਰਡੈਂਟ ਫਾਜ਼ਿਲਕਾ, ਰੁਬੀਨਾ ਰਾਣੀ ਸਕੱਤਰ ਜਲਾਲਾਬਾਦ, ਦੋਲਤ ਸਕੱਤਰ ਜਲਾਲਾਬਾਦ ਤੇ ਗਗਨਦੀਪ ਸਿੰਘ ਹਾਜ਼ਰ ਸਨ। 


Related News