''ਆਪ'' ਤੇ ਲੋਕ ਇਨਸਾਫ ਪਾਰਟੀ ਵੱਲੋਂ ਰੋਸ ਪ੍ਰਦਰਸ਼ਨ

Tuesday, Nov 21, 2017 - 01:06 AM (IST)

ਫਿਰੋਜ਼ਪੁਰ(ਕੁਮਾਰ)—ਕਿਸਾਨਾਂ ਨੂੰ ਆਲੂ ਦੀ ਫਸਲ ਦਾ ਪੂਰਾ ਮੁੱਲ ਦਿਵਾਉਣ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਵੱਲੋਂ ਡੀ. ਸੀ. ਦਫਤਰ ਫਿਰੋਜ਼ਪੁਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਦਿਆਂ ਲੋਕਾਂ ਨੂੰ ਮੁਫਤ ਆਲੂ ਵੰਡੇ ਗਏ। ਰੋਸ ਪ੍ਰਦਰਸ਼ਨ ਦੌਰਾਨ ਜਸਬੀਰ ਸਿੰਘ ਭੁੱਲਰ, ਸਵਰਾਜ ਸਿੰਘ ਗੋਰਾ, ਕਰਤਾਰ ਸਿੰਘ ਬਧਨੀ ਜੈਮਲ ਸਿੰਘ, ਮਨਪ੍ਰੀਤ ਕੌਰ ਕੋਟ ਕਰੋੜ, ਚਾਨਣ ਸਿੰਘ ਅਤੇ ਦਰਬਾਰਾ ਸਿੰਘ ਆਦਿ ਨੇ ਕਿਹਾ ਕਿ ਅੱਜ ਦਾ ਕਿਸਾਨ ਕਰਜ਼ੇ ਵਿਚ ਡੁੱਬ ਕੇ ਆਤਮ-ਹੱਤਿਆ ਕਰ ਰਿਹਾ ਹੈ ਅਤੇ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਕਿਸਾਨਾਂ ਦੀਆਂ ਮੁਸ਼ਕਲਾਂ ਅਤੇ ਮੰਗਾਂ ਨੂੰ ਲੈ ਕੇ ਅਣਜਾਣ ਬਣੀਆਂ ਹੋਈਆਂ ਹਨ। ਕਿਸਾਨਾਂ ਨੂੰ ਆਲੂਆਂ ਦੀ ਫਸਲ ਦਾ ਪੂਰਾ ਮੁੱਲ ਨਹੀਂ ਮਿਲ ਰਿਹਾ, ਜਦਕਿ ਸਟੋਰਾਂ ਵਿਚ ਪਏ ਆਲੂਆਂ ਦਾ ਕਿਸਾਨਾਂ ਨੂੰ ਪੂਰਾ ਬਣਦਾ ਕਿਰਾਇਆ ਐਡਵਾਂਸ ਵਿਚ ਦੇਣਾ ਪੈ ਰਿਹਾ ਹੈ ਅਤੇ ਕਿਸਾਨ ਬਹੁਤ ਵੱਡੇ ਨੁਕਸਾਨ ਵਿਚ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵੱਡੇ-ਵੱਡੇ ਸ਼ਹਿਰਾਂ ਅਤੇ ਮਾਲ ਵਿਚ ਇਹੀ ਆਲੂ 20-30 ਰੁਪਏ ਕਿਲੋ 'ਤੇ ਵਿਕ ਰਿਹਾ ਹੈ ਅਤੇ ਕਿਸਾਨ ਤੋਂ ਆਲੂ ਖਰੀਦਣ ਜਾਣ ਵਾਲੇ ਲੋਕ 40-50 ਪੈਸੇ ਗੱਟੇ ਦਾ ਮੁੱਲ ਲਾਉਂਦੇ ਹਨ, ਇੰਨੇ ਘੱਟ ਮੁੱਲ 'ਤੇ ਵੀ ਆਲੂ ਲੈਣ ਲਈ ਨਹੀਂ ਆਉਂਦੇ। ਜਸਬੀਰ ਸਿੰਘ ਭੁੱਲਰ ਅਤੇ ਸਵਰਾਜ ਸਿੰਘ ਗੋਰਾ ਆਦਿ ਨੇ ਕਿਹਾ ਕਿ ਕਿਸਾਨਾਂ ਨੂੰ ਕਰਜ਼ਾ ਮੁਕਤ ਅਤੇ ਖੁਸ਼ਹਾਲ ਬਣਾਉਣ ਲਈ ਕੇਂਦਰ ਸਰਕਾਰ ਕਿਸਾਨਾਂ ਨੂੰ ਆਲੂ ਸਮੇਤ ਸਾਰੀਆਂ ਫਸਲਾਂ ਦਾ ਪੂਰਾ ਮੁੱਲ ਦੇਵੇ, ਕਿਸਾਨਾਂ ਦੇ ਸਾਰੇ ਕਰਜ਼ੇ ਖਤਮ ਕਰੇ ਤੇ ਕਿਸਾਨੀ ਨਾਲ ਸਬੰਧਤ ਮਹਿੰਗੀਆਂ ਕੀਤੀਆਂ ਚੀਜ਼ਾਂ ਅਤੇ ਖਾਦਾਂ ਆਦਿ ਦੇ ਰੇਟ ਘੱਟ ਕਰੇ। 


Related News