ਸੜਕਾਂ ''ਤੇ ਉਤਰੇ ਮੁਲਾਜ਼ਮ, ਵਿੱਤ ਮੰਤਰੀ ਦਫ਼ਤਰ ਸਾਹਮਣੇ ਕੀਤਾ ਰੋਸ ਪ੍ਰਦਰਸ਼ਨ
Sunday, Nov 05, 2017 - 02:05 AM (IST)

ਬਠਿੰਡਾ(ਪਰਮਿੰਦਰ)-ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਨੂੰ ਬੰਦ ਕਰਨ ਖਿਲਾਫ ਥਰਮਲ ਪਲਾਂਟ ਮੁਲਾਜ਼ਮਾਂ ਨੇ ਇੰਪਲਾਈਜ਼ ਤਾਲਮੇਲ ਕਮੇਟੀ ਦੀ ਅਗਵਾਈ ਵਿਚ ਸ਼ਹਿਰ 'ਚ ਰੋਸ ਮਾਰਚ ਕੀਤਾ, ਜਦਕਿ ਬਾਅਦ ਵਿਚ ਖੇਡ ਸਟੇਡੀਅਮ ਦੇ ਨਜ਼ਦੀਕ ਸਥਿਤ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਸਾਹਮਣੇ ਧਰਨਾ ਕੇ ਦੇ ਪ੍ਰਦਰਸ਼ਨ ਕੀਤਾ। ਇਸ ਮੌਕੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰ ਕੇ ਗੁੱਸਾ ਕੱਢਿਆ। ਇਸ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਥਰਮਲ ਪਲਾਂਟਾਂ ਨੂੰ ਬੰਦ ਕਰਨਾ ਇਕ ਮੁਲਾਜ਼ਮ ਵਿਰੋਧੀ ਫੈਸਲਾ ਹੈ। ਇੰਨਾ ਹੀ ਨਹੀਂ ਸਰਕਾਰੀ ਥਰਮਲ ਪਲਾਂਟਾਂ ਨੂੰ ਬੰਦ ਕਰਨ ਨਾਲ ਬਿਜਲੀ ਵੀ ਮਹਿੰਗੀ ਹੋ ਜਾਵੇਗੀ, ਜਿਸ ਨਾਲ ਲੱਖਾਂ ਉਪਭੋਗਤਾਵਾਂ ਨੂੰ ਖਮਿਆਜ਼ਾ ਭੁਗਤਣਾ ਪਵੇਗਾ। ਥਰਮਲ ਪਲਾਂਟ ਦੇ ਨਵੀਨੀਕਰਨ 'ਤੇ ਅਜੇ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ, ਜਿਸ ਨਾਲ ਪਲਾਂਟ ਦੀ ਸਮਰੱਥਾ ਅਤੇ ਸਮਾਂ ਵੱਧ ਗਿਆ ਹੈ। ਥਰਮਲ ਨੂੰ ਘਾਟੇ ਦਾ ਸੌਦਾ ਕਹਿ ਕੇ ਬੰਦ ਕੀਤਾ ਜਾ ਰਿਹਾ, ਜਦਕਿ ਬਠਿੰਡਾ ਥਰਮਲ ਹੋਰ ਥਰਮਲਾਂ ਦੇ ਮੁਕਾਬਲੇ ਘੱਟ ਲਾਗਤ 'ਚ ਬਿਜਲੀ ਪੈਦ ਕਰ ਰਹੀ ਹੈ। ਥਰਮਲ ਬੰਦ ਹੋਣ ਕਾਰਨ ਕਰੀਬ 800 ਕੇ ਕਰੀਬ ਕੱਚੇ ਮੁਲਾਜ਼ਮਾਂ ਦਾ ਰੁਜ਼ਗਾਰ ਖੋਹਿਆ ਜਾਵੇਗਾ, ਜਦਕਿ ਥਰਮਲ ਨਾਲ ਜੁੜੇ ਕਾਰੋਬਾਰ ਵੀ ਪ੍ਰਭਾਵਿਤ ਹੋਣਗੇ। ਇਸ ਸਮੇਂ ਪ੍ਰਕਾਸ਼ ਸਿੰਘ, ਗੁਰਸੇਵਕ ਸਿੰਘ, ਅਸ਼ਵਨੀ ਕੁਮਾਰ, ਰੂਪ ਸਿੰਘ, ਚਰਨਜੀਤ ਕੌਰ ਵਾਰਡ ਪ੍ਰਧਾਨ, ਜੰਗਲਾਤ ਵਿਭਾਗ ਦੇ ਜਸਪਾਲ ਸਿੰਘ, ਲਹਿਰਾ ਥਰਮਲ ਟੀ. ਐੱਸ. ਯੂ. ਦੇ ਮੇਜਰ ਸਿੰਘ, ਜੇ. ਪੀ. ਐੱਮ. ਓ. ਦੇ ਸਤਪਾਲ ਗੋਇਲ, ਕੰਟਰੈਕਟ ਯੂਨੀਅਨ ਦੇ ਵਿਜੇ ਕੁਮਾਰ ਅਤੇ ਗੁਰਵਿੰਦਰ, ਇੰਟਕ ਥਰਮਲ ਤੋਂ ਗੁਰਨਾਮ ਸਿੰਘ, ਜਸਵੀਰ ਸਿੰਘ, ਟੀ. ਐੱਸ. ਯੂ. ਦੇ ਤੇਜਾ ਸਿੰਘ, ਜਗਤਾਰ ਸਿੰਘ, ਇੰਪਲਾਈਜ਼ ਫੈੱਡਰੇਸ਼ਨ ਦੇ ਰਾਜਿੰਦਰ ਸਿੰਘ, ਰਘੁਵੀਰ ਸਿੰਘ, ਪੈਨਸ਼ਨਰਜ਼ ਐਸੋ. ਦੇ ਨਾਇਬ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
ਗੁਰਦੁਆਰਿਆਂ 'ਚ ਕੀਤੀ ਅਰਦਾਸ
ਥਰਮਲ ਪਲਾਂਟ ਨੂੰ ਚਾਲੂ ਰੱਖਣ ਲਈ ਕਮੇਟੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੇ ਮੌਕੇ 'ਤੇ ਗੁਰਦੁਆਰਿਆਂ ਵਿਚ ਅਰਦਾਸ ਵੀ ਕੀਤੀ ਗਈ। ਨੇਤਾਵਾਂ ਨੇ ਕਿਹਾ ਕਿ ਥਰਮਲ ਪਲਾਂਟ ਦਾ ਨਾਂ ਸ੍ਰੀ ਗੁਰੂ ਨਾਨਕ ਦੇਵ ਦੇ ਨਾਂ 'ਤੇ ਹੈ ਅਤੇ ਇਸ ਕਾਰਨ ਉਨ੍ਹਾਂ ਨੇ ਥਰਮਲ ਨੂੰ ਚਾਲੂ ਰੱਖਣ ਲਈ ਅਰਦਾਸ ਕੀਤੀ ਹੈ।