ਸ਼ਿਵ ਸੈਨਿਕਾਂ ਨੇ ਖਾਲਿਸਤਾਨੀ ਅੱਤਵਾਦੀਆਂ ਦਾ ਪੁਤਲਾ ਫੂਕਿਆ
Wednesday, Nov 01, 2017 - 03:06 AM (IST)

ਖਾਲਿਸਤਾਨ ਨੂੰ ਮੁੱਦਾ ਬਣਾ ਕੇ ਹੋ ਰਹੀ ਰਾਜਨੀਤੀ : ਕਦੇ ਜ਼ਿੰਦਾਬਾਦ ਤੇ ਕਦੇ ਮੁਰਦਾਬਾਦ!
ਬਠਿੰਡਾ(ਬਲਵਿੰਦਰ)-ਅਕਸਰ ਹੀ ਖਾਲਿਸਤਾਨ ਜ਼ਿੰਦਾਬਾਦ ਜਾਂ ਖਾਲਿਸਤਾਨ ਮੁਰਦਾਬਾਦ ਹੋ ਰਿਹਾ ਹੈ। ਕਦੇ ਕਿਸੇ ਹਿੰਦੂ ਆਗੂ ਦੀ ਹੱਤਿਆ ਹੋ ਜਾਂਦੀ ਹੈ ਤੇ ਕਦੇ ਸਿੱਖ ਆਗੂ 'ਤੇ ਹਮਲਾ ਹੋ ਜਾਂਦਾ ਹੈ। ਫਿਰ ਸ਼ਿਵ ਸੈਨਾ ਜਾਂ ਕੋਈ ਹੋਰ ਹਿੰਦੂ ਜਥੇਬੰਦੀ ਸੜਕਾਂ 'ਤੇ ਉਤਰ ਆਉਂਦੀ ਹੈ ਜਾਂ ਫਿਰ ਸਿੱਖ ਗਰਮ ਧੜੇ ਮੋਰਚਾ ਖੋਲ੍ਹ ਦਿੰਦੇ ਹਨ। ਕੀ ਅਜੇ ਵੀ ਪੰਜਾਬ ਵਿਚ ਖਾਲਿਸਤਾਨ ਦੀ ਸੋਚ ਦਾ ਵਜੂਦ ਕਾਇਮ ਹੈ, ਜੇਕਰ ਅਜਿਹਾ ਹੈ ਤਾਂ ਪੁਲਸ ਜਾਂ ਖੁਫੀਆ ਏਜੰਸੀਆਂ ਫੇਲ ਕਿਉਂ ਹੋ ਚੁੱਕੀਆਂ ਹਨ, ਅਜੇ ਤੱਕ ਅਜਿਹੇ ਵਜੂਦ ਵਾਲੇ ਵਿਅਕਤੀਆਂ ਦੀਆਂ ਕਾਰਵਾਈਆਂ 'ਤੇ ਕਾਬੂ ਕਿਉਂ ਨਹੀਂ ਪਾਇਆ ਗਿਆ। ਕੀ ਇਹ ਸੰਭਵ ਨਹੀਂ ਕਿ ਖਾਲਿਸਤਾਨ ਨੂੰ ਮੁੱਦਾ ਬਣਾ ਕੇ ਹਿੰਦੂ ਤੇ ਸਿੱਖ ਆਗੂ ਆਪਣੀ ਰਾਜਨੀਤੀ ਚਮਕਾਅ ਰਹੇ ਹਨ। ਇੰਝ ਜਾਪਣ ਲੱਗਾ ਹੈ ਕਿ ਪੰਜਾਬ ਖਾਲਿਸਤਾਨ ਜਾਂ ਅਜਿਹੀ ਸੋਚ ਨੂੰ ਭੁੱਲ ਚੁੱਕਾ ਹੈ ਪਰ ਖਾਲਿਸਤਾਨ ਦੇ ਨਾਂ ਦੀ ਖੱਟੀ ਖਾਣ ਵਾਲੇ ਲੋਕ ਇਸ ਨੂੰ ਤਾਜ਼ਾ ਹੀ ਰੱਖ ਰਹੇ ਹਨ।
ਅਕਾਲੀ ਆਗੂ ਵੋਟਾਂ ਖਾਤਰ ਸ਼ਿਵ ਸੈਨਾ ਦੇ ਧਰਨੇ 'ਚ!
ਸ਼ਿਵ ਸੈਨਾ ਪੰਜਾਬ ਵੱਲੋਂ ਹਿੰਦੂ ਆਗੂਆਂ ਦੇ ਕਤਲ ਹੋਣ ਵਿਰੁੱਧ ਮਰਨਵਰਤ ਰੱਖਿਆ ਗਿਆ ਹੈ। ਉੱਥੇ ਅੱਜ ਅਕਾਲੀ ਆਗੂ ਸਰੂਪ ਚੰਦ ਸਿੰਗਲਾ ਸਾਬਕਾ ਵਿਧਾਇਕ ਸ਼ਿਵ ਸੈਨਾ ਦੇ ਹੀ ਧਰਨੇ ਵਿਚ ਸ਼ਾਮਲ ਹੋ ਗਏ। ਹੁਣ ਇਸ ਗੱਲ ਨੂੰ ਕੀ ਮੰਨਿਆ ਜਾਵੇ ਕਿ ਅਕਾਲੀ ਦਲ ਦਾ ਅਸਲੀ ਸਟੈਂਡ ਕੀ ਹੈ ਜਾਂ ਫਿਰ ਅਕਾਲੀ ਦਲ ਵੋਟਾਂ ਦੀ ਰਾਹ 'ਤੇ ਚੱਲ ਰਿਹਾ ਹੈ।
ਇਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ ਨੇ ਕਿਹਾ ਕਿ ਉਹ ਹਿੰਦੂ ਆਗੂਆਂ ਦੇ ਕਤਲ ਦੀ ਨਿੰਦਾ ਕਰਦੇ ਹਨ, ਉਹ ਕਿਸੇ ਦੀ ਵੀ ਹੱਤਿਆ ਦੇ ਹੱਕ 'ਚ ਨਹੀਂ ਹਨ ਪਰ ਹਰੇਕ ਵਰਗ ਨੂੰ ਕੋਈ ਵੀ ਐਕਸ਼ਨ ਕਰਨ ਤੋਂ ਪਹਿਲਾਂ ਸੋਚਣਾ ਜ਼ਰੂਰ ਚਾਹੀਦਾ ਹੈ, ਕਿਉਂਕਿ ਹਰੇਕ ਐਕਸ਼ਨ ਦਾ ਰੀਐਕਸ਼ਨ ਜ਼ਰੂਰ ਹੁੰਦਾ ਹੈ, ਜਿਸ ਦਾ ਖਮਿਆਜ਼ਾ ਪੂਰੀ ਕੌਮ ਨੂੰ ਭੁਗਤਣਾ ਪੈਂਦਾ ਹੈ। ਫਿਰ ਉਹ ਭਾਵੇਂ ਹਿੰਦੂ ਹੋਵੇ ਜਾਂ ਫਿਰ ਸਿੱਖ।
ਸ਼ਿਵ ਸੈਨਿਕਾਂ ਲਾਏ 'ਖਾਲਿਸਤਾਨ ਮੁਰਦਾਬਾਦ' ਦੇ ਨਾਅਰੇ
ਪਹਿਲਾਂ ਲੁਧਿਆਣਾ 'ਚ ਆਰ. ਐੱਸ. ਐੱਸ. ਆਗੂ ਰਵਿੰਦਰ ਗੋਸਾਈਂ ਦਾ ਕਤਲ ਤੇ ਹੁਣ ਅੰਮ੍ਰਿਤਸਰ 'ਚ ਸ਼ਿਵ ਸੈਨਾ ਆਗੂ ਵਿਪਨ ਸ਼ਰਮਾ ਦੇ ਕਤਲ ਨੂੰ ਲੈ ਕੇ ਅੱਜ ਸ਼ਿਵ ਸੈਨਾ ਹਿੰਦੂ ਦੇ ਵਰਕਰਾਂ ਨੇ ਫਾਇਰ ਬ੍ਰਿਗੇਡ ਚੌਕ, ਬਠਿੰਡਾ ਵਿਖੇ ਅੱਤਵਾਦ ਦਾ ਪੁਤਲਾ ਫੂਕਿਆ, ਜਿਸ ਨੂੰ ਖਾਲਿਸਤਾਨੀ ਅੱਤਵਾਦ ਕਰਾਰ ਦਿੱਤਾ ਗਿਆ। ਸ਼ਿਵ ਸੈਨਿਕਾਂ ਨੇ ਖਾਲਿਸਤਾਨ ਮੁਰਦਾਬਾਦ ਦੇ ਨਾਅਰੇ ਵੀ ਲਾਏ। ਰੋਸ ਪ੍ਰਦਰਸ਼ਨ ਦੀ ਅਗਵਾਈ ਸੂਬਾ ਸੀਨੀਅਰ ਮੀਤ ਪ੍ਰਧਾਨ ਸ਼ਿਵ ਜੋਸ਼ੀ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਰੋਜ਼ਾਨਾ ਵਾਂਗ ਹਿੰਦੂ ਆਗੂਆਂ 'ਤੇ ਹਮਲੇ ਹੋ ਰਹੇ ਹਨ। ਪਹਿਲਾਂ ਲੁਧਿਆਣਾ ਤੇ ਹੁਣ ਅੰਮ੍ਰਿਤਸਰ ਵਿਚ ਹਿੰਦੂ ਆਗੂ ਦਾ ਕਤਲ ਹੋਇਆ, ਜਿਨ੍ਹਾਂ ਪਿੱਛੇ ਖਾਲਿਸਤਾਨੀ ਅੱਤਵਾਦੀ ਹੀ ਹਨ ਪਰ ਪੰਜਾਬ ਸਰਕਾਰ ਜਾਂ ਪੁਲਸ ਹੱਥ 'ਤੇ ਹੱਥ ਧਰੀ ਬੈਠੀ ਹੈ। ਉਨ੍ਹਾਂ ਡੀ. ਜੀ. ਪੀ. ਪੰਜਾਬ ਤੋਂ ਮੰਗ ਕੀਤੀ ਹੈ ਕਿ ਹਿੰਦੂ ਆਗੂਆਂ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ, ਜਦਕਿ ਹਿੰਦੂ ਆਗੂਆਂ ਨੂੰ ਸੁਰੱਖਿਆ ਵੀ ਪ੍ਰਦਾਨ ਕੀਤੀ ਜਾਵੇ।