ਕਿਸਾਨਾਂ ਥਾਣੇ ਅੱਗੇ ਲਾਇਆ ਧਰਨਾ
Tuesday, Oct 03, 2017 - 07:24 AM (IST)

ਧੂਰੀ(ਸੰਜੀਵ ਜੈਨ, ਸ਼ਰਮਾ)- ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਯੂਨੀਅਨ ਦੇ ਬਲਾਕ ਪ੍ਰਧਾਨ ਸ਼ਿਆਮ ਦਾਸ ਕਾਂਝਲੀ ਦੀ ਅਗਵਾਈ ਹੇਠ ਥਾਣਾ ਸਦਰ ਧੂਰੀ ਅੱਗੇ ਧਰਨਾ ਲਾ ਕੇ ਰੋਸ ਪ੍ਰਗਟ ਕੀਤਾ। ਇਹ ਰੋਸ ਪ੍ਰਦਰਸ਼ਨ ਪਟਿਆਲਾ ਵਿਖੇ ਕਿਸਾਨਾਂ ਵੱਲੋਂ ਦਿੱਤੇ ਗਏ ਧਰਨੇ ਨੂੰ ਫੇਲ ਕਰਨ ਦੇ ਮੰਤਵ ਨਾਲ ਪੁਲਸ ਵੱਲੋਂ ਕਿਸਾਨ ਆਗੂਆਂ ਦੇ ਘਰਾਂ 'ਤੇ ਛਾਪੇਮਾਰੀ ਕਰ ਕੇ ਕੀਤੀਆਂ ਗਈਆਂ ਗ੍ਰਿਫਤਾਰੀਆਂ ਦੇ ਰੋਸ ਵੱਜੋਂ ਕੀਤਾ ਗਿਆ। ਇਸ ਮੌਕੇ ਸ਼ਿਆਮ ਦਾਸ ਕਾਂਝਲੀ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ, ਸਵਾਮੀਨਾਥਨ ਰਿਪੋਰਟ ਲਾਗੂ ਕਰਨ, ਨੌਜਵਾਨਾਂ ਨੂੰ ਸਮਾਰਟ ਫੋਨ ਦੇਣ, ਹਰੇਕ ਘਰ ਵਿਚ ਇਕ ਸਰਕਾਰੀ ਨੌਕਰੀ ਦੇਣ, ਬੇਰੋਜ਼ਗਾਰੀ ਭੱਤਾ ਦੇਣ ਸਣੇ ਕਈ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਸਨ। ਹੁਣ ਉਕਤ ਵਾਅਦਿਆਂ ਨੂੰ ਪੂਰਾ ਕਰਨ ਦੀ ਬਜਾਏ ਸਰਕਾਰ ਵੱਲੋਂ ਕਿਸਾਨ ਅਤੇ ਮਜ਼ਦੂਰ ਵਿਰੋਧੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਪਰਾਲੀ ਨੂੰ ਅੱਗ ਲਾਉਣ ਨੂੰ ਕਾਨੂੰਨੀ ਜੁਰਮ ਦੱਸ ਰਹੀ ਹੈ, ਜੇ ਪਰਾਲੀ ਨੂੰ ਸਾੜਨਾ ਜੁਰਮ ਹੈ ਤਾਂ ਉਸਦੇ ਪ੍ਰਬੰਧ ਲਈ 200 ਰੁਪਏ ਪ੍ਰਤੀ ਕੁਇੰਟਲ ਦਾ ਖਰਚਾ ਕਿਸਾਨਾਂ ਨੂੰ ਦਿੱਤਾ ਜਾਵੇ। ਸਰਕਾਰ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਦੇ ਆਗੂਆਂ ਦੇ ਘਰਾਂ 'ਚ ਪੁਲਸ ਰਾਹੀਂ ਛਾਪੇਮਾਰੀ ਕਰਵਾ ਕੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਹੀ ਹੈ, ਜਿਸ ਦੇ ਰੋਸ ਵਜੋਂ ਹੀ ਅੱਜ ਥਾਣਾ ਸਦਰ ਧੂਰੀ ਅੱਗੇ ਧਰਨਾ ਲਾਇਆ ਗਿਆ ਹੈ। ਇਸ ਮੌਕੇ ਹਰਬੰਸ ਸਿੰਘ ਲੱਡਾ, ਮਹਿੰਦਰ ਸਿੰਘ ਪੇਧਨੀ ਕਲਾਂ, ਗੁਰਮੇਲ ਸਿੰਘ ਬੇਨੜਾ, ਮਨਜੀਤ ਸਿੰਘ ਜਹਾਂਗੀਰ, ਬਿੱਟੂ ਸਿੰਘ ਬੇਨੜਾ, ਨਹਿਰੂ ਸਿੰਘ ਬੇਨੜਾ, ਗੁਰਦੇਵ ਸਿੰਘ ਲੱਡਾ, ਰਾਮ ਸਿੰਘ ਕੱਕੜਵਾਲ ਅਤੇ ਕ੍ਰਿਪਾਲ ਸਿੰਘ ਧੂਰਾ ਆਦਿ ਵੀ ਮੌਜੂਦ ਸਨ।