ਬਠਿੰਡਾ-ਅੰਮ੍ਰਿਤਸਰ ਹਾਈਵੇ ''ਤੇ ਧਰਨਾ ; ਨਾਅਰੇਬਾਜ਼ੀ
Wednesday, Sep 20, 2017 - 01:54 AM (IST)

ਗੋਨਿਆਣਾ(ਗੋਰਾ ਲਾਲ)-ਬੀਤੇ ਦਿਨ ਲੈਂਡ ਐਕਿਊਜ਼ੀਸ਼ਨ ਕਮ ਸਬ-ਡਵੀਜ਼ਨਲ ਮੈਜਿਸਟ੍ਰੇਟ ਬਠਿੰਡਾ ਵੱਲੋਂ ਐੱਨ. ਐੱਚ. 15 ਚਹੁੰ ਮਾਰਗੀ ਕਰਨ ਨੂੰ ਲੈ ਕੇ ਜ਼ਮੀਨ ਅਕਵਾਇਰ ਦੇ ਕੀਤੇ ਗਏ ਅਵਾਰਡ ਨੰ. 2 ਤੋਂ ਨਾਖੁਸ਼ 8 ਪਿੰਡਾਂ ਦੇ ਜ਼ਮੀਨ ਮਾਲਕਾਂ ਨੇ ਸਥਾਨਕ ਗੋਨਿਆਣਾ ਬਠਿੰਡਾ ਬਾਈਪਾਸ 'ਤੇ ਸਥਿਤ ਸ਼੍ਰੀ ਇੱਛਾਪੂਰਨ ਮੰਦਰ ਨਜ਼ਦੀਕ ਧਰਨਾ ਲਾ ਕੇ ਐੱਸ. ਡੀ. ਐੱਮ. ਬਠਿੰਡਾ ਅਤੇ ਜ਼ਿਲਾ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਮੁਆਵਜ਼ੇ ਦੀ ਆੜ 'ਚ ਕਰੋੜਾਂ ਰੁਪਏ ਦੇ ਘਪਲੇ ਕਰਨ ਦਾ ਵੀ ਦੋਸ਼ ਲਾਇਆ। ਧਰਨੇ 'ਤੇ ਬੈਠੇ ਪੀੜਤ ਜ਼ਮੀਨ ਮਾਲਕਾਂ ਨੇ ਦੱਸਿਆ ਕਿ ਬੀਤੇ ਦਿਨ ਆਈ. ਏ. ਐੱਸ. ਸਾਕਸ਼ੀ ਸਾਹਨੀ ਲੈਂਡ ਐਕਿਊਜ਼ੀਸ਼ਨ ਕਮ ਸਬ-ਡਵੀਜ਼ਨਲ ਮੈਜਿਸਟ੍ਰੇਟ ਬਠਿੰਡਾ ਵੱਲੋਂ ਐੱਨ. ਐੱਚ. 15 ਨੂੰ ਚਹੁੰ ਮਾਰਗੀ ਕੀਤੇ ਜਾਣ ਨੂੰ ਲੈ ਜ਼ਿਲਾ ਬਠਿੰਡਾ ਦੇ ਪਿੰਡ ਜੀਦਾ, ਹਰਿਰਾਏਪੁਰ, ਗੋਨਿਆਣਾ ਕਲਾਂ, ਗੋਨਿਆਣਾ ਖੁਰਦ, ਬਲਾਹੜ ਵਿੰਝੂ, ਅਮਰਗੜ੍ਹ, ਭੋਖੜਾ ਅਤੇ ਗਿੱਲਪੱਤੀ ਦੀ ਜ਼ਮੀਨ ਅਕਵਾਇਵਰ ਨੂੰ ਲੈ ਕੇ ਇਕ ਸਪਲੀਮੈਂਟਰੀ ਅਵਾਰਡ ਸੁਣਾਇਆ ਗਿਆ । ਧਰਨੇ 'ਤੇ ਬੈਠੇ ਪੀੜਤ ਜ਼ਮੀਨ ਮਾਲਕਾਂ ਦੇ ਦੱਸਿਆ ਕਿ ਜਿਥੇ ਉਨ੍ਹਾਂ ਨੂੰ ਸਰਕਾਰ ਵੱਲੋਂ ਜ਼ਮੀਨਾਂ ਦਾ ਘੱਟ ਮੁੱਲ ਦਿੱਤਾ ਜਾ ਰਿਹਾ ਹੈ, ਉਥੇ ਹੀ ਇਸ ਅਵਾਰਡ ਵਿਚ ਘੱਪਲੇਬਾਜ਼ੀ ਦਾ ਵੀ ਸ਼ੱਕ ਹੈ ਕਿਉਂਕਿ ਅਕਵਾਇਰ ਕੀਤੀ ਜਾ ਰਹੀ ਜ਼ਮੀਨ ਦਾ ਮੁਆਵਜ਼ਾ 75.84 ਕਰੋੜ ਬਣਦਾ ਹੈ ਪਰ ਐੱਸ. ਡੀ. ਐੱਮ. ਵੱਲੋਂ 418.00 ਕਰੋੜ ਦਾ ਕੇਂਦਰ ਸਰਕਾਰ ਤੋਂ ਮੁਆਵਜ਼ਾ ਮੰਗਿਆ ਗਿਆ ਹੈ, ਜਿਸ ਨਾਲ 342.16 ਕਰੋੜ ਦਾ ਮੁਆਵਜ਼ਾ ਜੇਕਰ ਪੀੜਤ ਜ਼ਮੀਨ ਮਾਲਕਾਂ ਨੂੰ ਨਹੀਂ ਮਿਲਿਆ ਤਾਂ ਇਹ 342.16 ਕਰੋੜ ਕਿਥੇ ਗਿਆ?
ਉਨ੍ਹਾਂ ਰੋਸ ਜ਼ਾਹਰ ਕੀਤਾ ਕਿ ਕੀਤੇ ਗਏ ਅਵਾਰਡ ਦੌਰਾਨ ਕਮਰਸ਼ੀਅਲ ਜ਼ਮੀਨਾਂ ਨੂੰ ਵੀ ਐਗਰੀਕਲਚਰ ਐਲਾਨ ਕਰ ਕੇ ਜ਼ਮੀਨ ਮਾਲਕਾਂ ਨਾਲ ਧੱਕਾਸ਼ਾਹੀ ਕੀਤੀ ਜਾ ਰਹੀ ਹੈ। ਪੀੜਤ ਜ਼ਮੀਨ ਮਾਲਕਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੀਤੇ ਗਏ ਅਵਾਰਡ ਦੀ ਨਿਰਪੱਖ ਏਜੰਸੀ ਤੋਂ ਉਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਜੋ 342.16 ਕਰੋੜ ਦੀ ਘਪਲੇਬਾਜ਼ੀ ਸਾਹਮਣੇ ਆ ਸਕੇ ਅਤੇ ਉਨ੍ਹਾਂ ਦੀਆਂ ਜ਼ਮੀਨਾਂ ਦਾ ਉਚਿਤ ਮੁੱਲ ਮਿਲ ਸਕੇ। ਸੂਚਨਾ ਮਿਲਣ 'ਤੇ ਬਠਿੰਡਾ ਦੇ ਨਾਇਬ ਤਹਿਸੀਲਦਾਰ ਸੁਖਜੀਤ ਸਿੰਘ ਪਹੁੰਚੇ। ਉਨ੍ਹਾਂ ਵੱਲੋਂ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਧਰਨਾ ਚੁੱਕ ਦੇਣ ਅਤੇ ਤੁਹਾਡੀ ਐੱਸ.ਡੀ.ਐੱਮ ਬਠਿੰਡਾ ਨਾਲ ਗੱਲਬਾਤ ਕਰਵਾ ਦਿੰਦੇ ਹਾਂ ਪਰ ਧਰਨਾਕਾਰੀ ਉਨ੍ਹਾਂ ਦੀ ਗੱਲ ਤੋਂ ਸਾਫ ਨਾਰਾਜ਼ ਨਜ਼ਰ ਆਏ। ਇਸ ਤੋਂ ਬਾਅਦ ਲੈਂਡ ਐਕਿਊਜ਼ੀਸ਼ਨ ਕਮ ਸਬ ਡਵੀਜ਼ਨਲ ਮੈਜਿਸਟ੍ਰੇਟ ਬਠਿੰਡਾ ਨੇ ਸ਼ਾਮ ਸਮੇਂ ਪੀੜਤ ਮਾਲਕਾਂ ਦੇ 10 ਆਗੂਆਂ ਨਾਲ ਇਕ ਮੀਟਿੰਗ ਰੱਖ ਲਈ ਹੈ, ਜਿਸ ਵਿਚ ਫੈਸਲਾ ਲੈ ਕੇ ਅਗਲੀ ਵਿਚਾਰਧਾਰਾ ਉਲੀਕੀ ਜਾਵੇਗੀ। ਇਸ ਤੋਂ ਬਾਅਦ ਧਰਨਾਕਾਰੀਆਂ ਨੇ ਆਪਣਾ ਧਰਨਾ ਸਮਾਪਤ ਕਰ ਦਿੱਤਾ। ਇਸ ਮੌਕੇ ਮੁਨੀਸ਼ ਪਾਂਧੀ, ਜਰਨੈਲ ਸਿੰਘ, ਡਾ. ਅਜਮੇਰ ਸਿੰਘ ਧਾਲੀਵਾਲ, ਡਾ. ਸੱਤਪਾਲ ਭਠੇਜਾ ਅਤੇ ਗੋਨਿਆਣਾ ਸੰਘਰਸ਼ ਕਮੇਟੀ ਤੋਂ ਕੁਲਦੀਪ ਸਿੰਘ ਸਰਾਂ ਸੀ.ਏ., ਨਰੇਸ਼ ਕੁਮਾਰ, ਸੋਨੂੰ ਰੋਮਾਣਾ, ਵਰੁਣ ਗੋਇਲ, ਬ੍ਰਿਜ ਪਾਲ, ਤ੍ਰਿਲੋਚਚਨ ਸਿੰਘ, ਟੇਕ ਸਿੰਘ ਪ੍ਰਧਾਨ ਟਰੱਕ ਯੂਨੀਅਨ, ਹਰਬੰਸ ਲਾਲ ਗਰਗ, ਰਣਜੀਤ ਸਿੰਘ ਜੀਦਾ, ਅਜੈਬ ਸਿੰਘ, ਰਾਕੇਸ਼ ਕੁਮਾਰ, ਬਲਵਿੰਦਰ ਸਿੰਘ ਧਿੰਗੜਾ, ਬਸੰਤ ਕੁਮਾਰ ਤੋਂ ਇਲਾਵਾ ਸਮੂਹ ਪਿੰਡਾਂ ਦੇ ਕਿਸਾਨ ਅਤੇ ਪੀੜਤ ਪਰਿਵਾਰ ਵੀ ਸ਼ਾਮਲ ਸਨ।