ਅਕਾਲੀ-ਭਾਜਪਾ ਨੇ ਬੋਲਿਆ ਕੈਪਟਨ ਸਰਕਾਰ ''ਤੇ ਹੱਲਾ

Tuesday, Jun 13, 2017 - 07:07 AM (IST)

ਅਕਾਲੀ-ਭਾਜਪਾ ਨੇ ਬੋਲਿਆ ਕੈਪਟਨ ਸਰਕਾਰ ''ਤੇ ਹੱਲਾ

ਸੰਗਰੂਰ(ਵਿਵੇਕ ਸਿੰਧਵਾਨੀ, ਯਾਦਵਿੰਦਰ, ਬੇਦੀ)- ਅਕਾਲੀ-ਭਾਜਪਾ ਵੱਲੋਂ ਕਿਸਾਨਾਂ ਦੀ ਕਰਜ਼ਾ ਮੁਆਫੀ ਸਣੇ ਹੋਰ ਮੁੱਦਿਆਂ ਨੂੰ ਲੈ ਕੇ ਸੱਤਾਧਾਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਘੇਰਨ ਲਈ ਪੰਜਾਬ ਭਰ ਵਿਚ ਦਿੱਤੇ ਜ਼ਿਲਾ ਪੱਧਰੀ ਧਰਨਿਆਂ ਦੇ ਸੱਦੇ ਤਹਿਤ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਅੱਗੇ ਧਰਨਾ ਦਿੱਤਾ ਗਿਆ। 10 ਸਾਲ ਸੱਤਾ ਦਾ ਸੁੱਖ ਭੋਗਣ ਤੋਂ ਬਾਅਦ ਪੌਣੇ 3 ਮਹੀਨੇ ਪਹਿਲਾਂ ਪੰਜਾਬ ਵਿਚ ਬਣੀ ਕਾਂਗਰਸ ਸਰਕਾਰ ਖਿਲਾਫ਼ ਪਹਿਲਾ ਮੋਰਚਾ ਖੋਲ੍ਹਦਿਆਂ ਅਕਾਲੀ-ਭਾਜਪਾ ਦੇ ਆਗੂਆਂ ਨੇ ਕੈਪਟਨ ਸਰਕਾਰ 'ਤੇ ਵਾਅਦਿਆਂ ਤੋਂ ਮੁਕਰਨ ਦਾ ਦੋਸ਼ ਲਾਉਂਦਿਆਂ ਵੱਖ-ਵੱਖ ਮੁੱਦਿਆਂ 'ਤੇ ਕੈਪਟਨ ਸਰਕਾਰ ਖਿਲਾਫ ਰੱਜ ਕੇ ਭੜਾਸ ਕੱਢੀ।
ਕੈਪਟਨ ਸਰਕਾਰ ਕਿਸਾਨਾਂ ਦੀ ਬਾਂਹ ਫੜਨ ਨੂੰ ਤਿਆਰ ਨਹੀਂ : ਢੀਂਡਸਾ
ਅਕਾਲੀ ਦਲ ਬਾਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਲੋਕਾਂ ਦਾ ਕੈਪਟਨ ਸਰਕਾਰ ਤੋਂ ਕੁਝ ਮਹੀਨਿਆਂ 'ਚ ਮੋਹ ਭੰਗ ਹੋ ਗਿਆ ਹੈ ਅਤੇ ਇਹ ਸਰਕਾਰ ਚੋਣਾਂ ਸਮੇਂ ਆਪਣੇ ਚੋਣ ਮੈਨੀਫੈਸਟੋ ਵਿਚ ਕੀਤੇ ਲੁਭਾਵਣੇ ਵਾਅਦਿਆਂ ਤੋਂ ਭੱਜ ਗਈ ਹੈ। ਪੰਜਾਬ ਦਾ ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈ ਚੁੱਕਾ ਹੈ ਅਤੇ ਕੈਪਟਨ ਸਰਕਾਰ ਪੀੜਤ ਕਿਸਾਨ ਪਰਿਵਾਰਾਂ ਦੀ ਬਾਂਹ ਵੀ ਫੜਨ ਨੂੰ ਤਿਆਰ ਨਹੀਂ। ਉਨ੍ਹਾਂ ਮੰਗ ਕੀਤੀ ਕਿ ਕਾਂਗਰਸ ਸਰਕਾਰ ਖੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਨੂੰ ਤੁਰੰਤ ਮੁਆਵਜ਼ਾ ਦੇ ਕੇ ਉਨ੍ਹਾਂ ਦੀ ਆਰਥਿਕ ਮਦਦ ਕਰੇ। ਉਨ੍ਹਾਂ ਪੰਜਾਬ ਦੀਆਂ ਰੇਤ ਖੱਡਾਂ ਦੇ ਮਾਮਲੇ 'ਚ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਨਾਂ ਆਉਣ 'ਤੇ ਸਰਕਾਰ ਨੂੰ ਚੰਗੇ ਰਗੜੇ ਲਾਏ।


Related News