ਕਰਜ਼ੇ ਦੇ ਜਾਲ ''ਚੋਂ ਕਿਸਾਨਾਂ ਦਾ ਨਿਕਲਣਾ ਮੁਸ਼ਕਿਲ, ਕਿਸਾਨ ਆਗੂ ਬੋਲੇ : ਕਰਜ਼ ਮੁਆਫੀ ਲਈ ਸੰਘਰਸ਼ ਰਹੇਗਾ ਜਾਰੀ
Tuesday, Jun 13, 2017 - 02:01 AM (IST)
ਬਠਿੰਡਾ(ਪਰਮਿੰਦਰ)-ਕਰਜ਼ ਦੇ ਮੱਕੜਜਾਲ ਤੋਂ ਨਿਕਲਣਾ ਕਿਸਾਨਾਂ ਲਈ ਹੁਣ ਮੁਸ਼ਕਲ ਹੋ ਗਿਆ ਹੈ। ਖੇਤਾਂ ਤੋਂ ਹੁਣ ਆਮਦਨ ਸਿਰਫ ਪੇਟ ਭਰਨ ਜਿੰਨੀ ਹੀ ਰਹਿ ਗਈ ਹੈ ਤੇ ਖੇਤੀ ਹੁਣ ਮੁਨਾਫੇ ਦਾ ਧੰਦਾ ਨਹੀਂ ਰਿਹਾ। ਹਰ ਫਸਲ 'ਤੇ ਭਾਰੀ ਲਾਗਤ ਆ ਜਾਂਦੀ ਹੈ ਪਰ ਫਸਲਾਂ ਦੇ ਮੁੱਲ ਲਾਗਤ ਅਨੁਸਾਰ ਨਹੀਂ ਮਿਲਦੇ। ਅਜਿਹੇ 'ਚ ਆੜ੍ਹਤੀਆਂ ਦੇ ਪੈਸੇ ਉਤਾਰਨਾ ਵੀ ਮੁਸ਼ਕਲ ਹੋ ਜਾਂਦਾ ਹੈ ਜਦਕਿ ਬੈਂਕ ਦਾ ਕਰਜ਼ ਜਿਓਂ ਹੀ ਖੜ੍ਹਾ ਰਹਿੰਦਾ ਹੈ। ਜੇਕਰ ਸਰਕਾਰਾਂ ਕਰਜ਼ ਮੁਆਫ ਨਹੀਂ ਕਰਦੀਆਂ ਤਾਂ ਕਿਸਾਨਾਂ ਕੋਲ ਖੁਦਕੁਸ਼ੀਆਂ ਤੋਂ ਇਲਾਵਾ ਕੋਈ ਰਸਤਾ ਨਹੀਂ ਰਹੇਗਾ। ਉਕਤ ਵਿਚਾਰ ਬਠਿੰਡਾ 'ਚ ਲਾਏ ਗਏ ਧਰਨੇ 'ਚ ਪਹੁੰਚੇ ਕਰਜ਼ਦਾਰ ਕਿਸਾਨਾਂ ਨੇ ਕਹੇ। ਕਿਸਾਨ ਸੇਵਕ ਸਿੰਘ, ਕਿਸਾਨ ਮੇਵਾ ਸਿੰਘ, ਅਜਮੇਰ ਸਿੰਘ, ਮਿੱਠੂ ਸਿੰਘ, ਸਤਵੰਤ ਸਿੰਘ ਆਦਿ ਨੇ ਕਿਹਾ ਕਿ ਬੈਂਕਾਂ ਤੇ ਆੜ੍ਹਤੀਆਂ ਦਾ ਕਰਜ਼ ਵਾਪਸ ਕਰਨਾ ਛੋਟੇ ਕਿਸਾਨਾਂ ਦੇ ਵੱਸ ਦੀ ਗੱਲ ਨਹੀਂ ਹੈ, ਜਿੰਨਾ ਕਰਜ਼ ਉਹ ਵਾਪਸ ਕਰਦੇ ਹਨ, ਅਗਲੀ ਫਸਲ ਤੱਕ ਓਨਾ ਹੀ ਵਿਆਜ ਫਿਰ ਜੁੜ ਜਾਂਦਾ ਹੈ। ਕਈ ਵਾਰ ਤਾਂ ਪੂਰੀ ਫਸਲ ਆੜ੍ਹਤੀ ਨੂੰ ਵੇਚਣ ਤੋਂ ਬਾਅਦ ਹੱਥ 'ਚ ਕੁਝ ਵੀ ਨਹੀਂ ਆਉਂਦਾ ਤੇ ਕਿਸਾਨਾਂ ਨੂੰ ਖਾਲੀ ਹੱਥ ਆਉਣਾ ਪੈਂਦਾ ਹੈ। ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਵਾਉਣ ਅਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ 7 ਕਿਸਾਨ ਜਥੇਬੰਦੀਆਂ ਦੇ ਸੈਂਕੜੇ ਵਰਕਰਾਂ ਨੇ ਡੀ. ਸੀ. ਦਫ਼ਤਰ ਦੇ ਸਾਹਮਣੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ 'ਤੇ ਕਿਸਾਨਾਂ ਨੇ ਕੇਂਦਰ ਅਤੇ ਰਾਜ ਸਰਕਾਰਾਂ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰ ਕੇ ਗੁੱਸਾ ਕੱਢਿਆ। ਬਾਅਦ 'ਚ ਕਿਸਾਨਾਂ ਨੇ ਕੇਂਦਰ ਅਤੇ ਰਾਜ ਸਰਕਾਰਾਂ ਦੇ ਨਾਂ 2 ਵੱਖ-ਵੱਖ ਮੰਗ ਪੱਤਰ ਧਰਨਾ ਸਥਾਨ 'ਤੇ ਪਹੁੰਚੀ ਏ. ਡੀ. ਸੀ. ਸ਼ੈਨਾ ਅਗਰਵਾਲ ਨੂੰ ਸੌਂਪੇ। ਏ. ਡੀ. ਸੀ. ਨੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਮੰਗਾਂ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ। ਕਿਸਾਨ ਜਥੇਬੰਦੀਆਂ ਦੇ ਨੇਤਾਵਾਂ ਨੇ ਕਿਹਾ ਕਿ 7 ਜੁਲਾਈ ਨੂੰ ਸਾਰੇ ਕਿਸਾਨ ਮਿਲ ਕੇ ਇਕ ਕਨਵੈਨਸ਼ਨ ਦਾ ਆਯੋਜਨ ਕਰਨਗੇ, ਜਿਸ 'ਚ ਅਗਲੇ ਸੰਘਰਸ਼ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ।
ਕਰਜ਼ਾ ਮੁਆਫ਼ੀ ਸਬੰਧੀ ਸਰਕਾਰਾਂ 'ਤੇ ਗੁੰਮਰਾਹ ਕਰਨ ਦੇ ਦੋਸ਼
ਭਾਕਿਯੂ ਏਕਤਾ (ਉਗਰਾਹਾਂ) ਦੇ ਪ੍ਰਦੇਸ਼ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਭਾਕਿਯੂ (ਕ੍ਰਾਂਤੀਕਾਰੀ) ਦੇ ਪ੍ਰਦੇਸ਼ ਪ੍ਰਧਾਨ ਸੁਰਜੀਤ ਸਿੰਘ ਫੂਲ, ਭਾਕਿਯੂ (ਏਕਤਾ) ਡਕੌਂਦਾ ਦੇ ਪ੍ਰਦੇਸ਼ ਨੇਤਾ ਗੁਰਦੀਪ ਸਿੰਘ ਰਾਮਪੁਰਾ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਨੇਤਾ ਰਾਜਾ ਸਿੰਘ ਭਾਈਰੂਪਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਕੈਪਟਨ ਸਰਕਾਰ ਕਿਸਾਨ ਦੀ ਕਰਜ਼ਾ ਮੁਆਫ਼ੀ ਦੇ ਮੁੱਦੇ ਨੂੰ ਉਛਾਲ ਕੇ ਹੀ ਸੱਤਾ ਹਾਸਲ ਕਰਨ 'ਚ ਕਾਮਯਾਬ ਹੋਈ ਹੈ ਪਰ ਸੱਤਾ 'ਚ ਆਉਣ ਤੋਂ ਬਾਅਦ ਉਨ੍ਹਾਂ ਕਿਸਾਨਾਂ ਤੋਂ ਮੂੰਹ ਮੋੜ ਲਿਆ। ਪਹਿਲਾਂ ਅਕਾਲੀ ਦਲ ਦੇ ਰਾਜ 'ਚ ਹਰ ਰੋਜ਼ ਕਿਸਾਨ ਖੁਦਕੁਸ਼ੀਆਂ ਕਰਦੇ ਸਨ ਅਤੇ ਹੁਣ ਕਾਂਗਰਸ ਦੇ ਰਾਜ 'ਚ ਵੀ ਹਰ ਰੋਜ਼ ਕਿਸਾਨ ਕਰਜ਼ੇ ਦੀ ਭੇਟ ਚੜ੍ਹ ਰਹੇ ਹਨ। ਮੱਧ ਪ੍ਰਦੇਸ਼ 'ਚ ਕਰਜ਼ੇ ਮੁਕਤੀ ਲਈ ਅੰਦੋਲਨ ਕਰਨ ਵਾਲੇ ਕਿਸਾਨਾਂ 'ਤੇ ਗੋਲੀਆਂ ਚਲਾਉਣ ਦੀ ਨਿੰਦਾ ਕਰਦੇ ਹੋਏ ਜਥੇਬੰਦੀਆਂ ਨੇ ਕਿਹਾ ਕਿ ਹਿੱਤਾਂ ਲਈ ਆਵਾਜ਼ ਚੁੱਕਣ ਵਾਲੇ ਦੀ ਆਵਾਜ਼ ਨੂੰ ਗੋਲੀਆਂ ਨਾਲ ਨਹੀਂ ਦਬਾਇਆ ਜਾ ਸਕਦਾ।
ਇਨ੍ਹਾਂ ਨੇ ਵੀ ਕੀਤਾ ਸੰਬੋਧਨ
ਧਰਨੇ ਨੂੰ ਭਾਕਿਯੂ ਏਕਤਾ ਉਗਰਾਹਾਂ ਦੇ ਸ਼ਿੰਗਾਰਾ ਸਿੰਘ ਮਾਨ, ਭਾਕਿਯੂ ਕ੍ਰਾਂਤੀਕਾਰੀ ਦੇ ਸੁਖਮੁਖ ਸਿੰਘ ਸੇਲਬਰਾਹ, ਭਾਕਿਯੂ ਦੇ ਡਕੌਂਦਾ ਦੇ ਸੁਖਵਿੰਦਰ ਸਿੰਘ ਫੂਲੇਵਾਲਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਦੇਸ਼ ਨੇਤਾ ਸੁਖਜਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ 'ਤੇ ਕਿਸਾਨ ਨੇਤਾ ਜਸਵੀਰ ਸਿੰਘ ਬੁਰਜ ਸੇਮਾ ਅਤੇ ਹੋਰ ਨੇਤਾ ਵੀ ਹਾਜ਼ਰ ਰਹੇ।
