ਆਦਰਸ਼ ਸਕੂਲਾਂ ਦੇ ਅਧਿਆਪਕ ਉਤਰੇ ਸੜਕ ''ਤੇ
Friday, Jun 09, 2017 - 02:37 AM (IST)
ਸੰਗਰੂਰ(ਬੇਦੀ, ਵਿਵੇਕ ਸਿੰਧਵਾਨੀ, ਯਾਦਵਿੰਦਰ)—ਆਦਰਸ਼ ਸਕੂਲ ਅਧਿਆਪਕ ਯੂਨੀਅਨ (ਪੀ. ਪੀ. ਪੀ.) ਪੰਜਾਬ ਨੇ ਅਗਰਵਾਲ ਧਰਮਸ਼ਾਲਾ ਵਿਖੇ ਇਕ ਸੂਬਾ ਪੱਧਰੀ ਕਨਵੈਨਸ਼ਨ ਉਪਰੰਤ ਰੋਸ ਮਾਰਚ ਕੱਢਿਆ ਅਤੇ ਪ੍ਰਾਈਵੇਟ ਕੰਪਨੀਆਂ ਦਾ ਪੁਤਲਾ ਫੂਕਿਆ। ਆਗੂਆਂ ਨੇ ਦੱਸਿਆ ਕਿ ਇਹ ਪ੍ਰਦਰਸ਼ਨ ਸੂਬੇ 'ਚ ਸਰਕਾਰੀ ਸ਼ਹਿ 'ਤੇ ਫੈਲ ਰਹੀਆਂ ਕੰਪਨੀਆਂ ਦੇ ਵਿਰੋਧ 'ਚ ਕੀਤਾ ਗਿਆ ਹੈ।
ਕਾਰਜਕਾਰੀ ਮੈਂਬਰ ਅਤੁਲ ਗੁਪਤਾ, ਅੰਕਿਤ ਕਾਲੜਾ, ਸ਼ਮਸ਼ੇਰ ਸਿੰਘ, ਸੁਰਿੰਦਰਪਾਲ ਕੌਰ ਅਤੇ ਮਨਮੋਹਨ ਸਿੰਘ ਨੇ ਕਿਹਾ ਕਿ ਆਦਰਸ਼ ਸਕੂਲ 70:30 ਅਨੁਪਾਤ ਨਾਲ ਸਰਕਾਰੀ ਅਤੇ ਪ੍ਰਾਈਵੇਟ ਭਾਈਵਾਲੀ ਨਾਲ ਚੱਲ ਰਹੇ ਹਨ ਪਰ 70 ਫੀਸਦੀ ਹਿੱਸਾ ਸਰਕਾਰ ਦੁਆਰਾ ਪਾਉਣ ਦੇ ਬਾਵਜੂਦ ਨਾ ਤਾਂ ਇਨ੍ਹਾਂ ਸਕੂਲਾਂ ਦੇ ਪ੍ਰਬੰਧਕਾਂ ਤੇ ਸਰਕਾਰ ਵੱਲੋਂ ਕੋਈ ਚੈਕਿੰਗ ਕੀਤੀ ਜਾਂਦੀ ਹੈ ਅਤੇ ਨਾ ਹੀ ਇਨ੍ਹਾਂ ਦੀ ਕੋਈ ਸਰਕਾਰ ਪ੍ਰਤੀ ਜਵਾਬਦੇਹੀ ਤੈਅ ਹੈ। ਵੱਧ ਮਿਹਨਤ ਅਤੇ ਘੱਟ ਆਮਦਨ ਨਾਲ ਅਧਿਆਪਕਾਂ ਦਾ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਕਤ ਆਗੂਆਂ ਨੇ ਕਿਹਾ ਕਿ ਕੰਪਨੀਆਂ ਵੱਲੋਂ ਨਿਯੁਕਤ ਕੀਤੇ ਪਿੰ੍ਰਸੀਪਲ ਅਧਿਆਪਕਾਂ ਨੂੰ ਸਮੇਂ-ਸਮੇਂ 'ਤੇ ਸਕੂਲ ਵਿਚੋਂ ਕੱਢਣ ਅਤੇ ਬਰਖਾਸਤ ਕਰਨ ਦੀਆਂ ਧਮਕੀਆਂ ਸ਼ਰੇਆਮ ਦਿੰਦੇ ਹਨ। ਅਹੁਦੇ ਦੀ ਤਰੱਕੀ ਲਈ ਕਿਸੇ ਤਰ੍ਹਾਂ ਦੀ ਕੋਈ ਸੀਨੀਆਰਤਾ ਨਹੀਂ ਹੈ।
ਅਧਿਆਪਕਾਂ ਨੂੰ ਡਰਾਉਣ ਦੀ ਕੋਸ਼ਿਸ਼
ਆਦਰਸ਼ ਸਕੂਲ ਕਾਲੇਕੇ ਤੋਂ ਮਲਕੀਤ ਸਿੰਘ, ਗੰਢੂਆਂ ਤੋਂ ਜਸਵਿੰਦਰ ਕੌਰ ਅਤੇ ਬਾਲਦ ਖੁਰਦ ਤੋਂ ਭਗਵੰਤ ਸਿੰਘ ਨੇ ਦੱਸਿਆ ਕਿ 1 ਅਪ੍ਰੈਲ 2017 ਨੂੰ ਉਕਤ ਕੰਪਨੀ ਬਾਹਰ ਹੋ ਗਈ। ਇਸ ਦੌਰਾਨ ਸਕੂਲਾਂ ਨੂੰ ਚਲਾਉਣ ਦੀ ਸਾਰੀ ਜ਼ਿੰਮੇਵਾਰੀ ਅਧਿਆਪਕਾਂ ਨੇ ਮਾਪਿਆਂ ਦੇ ਸਹਿਯੋਗ ਨਾਲ ਨਿਭਾਈ ਪਰ 40 ਦਿਨਾਂ ਬਾਅਦ ਕੰਪਨੀ ਨੇ ਆ ਕੇ ਨਵੇਂ ਨਾਦਰਸ਼ਾਹੀ ਫਰਮਾਨ ਜਾਰੀ ਕਰਨੇ ਸ਼ੁਰੂ ਕਰ ਦਿੱਤੇ। ਮੁਲਾਜ਼ਮਾਂ ਨੂੰ ਇਕ ਨਵੀਂ ਤਨਖਾਹ ਸੂਚੀ ਭੇਜ ਕੇ ਉਸ ਨੂੰ ਮਨਜ਼ੂਰ ਕਰਨ ਲਈ ਕਿਹਾ ਗਿਆ ਅਤੇ ਇਹ ਧਮਕੀ ਦਿੱਤੀ ਕਿ ਜੇਕਰ ਇਸ ਤਨਖਾਹ ਸੂਚੀ 'ਤੇ ਦਸਤਖਤ ਨਾ ਕੀਤੇ ਗਏ ਤਾਂ ਨਵੀਆਂ ਭਰਤੀਆਂ ਬੰਦ ਕਰ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਨਵਾਂਗਰਾਂ ਸਕੂਲ ਦੇ ਚਾਰ ਅਧਿਆਪਕਾਂ ਨੂੰ ਸਕੂਲ ਕੈਂਪਸ ਤੋਂ ਦੂਰ ਰਹਿਣ ਦੀ ਈਮੇਲ ਭੇਜ ਕੇ ਬਾਕੀ ਅਧਿਆਪਕਾਂ ਵਿਚ ਦਹਿਸ਼ਤ ਪਾਈ ਗਈ ਤਾਂ ਜੋ ਅਧਿਆਪਕ ਕੋਈ ਜਥੇਬੰਦੀ ਬਣਾ ਕੇ ਆਪਣੇ ਜਾਇਜ਼ ਹੱਕ ਮੰਗਣ ਦੀ ਬਜਾਏ ਕੰਪਨੀ ਅੱਗੇ ਗੋਡੇ ਟੇਕ ਦੇਣ।
ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਆਦਰਸ਼ ਸਕੂਲਾਂ ਦੇ ਅਧਿਆਪਕਾਂ ਨੂੰ ਕੰਪਨੀਆਂ ਦੇ ਚੁੰਗਲ 'ਚੋਂ ਕੱਢ ਕੇ ਮਹਿਕਮੇ 'ਚ ਲਿਆ ਜਾਵੇ ਅਤੇ ਰੈਗੂਲਰ ਕੀਤਾ ਜਾਵੇ ਅਤੇ ਘਪਲਿਆਂ ਦੀ ਜਾਂਚ ਕਰਵਾਈ ਜਾਵੇ।
ਸੰਘਰਸ਼ ਦੀ ਹਮਾਇਤ
ਗੁਰਮੀਤ ਸਿੰਘ ਸੁਰਖਪੁਰ ਜ਼ਿਲਾ ਪ੍ਰਧਾਨ ਡੀ. ਟੀ. ਐੱਫ. ਬਰਨਾਲਾ, ਬਲਬੀਰ ਚੰਦ ਲੌਂਗੋਵਾਲ ਜ਼ਿਲਾ ਪ੍ਰਧਾਨ ਸੰਗਰੂਰ, ਸਵਰਨਜੀਤ ਸਿੰਘ ਸੂਬਾ ਜਨਰਲ ਸਕੱਤਰ ਡੀ. ਐੱਮ. ਐੱਫ., ਅਤਿੰਦਰਪਾਲ ਸਿੰਘ ਘੱਗਾ ਜ਼ਿਲਾ ਪ੍ਰਧਾਨ ਐੱਸ. ਐੱਸ. ਏ. ਰਮਸਾ ਪਟਿਆਲਾ, ਵਿਕਰਮ ਦੇਵ ਸਿੰਘ ਸੂਬਾ ਪ੍ਰੈੱਸ ਸਕੱਤਰ ਡੀ. ਐੱਮ. ਐੱਫ., ਵਿਸ਼ਵਕਾਂਤ ਸਟੇਟ ਕਮੇਟੀ ਮੈਂਬਰ, ਦਾਤਾ ਸਿੰਘ ਜ਼ਿਲਾ ਪ੍ਰੈੱਸ ਸਕੱਤਰ ਡੀ. ਟੀ. ਐੱਫ. ਸੰਗਰੂਰ, ਜੋਗਿੰਦਰ ਸਿੰਘ ਬਿੱਲਾ ਪਾਵਰਕਾਮ, ਡਾ. ਏ. ਐੱਸ. ਮਾਨ ਸਾਇੰਟਿਫਿਕ ਅਵੇਅਰਨੈੱਸ ਅਤੇ ਸੋਸ਼ਲ ਵੈੱਲਫੇਅਰ ਫੋਰਮ ਦੇ ਅਧਿਆਪਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਨ੍ਹਾਂ ਦੀਆਂ ਜਾਇਜ਼ ਮੰਗਾਂ ਲਈ ਵਿੱਢੇ ਸੰਘਰਸ਼ 'ਚ ਸਾਥ ਦੇਣਗੇ।
